ਮਾਸਕੋ : ਰੂਸ ਦੀ ਸਰਕਾਰ ਇਕ ਨਵਾਂ ਕਾਨੂੰਨ ਲਿਆਉਣ ਜਾ ਰਹੀ ਹੈ। ਇਸ ਕਾਨੂੰਨ ਦੇ ਤਹਿਤ ਦੇਸ਼ ਵਿਚ ਬੱਚਾ ਨਾ ਪੈਦਾ ਕਰਨ ਦੇ ਲਈ ਜਾਣਕਾਰੀ ਦੇਣ ‘ਤੇ ਪਾਬੰਦੀ ਹੋਵੇਗੀ। ਇਸਦੇ ਚੱਲਦਿਆਂ ਕਿਸੇ ਵੀ ਸ਼ੋਸ਼ਲ ਮੀਡੀਆ ਪਲੇਟਫਾਰਮ ‘ਤੇ ਅਜਿਹਾ ਕੋਈ ਵੀ ਕੰਟੈਂਟ ਨਹੀਂ ਚਲਾਇਆ ਜਾ ਸਕੇਗਾ, ਜੋ ਲੋਕਾਂ ਨੂੰ ਬੱਚੇ ਪੈਦਾ ਕਰਨ ਤੋਂ ਰੋਕਦਾ ਹੋਵੇ। ਰੂਸ ਦੀ ਸੰਸਦ ਦੇ ਹੇਠਲੇ ਸਦਨ ਸਟੇਟ ਡਿਊਮਾ ਨੇ 12 ਨਵੰਬਰ ਨੂੰ ਇਸ ਨਾਲ ਜੁੜੇ ਮਤੇ ਨੂੰ ਪਾਸ ਵੀ ਕਰ ਦਿੱਤਾ ਹੈ। ਹੁਣ ਇਸ ਮਤੇ ਨੂੰ 20 ਨਵੰਬਰ ਨੂੰ ਉਪਰਲੇ ਸਦਨ ਵਿਚ ਪੇਸ਼ ਕੀਤਾ ਜਾਵੇਗਾ। ਉਪਰਲੇ ਸਦਨ ਵਿਚੋਂ ਪਾਸ ਹੋਣ ਤੋਂ ਬਾਅਦ ਇਸ ਮਤੇ ਨੂੰ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਮਨਜੂਰੀ ਲਈ ਭੇਜਿਆ ਜਾਵੇਗਾ ਅਤੇ ਪੂਤਿਨ ਦੀ ਮਨਜੂਰੀ ਮਿਲਣ ਤੋਂ ਬਾਅਦ ਇਹ ਕਾਨੂੰਨ ਅਮਲ ਵਿਚ ਆ ਜਾਵੇਗਾ। ਧਿਆਨ ਰਹੇ ਕਿ ਰੂਸ ਆਪਣੀ ਲਗਾਤਾਰ ਘਟ ਰਹੀ ਆਬਾਦੀ ਤੋਂ ਪ੍ਰੇਸ਼ਾਨ ਹੈ ਅਤੇ ਇਸ ਨੂੰ ਦੇਖਦਿਆਂ ਹੀ ਅਜਿਹਾ ਫੈਸਲਾ ਲਿਆ ਜਾ ਰਿਹਾ ਹੈ।