Breaking News
Home / ਪੰਜਾਬ / ਗੁਰਨਾਮ ਕੰਵਰ ਹੁਰਾਂ ਵੱਲੋਂ ਪੰਜਾਬੀ ‘ਚ ਅਨੁਵਾਦਤ ਕਿਤਾਬ ‘ਜਿਨਾਹ ਬਨਾਮ ਗਾਂਧੀ’ ਦਾ ਲੋਕ ਅਰਪਣ

ਗੁਰਨਾਮ ਕੰਵਰ ਹੁਰਾਂ ਵੱਲੋਂ ਪੰਜਾਬੀ ‘ਚ ਅਨੁਵਾਦਤ ਕਿਤਾਬ ‘ਜਿਨਾਹ ਬਨਾਮ ਗਾਂਧੀ’ ਦਾ ਲੋਕ ਅਰਪਣ

logo-2-1-300x105-3-300x105ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਰੋਡਰਿਕ ਮੈਥਿਊਜ਼ ਦੀ ਲਿਖੀ ਕਿਤਾਬ ‘ਜਿਨਾਹ ਬਨਾਮ ਗਾਂਧੀ’ ਦਾ ਪੰਜਾਬੀ ਅਨੁਵਾਦ ਜੋ ਕਿ ਗੁਰਨਾਮ ਕੰਵਰ ਹੁਰਾਂ ਵੱਲੋਂ ਕੀਤਾ ਗਿਆ ਹੈ, ਉਸ ਨੂੰ ਲੋਕ ਅਰਪਣ ਕੀਤਾ ਗਿਆ।
‘ਜਿਨਾਹ ਬਨਾਮ ਗਾਂਧੀ’ ਕਿਤਾਬ ‘ਤੇ ਸਟੀਕ ਟਿੱਪਣੀਆਂ ਕਰਦਿਆਂ ਹੋਇਆਂ ਡਾ. ਸਰਬਜੀਤ ਸਿੰਘ ਨੇ ਆਖਿਆ ਕਿ ਪਾਕਿਸਤਾਨ ਦੇ ਲਈ ਜਿਨਾਹ ਜੇ ਹੀਰੋ ਹੈ ਤਾਂ ਗਾਂਧੀ ਵਿਲਨ ਤੇ ਭਾਰਤ ਦੇ ਲਈ ਗਾਂਧੀ ਜੇ ਆਦਰਸ਼ ਹੈ ਤਾਂ ਜਿਨਾਹ ਇਕ ਵਿਲਨ ਹੈ। ਉਨ੍ਹਾਂ ਆਖਿਆ ਕਿ ਅੱਜ ਸਾਡੇ ਸਾਹਮਣੇ ਮੌਜੂਦਾ ਪ੍ਰਸਿਥਤੀਆਂ ਵਿਚ ਵੀ ਇਹ ਸਵਾਲ ਬਹੁਤ ਵੱਡਾ ਖੜ੍ਹਾ ਹੈ ਕਿ ਸਾਨੂੰ ਜਿਨਾਹ ਦੀ ਲੋੜ ਹੈ ਜਾਂ ਗਾਂਧੀ ਦੀ। ਫਿਰ ਸਰਬਜੀਤ ਖੁਦ ਹੀ ਜਵਾਬ ਦਿੰਦੇ ਹਨ ਕਿ ਮੈਂ ਤਾਂ ਇਸ ਮਾਮਲੇ ‘ਚ ਸਪੱਸ਼ਟ ਹਾਂ ਕਿ ਸਾਨੂੰ ਗਾਂਧੀ ਦੀ ਲੋੜ ਹੈ ਨਾ ਕਿ ਜਿਨਾਹ ਦੀ। ਪਰ ਨਾਲ ਹੀ ਡਾ. ਸਰਬਜੀਤ ਸੁਚੇਤ ਵੀ ਕਰਦੇ ਹਨ ਕਿ 1947 ਦੀ ਵੰਡ ਨੂੰ ਦੁਬਾਰਾ ਨਾਲ ਦੁਹਰਾ ਲਿਆ ਜਾਵੇ ਕਿਉਂਕਿ ਵੰਡ ਦਾ ਸੰਤਾਪ ਤਾਂ ਪੰਜਾਬ ਨੂੰ ਭੋਗਣਾ ਪਿਆ ਹੈ। ਇਸ ਮੌਕੇ ‘ਤੇ ਮੁੱਖ ਵਕਤਾ  ਪ੍ਰੋ. ਹਰਕਿਸ਼ਨ ਸਿੰਘ ਮਹਿਤਾ ਨੇ ਤਾਜੀਆਂ ਘਟਨਾਕ੍ਰਮਾਂ ਵਿਚੋਂ ਉਦਾਹਰਨਾਂ ਦੇ ਹਵਾਲੇ ਨਾਲ ਆਪਣਾ ਪੱਖ ਰੱਖਿਆ। ਕਿਤਾਬ ਨੂੰ ਸਿਰੀ ਰਾਮ ਅਰਸ਼ ਨੇ ਇਸ ਯੁੱਗ ਦੀ ਮਹੱਤਵਪੂਰਨ ਕਿਤਾਬ ਕਰਾਰ ਦਿੱਤਾ। ਜਦੋਂ ਕਿ ਡਾ.  ਜੋਗਿੰਦਰ ਹੁਰਾਂ ਨੇ ਇਸ ਨੂੰ ਇਤਿਹਾਸਕ ਕਿਤਾਬ ਦੱਸਿਆ।
ਇਸ ਮੌਕੇ ‘ਤੇ ਦੀਪਕ ਸ਼ਰਮਾ ਚਨਾਰਥਲ ਹੁਰਾਂ ਨੇ ਕਿਤਾਬ ਦੇ ਹਵਾਲੇ ਨਾਲ ਗਾਂਧੀ ਅਤੇ ਜਿਨਾਹ ਦੀ ਤੁਲਨਾ ਕਰਦਿਆਂ ਕਿਹਾ ਕਿ ਜਿਨਾਹ ਜਿੱਥੇ ਵੰਡ ਵਿਚੋਂ ਆਪਣੀ ਜਿੱਤ ਦੇਖਣ ਲੱਗ ਪਿਆ ਸੀ ਉਥੇ ਗਾਂਧੀ ਨਿੱਜੀ ਤੌਰ ‘ਤੇ ਵੰਡ ਦੇ ਹੱਕ ਵਿਚ ਨਹੀਂ ਸੀ ਪਰ ਸੱਚਾਈ ਇਹ ਵੀ ਹੈ ਕਿ 1947 ਦੇ ਆਉਂਦੇ ਆਉਂਦੇ ਦੋਵੇਂ ਆਗੂਆਂ ਦਾ ਕੰਟਰੋਲ ਰਾਜਨੀਤਿਕ ਏਜੰਡੇ ਉਤੋਂ ਖਤਮ ਹੋ ਗਿਆ ਸੀ।
ਸਮਾਗਮ ਦੇ ਆਖਰ ਵਿਚ ਅਨੁਵਾਦਤ ਕਿਤਾਬ ਦੇ ਲੇਖਕ ਗੁਰਨਾਮ ਕੰਵਰ ਹੁਰਾਂ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਮੈਨੂੰ ਕਿਤਾਬ ਵਿਚ ਕਿਤਾਬ ਦਾ ਮੂਲ ਲੇਖਕ ਨਾ ਗਾਂਧੀ ਪੱਖੀ ਲੱਗਿਆ ਨਾ ਜਿਨਾਹ ਪੱਖੀ, ਹਾਂ ਉਸ ਦਾ ਉਲਾਰ ਥੋੜ੍ਹਾ ਜਿਹਾ ਅੰਗਰੇਜ਼ਾਂ ਪੱਖੀ ਜ਼ਰੂਰ ਰਿਹਾ। ਗੁਰਨਾਮ ਕੰਵਰ ਹੁਰਾਂ ਨੇ ਪੰਜਾਬੀ ਲੇਖਕ ਸਭਾ ਦੇ ਨਾਲ-ਨਾਲ ਆਏ ਹੋਏ ਮਹਿਮਾਨਾਂ, ਵੱਖੋ-ਵੱਖ ਅਹੁਦੇਦਾਰਾਂ, ਕਵੀਆਂ ਅਤੇ ਲੇਖਕਾਂ ਦਾ ਉਚੇਚਾ ਧੰਨਵਾਦ ਕੀਤਾ।
ਇਸ ਮੌਕੇ ‘ਤੇ ਸਾਹਿਤ ਅਕਾਦਮੀ ਦੇ ਪ੍ਰਧਾਨ ਸੁਖਦੇਵ ਸਿੰਘ ਸਿਰਸਾ ਨੇ ਵੀ ਵਡਮੁੱਲੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਵੱਡੀ ਗਿਣਤੀ ਵਿਚ ਕਵੀ, ਲੇਖਕ, ਸਾਹਿਤਕਾਰ, ਬੁੱਧੀਜੀਵੀ ਅਤੇ ਸਰੋਤੇ ਹਾਜ਼ਰ ਸਨ।

Check Also

ਭਾਜਪਾ ਆਗੂ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ’ਚ ਸ਼ਾਮਲ

ਸਾਬਕਾ ਮੰਤਰੀ ਵਿਜੇ ਸਾਂਪਲਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਰੌਬਿਨ ਸਾਂਪਲਾ ਜਲੰਧਰ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ …