ਸਿਡਨੀ/ਬਿਊਰੋ ਨਿਊਜ਼ : ਆਸਟਰੇਲੀਆ ਸਰਕਾਰ ਪਹਿਲੀ ਜੁਲਾਈ ਤੋਂ ਇਮੀਗ੍ਰੇਸ਼ਨ ਨੀਤੀ ਵਿੱਚ ਨਵੀਆਂ ਤਬਦੀਲੀਆਂ ਲਾਗੂ ਕਰ ਰਹੀ ਹੈ। ਇਸ ਵਾਰ ਨੀਤੀ ਦੇ ਕੇਂਦਰ ‘ਚ ਹੁਨਰਮੰਦ ਲੋਕਾਂ ਨੂੰ ਤਰਜੀਹ ਦੇਣਾ, ਵੀਜ਼ਾ ਪ੍ਰਣਾਲੀ ਸਖ਼ਤ ਕਰਨਾ ਅਤੇ ਫੀਸਾਂ ਵਿੱਚ ਵਾਧਾ ਕਰਨਾ ਸ਼ਾਮਲ ਹੈ।
ਸਰਕਾਰ ਨੇ ਹੁਨਰ ਆਧਾਰਿਤ ਸਪਾਂਸਰ ਵੀਜ਼ਿਆਂ ਲਈ ਘੱਟੋ-ਘੱਟ ਸਾਲਾਨਾ ਤਨਖ਼ਾਹ ਹੱਦ 76,515 ਆਸਟਰੇਲਿਆਈ ਡਾਲਰ ਤੋਂ ਵਧਾ ਕੇ 79,499 ਡਾਲਰ ਕਰਨ ਦਾ ਐਲਾਨ ਕੀਤਾ ਹੈ।
ਵਿਸ਼ੇਸ਼ ਹੁਨਰ ਵਾਲਿਆਂ ਲਈ ਇਹ ਹੱਦ 141,210 ਡਾਲਰ ਤੋਂ ਵਧਾ ਕੇ 146,717 ਡਾਲਰ ਕੀਤੀ ਗਈ ਹੈ। ਜੁਲਾਈ ਤੋਂ ਕਈ ਵੀਜ਼ਾ ਫੀਸਾਂ ਵਿੱਚ ਵੀ ਵਾਧਾ ਹੋਵੇਗਾ। ਵਿਦਿਆਰਥੀ ਵੀਜ਼ਾ ਫੀਸ 1600 ਡਾਲਰ ਤੋਂ ਵਧ ਕੇ ਕਰੀਬ 2000 ਡਾਲਰ ਹੋ ਸਕਦੀ ਹੈ, ਜਦਕਿ ਵਿਜ਼ਟਰ ਵੀਜ਼ਾ, ਪਾਰਟਨਰ ਵੀਜ਼ਾ ਅਤੇ ਹੁਨਰ ਆਧਾਰਿਤ ਵੀਜ਼ਿਆਂ ਦੀਆਂ ਫੀਸਾਂ ਵਿੱਚ ਵੀ ਸਾਲਾਨਾ ਮਹਿੰਗਾਈ ਅਨੁਸਾਰ ਵਾਧਾ ਹੋਣ ਦੀ ਸੰਭਾਵਨਾ ਹੈ।
ਪਾਰਟਨਰ ਵੀਜ਼ਾ ਪਹਿਲਾਂ ਹੀ ਦੁਨੀਆ ਦੇ ਸਭ ਤੋਂ ਮਹਿੰਗੇ ਵੀਜ਼ਿਆਂ ਵਿੱਚ ਸ਼ੁਮਾਰ ਹੈ, ਜਿਸ ਦੀ ਫ਼ੀਸ 9000 ਡਾਲਰ ਤੋਂ ਵੱਧ ਹੈ। ਸਰਕਾਰੀ ਅੰਕੜਿਆਂ ਮੁਤਾਬਕ ਸਾਲ 2024-25 ਲਈ ਸਥਾਈ ਮਾਈਗ੍ਰੇਸ਼ਨ ਪ੍ਰੋਗਰਾਮ ਹੇਠ 185,000 ਥਾਵਾਂ ਰੱਖੀਆਂ ਗਈਆਂ ਸਨ। ਪਰਵਾਸੀਆਂ ਦੀ ਵਧਦੀ ਗਿਣਤੀ ਨਾਲ ਘਰਾਂ ਦੀ ਕਮੀ ਪੈਦਾ ਹੋਈ ਹੈ ਅਤੇ ਕਿਰਾਏ ਵਧੇ ਹਨ। ਮੁਕਾਮੀ ਲੋਕ ਚਾਹੁੰਦੇ ਹਨ ਕਿ ਇਮੀਗ੍ਰੇਸ਼ਨ ਦਾ ਸੰਤੁਲਣ ਕਾਇਮ ਰਹੇ।
ਆਸਟਰੇਲੀਆ ਦੀ ਇਮੀਗ੍ਰੇਸ਼ਨ ਨੀਤੀ ਪਹਿਲੀ ਜੁਲਾਈ ਤੋਂ ਬਦਲੇਗੀ
RELATED ARTICLES

