ਇਹ ਸਮਝੌਤਾ ਆਰਥਿਕ ਸਾਂਝ ਨੂੰ ਹੋਰ ਮਜ਼ਬੂਤ ਕਰੇਗਾ : ਪੀਐਮ ਕਾਰਨੀ
ਟੋਰਾਂਟੋ/ਬਿਊਰੋ ਨਿਊਜ਼ : ਏਅਰਬੱਸ ਕੈਨੇਡਾ ਨੇ ਮਲੇਸ਼ੀਆ ਦੀ ਘੱਟ-ਖਰਚ ਵਾਲੀ ਏਅਰਲਾਈਨ ਏਅਰਏਸ਼ੀਆ ਨਾਲ 150 ਏ220 ਜਹਾਜ਼ਾਂ ਦੀ ਸਪਲਾਈ ਲਈ ਅਰਬਾਂ ਡਾਲਰ ਦਾ ਵੱਡਾ ਸਮਝੌਤਾ ਕੀਤਾ ਹੈ। ਇਹ ਜਹਾਜ਼ ਕਿਊਬੈਕ ਦੇ ਮਿਰਾਬੇਲ ਪਲਾਂਟ ਵਿੱਚ ਤਿਆਰ ਕੀਤੇ ਜਾਣਗੇ। ਇਹ ਏ220 ਜਹਾਜ਼ਾਂ ਲਈ ਕੰਪਨੀ ਦੇ ਇਤਿਹਾਸ ਦਾ ਸਭ ਤੋਂ ਵੱਡਾ ਇਕੱਲਾ ਆਰਡਰ ਮੰਨਿਆ ਜਾ ਰਿਹਾ ਹੈ। ਇਹ ਜਹਾਜ਼ ਪਹਿਲਾਂ ਬੰਬਾਰਡੀਅਰ ਦੇ ਸੀ ਸੀਰੀਜ਼ ਪ੍ਰੋਗਰਾਮ ਦਾ ਹਿੱਸਾ ਸਨ, ਜਿਸ ਨੂੰ 2018 ਵਿੱਚ ਏਅਰਬਸ ਨੇ ਖਰੀਦ ਕੇ ਏ220 ਨਾਮ ਦਿੱਤਾ ਸੀ। ਐਲਾਨ ਸਮੇਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਅਮਰੀਕਾ ਤੋਂ ਇਲਾਵਾ ਹੋਰ ਦੇਸ਼ਾਂ ਨਾਲ ਵਪਾਰਕ ਸਬੰਧ ਮਜ਼ਬੂਤ ਕਰਨ ਦੀ ਮਹੱਤਤਾ ਦਰਸਾਉਂਦਾ ਹੈ। ਕਾਰਨੀ ਨੇ ਕਿਹਾ ਕਿ ਇਹ ਸਮਝੌਤਾ ਕੈਨੇਡਾ ਅਤੇ ਦੱਖਣ-ਪੂਰਬੀ ਏਸ਼ੀਆ ਦੇ ਦੇਸ਼ਾਂ ਵਿਚਕਾਰ ਆਰਥਿਕ ਸਾਂਝ ਨੂੰ ਹੋਰ ਮਜ਼ਬੂਤ ਕਰੇਗਾ। ਤੁਸੀਂ ਕੈਨੇਡੀਅਨ ਮਜ਼ਦੂਰਾਂ ਅਤੇ ਕਿਊਬੈਕ ‘ਤੇ ਭਰੋਸਾ ਜਤਾਇਆ ਹੈ । ਏਅਰਏਸ਼ੀਆ ਦੇ ਸੀਈਓ ਟੋਨੀ ਫਰਨਾਂਡੇਜ਼ ਨੇ ਵੀ ਇਸ ਸਮਝੌਤੇ ਨੂੰ ਏਅਰਏਸ਼ੀਆ ਦੇ ਭਵਿੱਖ ਲਈ ਮਹੱਤਵਪੂਰਨ ਕਦਮ ਦੱਸਿਆ। ਹਾਲਾਂਕਿ, ਪਿਛਲੇ ਕੁਝ ਸਾਲਾਂ ਤੋਂ ਏਅਰਬਸ ਦੇ ਮਾਂਟਰੀਅਲ ਨੇੜਲੇ ਪਲਾਂਟ ਨੂੰ ਉਤਪਾਦਨ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇੰਜਨਾਂ ਅਤੇ ਹੋਰ ਪੁਰਜ਼ਿਆਂ ਦੀ ਘਾਟ ਕਾਰਨ ਕੰਪਨੀ ਉਮੀਦ ਮੁਤਾਬਕ ਜਹਾਜ਼ ਤਿਆਰ ਨਹੀਂ ਕਰ ਸਕੀ। ਫਿਰ ਵੀ, ਮਾਹਰਾਂ ਦਾ ਮੰਨਣਾ ਹੈ ਕਿ 150 ਜਹਾਜ਼ਾਂ ਦਾ ਇਹ ਆਰਡਰ ਕਿਊਬੈਕ ਦੀ ਹਵਾਈ ਉਦਯੋਗ ਲਈ ਵੱਡੀ ਕਾਮਯਾਬੀ ਹੈ ਅਤੇ ਇਸ ਨਾਲ ਕਈ ਨਵੀਆਂ ਨੌਕਰੀਆਂ ਅਤੇ ਨਿਵੇਸ਼ ਦੇ ਮੌਕੇ ਬਣ ਸਕਦੇ ਹਨ।

