ਰਣਜੀਤ ਸਿੰਘ ਢੱਡਰੀਆਂ ਵਾਲਿਆਂ ਕੋਲੋਂ ਕੋਟਕਪੂਰਾ ਗੋਲੀਕਾਂਡ ਮਾਮਲੇ ’ਚ ਹੋਈ ਸੀ ਪੁੱਛਗਿੱਛ
ਚੰਡੀਗੜ੍ਹ/ਬਿਊਰੋ ਨਿਊਜ਼
ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਕੋਲੋਂ ਵੀ ਕੋਟਕਪੂਰਾ ਗੋਲੀਕਾਂਡ ਮਾਮਲੇ ’ਚ ਐਸਆਈਟੀ ਨੇ ਪਟਿਆਲਾ ’ਚ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਢੱਡਰੀਆਂ ਵਾਲਿਆਂ ਨੇ ਗੁਰਦੁਆਰਾ ਪ੍ਰਮੇਸ਼ਵਰ ਦਵਾਰ ਵਿਖੇ ਪਹੁੰਚ ਕੇ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਸੰਗਤ ’ਤੇ ਲਾਠੀਚਾਰਜ ਦਾ ਫੈਸਲਾ ਇਕੱਲੇ ਪ੍ਰਸ਼ਾਸਨ ਦਾ ਨਹੀਂ ਹੋ ਸਕਦਾ। ਢੱਡਰੀਆਂ ਵਾਲਿਆਂ ਨੇ ਕਿਹਾ ਕਿ ਮੈਂ ਜਾਂਚ ਟੀਮ ਨੂੰ ਕਹਿ ਕੇ ਆਇਆਂ ਹਾਂ ਕਿ ਜੇਕਰ ਪੱਤਾ ਵੀ ਹਿਲਦਾ ਹੈ ਤਾਂ ਵੀ ਸਰਕਾਰ ਨੂੰ ਪਤਾ ਹੁੰਦਾ ਹੈ। ਇਹ ਤਾਂ ਮਾਮਲਾ ਹੀ ਵੱਡਾ ਸੀ ਅਤੇ ਸਾਰਾ ਪੰਜਾਬ ਬੰਦ ਹੋ ਗਿਆ ਸੀ। ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਕੋਟਕਪੂਰਾ ਵਿਚ ਸੰਗਤ ਸ਼ਾਂਤਮਈ ਤਰੀਕੇ ਨਾਲ ਪਾਠ ਰਹੀ ਸੀ ਅਤੇ ਪੁਲਿਸ ਨੇ ਸੰਗਤ ’ਤੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਦਾਗੇ ਗਏ ਸਨ। ਉਨ੍ਹਾਂ ਕਿਹਾ ਕਿ ਇਹ ਸੰਭਵ ਨਹੀਂ ਕਿ ਸਰਕਾਰ ਚਲਾ ਰਹੇ ਵੱਡੇ ਆਗੂਆਂ ਅਤੇ ਅਫਸਰਾਂ ਨੂੰ ਕੁਝ ਵੀ ਪਤਾ ਨਾ ਹੋਵੇ। ਉਨ੍ਹਾਂ ਕਿਹਾ ਕਿ ਜਿਸ ਘਟਨਾ ਦੀ ਗੂੰਜ ਪੂਰੀ ਦੁਨੀਆ ਵਿਚ ਪਈ ਹੋਵੇ, ਕੀ ਉਸ ਬਾਰੇ ਸਰਕਾਰ ਨੂੰ ਪਤਾ ਨਹੀਂ ਸੀ। ਢੱਡਰੀਆਂ ਵਾਲਿਆਂ ਨੇ ਕਿਹਾ ਮੌਕੇ ਦੀ ਸਰਕਾਰ ਨੂੰ ਸਭ ਕੁਝ ਪਤਾ ਸੀ, ਹੁਣ ਭਾਵੇਂ ਉਹ ਮੁੱਕਰ ਜਾਣ। ਧਿਆਨ ਰਹੇ ਕਿ ਜਦੋਂ ਕੋਟਕਪੂਰਾ ਵਿਚ ਗੋਲੀਕਾਂਡ ਦੀ ਘਟਨਾ ਵਾਪਰੀ, ਉਸ ਸਮੇਂ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਅਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ। ਢੱਡਰੀਆਂ ਵਾਲਿਆਂ ਨੇ ਨਵੀਂ ਜਾਂਚ ਤੋਂ ਆਸ ਕੀਤੀ ਕਿ ਇਹ ਜ਼ਰੂਰ ਕਿਸੇ ਸਿੱਟੇ ’ਤੇ ਪਹੁੰਚੇਗੀ। ਜ਼ਿਕਰਯੋਗ ਹੈ ਕਿ ਜਿਸ ਸਮੇਂ ਕੋਟਕਪੂਰਾ ਗੋਲੀ ਕਾਂਡ ਵਾਪਰਿਆ ਸੀ ਉਸ ਸਮੇਂ ਸਿੱਖ ਸੰਗਤਾਂ ਵੱਲੋਂ ਲਗਾਏ ਗਏ ਸ਼ਾਂਤਮਈ ਧਰਨੇ ਦੀ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਪੰਥਪ੍ਰੀਤ ਸਿੰਘ ਅਗਵਾਈ ਕਰ ਰਹੇ ਸਨ। ਧਿਆਨ ਰਹੇ ਕਿ ਕੋਟਕਪੂਰਾ ਗੋਲੀਕਾਂਡ ਮਾਮਲੇ ’ਚ ਐਸਆਈਟੀ ਨੇ ਪੰਥਪ੍ਰੀਤ ਸਿੰਘ ਕੋਲੋਂ ਵੀ ਪੁੱਛਗਿੱਛ ਕੀਤੀ ਸੀ। ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ।