9ਵੀਂ ਮੰਜ਼ਿਲ ਤੋਂ ਨੋਟਾਂ ਨਾਲ ਭਰੇ ਬੈਗ ਹੇਠਾਂ ਸੁੱਟੇ – ਹਵਾ ‘ਚ ਉਡੇ ਨੋਟ
ਚੰਡੀਗੜ੍ਹ/ਬਿਊਰੋ ਨਿਊਜ਼ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀਰਵਾਰ ਨੂੰ ਪੰਜਾਬ ਦੇ ਦੋ ਰੀਅਲ ਅਸਟੇਟ ਗਰੁੱਪਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਇਹ ਕਾਰਵਾਈ ਫਰਜ਼ੀ ਤਰੀਕੇ ਨਾਲ ਚੇਂਜ ਆਫ ਲੈਂਡ ਯੂਜ਼ (ਸੀਐਲਯੂ) ਹਾਸਲ ਕਰਨ ਅਤੇ ਜ਼ਮੀਨ ਮਾਲਕਾਂ ਅਤੇ ਗ੍ਰਾਹਕਾਂ ਦੇ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿਚ ਕੀਤੀ ਗਈ। ਤਲਾਸ਼ੀ ਦੇ ਦੌਰਾਨ ਵੱਖ-ਵੱਖ ਥਾਵਾਂ ਤੋਂ ਕਰੀਬ 1 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਈਡੀ ਦੀ ਜਾਂਚ ਵਿਚ ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਮੰਤਰੀ ਅਮਨ ਅਰੋੜਾ ਦਾ ਨਾਮ ਵੀ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਅਰੋੜਾ ਨੇ ਸਫਾਈ ਵੀ ਦਿੱਤੀ ਹੈ। ਸਵੇਰੇ ਈਡੀ ਦੀ ਟੀਮ ਮੋਹਾਲੀ ਨੇੜੇ ਖਰੜ ਵਿਚ ਵੈਸਟਰਨ ਟਾਵਰ ਸੋਸਾਇਟੀ ਵਿਚ ਆਈਟੀ ਸੈਕਟਰ ਵਿਚ ਕੰਮ ਕਰਨ ਵਾਲੇ ਕਾਰੋਬਾਰੀ ਦੇ ਘਰ ਪਹੁੰਚੀ। ਈਡੀ ਨੂੰ ਆਉਂਦਿਆਂ ਦੇਖ ਕੇ ਫੜੇ ਜਾਣ ਦੇ ਡਰੋਂ ਰਿਹਾਇਸ਼ੀ ਟਾਵਰ ਦੀ 9ਵੀਂ ਮੰਜ਼ਿਲ ਤੋਂ ਨੋਟਾਂ ਨਾਲ ਭਰੇ ਦੋ ਬੈਗ ਹੇਠਾਂ ਸੁੱਟ ਦਿੱਤੇ ਗਏ। ਇਨ੍ਹਾਂ ਬੈਗਾਂ ਵਿਚ 500-500 ਰੁਪਏ ਦੇ ਨੋਟਾਂ ਦੇ ਬੰਡਲ ਭਰੇ ਹੋਏ ਸਨ। ਹੇਠਾਂ ਉਨ੍ਹਾਂ ਦਾ ਡਰਾਈਵਰ ਖੜ੍ਹਾ ਸੀ। ਇਨ੍ਹਾਂ ਵਿਚੋਂ ਇਕ ਬੈਗ ਹੇਠਾਂ ਡਿੱਗਦੇ ਹੀ ਫਟ ਗਿਆ ਅਤੇ ਜਿਸ ਵਿਚੋਂ ਕੁਝ ਨੋਟ ਹਵਾ ਵਿਚ ਉਡਦੇ ਹੋਏ ਖਿੱਲਰ ਗਏ। ਇਕ ਬੈਗ ਨੂੰ ਉਥੇ ਖੜ੍ਹਾ ਡਰਾਈਵਰ ਗੱਡੀ ਵਿਚ ਲੈ ਕੇ ਭੱਜ ਗਿਆ। ਈਡੀ ਦੀ ਟੀਮ ਨੇ ਉਸਦਾ ਪਿੱਛਾ ਵੀ ਕੀਤਾ, ਪਰ ਉਹ ਭੱਜ ਗਿਆ।
ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪੰਜਾਬ ਤੇ ਚੰਡੀਗੜ੍ਹ ‘ਚ ਮਾਰੇ ਛਾਪਿਆਂ ਦੌਰਾਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦੇ ਨਾਮ ਦੀ ਗੂੰਜ ਪਈ ਹੈ। ਪੰਜਾਬ ‘ਚ ਤਲਾਸ਼ੀ ਮੁਹਿੰਮਾਂ ਦੌਰਾਨ ਈਡੀ ਤਰਫ਼ੋਂ ਜਾਰੀ ਕੀਤੇ ਬਿਆਨ ਵਿਚ ‘ਆਪ’ ਦੇ ਪ੍ਰਧਾਨ ਅਮਨ ਅਰੋੜਾ ਦਾ ਨਾਮ ਲਿਆ ਗਿਆ ਹੈ। ਈਡੀ ਵੱਲੋਂ ਕਿਹਾ ਗਿਆ ਹੈ ਕਿ ਗੌਰਵ ਧੀਰ ਨਾਮ ਦੇ ਬਿਲਡਰ ‘ਤੇ ਛਾਪੇਮਾਰੀ ਕੀਤੀ ਗਈ ਜੋ ਅਮਨ ਅਰੋੜਾ ਦਾ ਕਰੀਬੀ ਸਾਥੀ ਹੈ। ਗੌਰਵ ਧੀਰ ‘ਆਪ’ ਆਗੂ (ਅਮਨ ਅਰੋੜਾ) ਦਾ ਕਰੀਬੀ ਸਾਥੀ ਹੈ। ਈ ਡੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਦੋ ਵਿਚੋਲਿਆਂ ਨਿਤਿਨ ਅਤੇ ਪ੍ਰਿਤਪਾਲ ਸਿੰਘ ਢੀਂਡਸਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਨੇ ਸਿਆਸੀ ਸਰਪ੍ਰਸਤੀ ਦੇਣ ‘ਚ ਮਦਦ ਕੀਤੀ। ਇਨ੍ਹਾਂ ਪ੍ਰਾਈਵੇਟ ਵਿਅਕਤੀਆਂ ਤੋਂ ਕਈ ਦਸਤਾਵੇਜ਼ ਬਰਾਮਦ ਕੀਤੇ ਗਏ ਹਨ ਜੋ ਪੰਜਾਬ ਸਰਕਾਰ ਦੇ ਕੰਮ ਕਾਜ ਵਿੱਚ ਇਨ੍ਹਾਂ ਨਿੱਜੀ ਵਿਅਕਤੀਆਂ ਦੀ ਦਖ਼ਲਅੰਦਾਜ਼ੀ ਦਾ ਸੰਕੇਤ ਦਿੰਦੇ ਹਨ।

