ਭਗਵੰਤ ਮਾਨ ਨੂੰ ਹਰਿਆਣਾ ਨਾਲ ਐਸਵਾਈਐਲ ਸਬੰਧੀ ਕੋਈ ਮੀਟਿੰਗ ਨਾ ਕਰਨ ਦੀ ਅਪੀਲ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਸਤਲੁਜ ਯਮੁਨਾ ਲਿੰਕ (ਐੱਸਵਾਈਐੱਲ) ਨਹਿਰ ਰਾਹੀਂ ਹਰਿਆਣਾ ਨੂੰ ਪਾਣੀ ਦੇਣ ਦੀ ਵਕਾਲਤ ਕਰਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਨ੍ਹਾਂ ਦੇ ਬਿਆਨ ਦੀ ਤਾਈਦ ਕਰਨ ਦੀ ਨਿਖੇਧੀ ਕੀਤੀ ਹੈ। ਚੰਡੀਗੜ੍ਹ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕਿਵੇਂ ਕੇਜਰੀਵਾਲ ਹਰਿਆਣਾ ਵਿੱਚ ਚੋਣ ਹਿੱਤਾਂ ਖਾਤਰ ਪੰਜਾਬ ਦੇ ਹਿੱਤ ਵੇਚਣ ਵਾਸਤੇ ਤਿਆਰ ਹਨ ਤੇ ਭਗਵੰਤ ਮਾਨ ਆਪਣੀ ਕੁਰਸੀ ਬਚਾਉਣ ਲਈ ਪੰਜਾਬ ਦੇ ਹਿੱਤ ਕੁਰਬਾਨ ਕਰਨ ਵਾਸਤੇ ਤਿਆਰ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਦਾ ਮਾਣ ਸਨਮਾਨ ਘਟਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਮਾਨ ਨੇ ਕੇਜਰੀਵਾਲ ਦੇ ਬਿਆਨ ਦੀ ਤਾਈਦ ਕੀਤੀ, ਉਹ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਕਦੇ ਇਹ ਸੋਚ ਵੀ ਨਹੀਂ ਸਕਦੇ ਕਿ ਚੁਣਿਆ ਹੋਇਆ ਮੁੱਖ ਮੰਤਰੀ ਇਸ ਤਰੀਕੇ ਦਰਿਆਈ ਪਾਣੀ ਦੇ ਸਕਦਾ ਹੈ। ਭਗਵੰਤ ਮਾਨ ਨੂੰ ਐੱਸਵਾਈਐੱਲ ਦੇ ਮਾਮਲੇ ‘ਤੇ ਹਰਿਆਣਾ ਸਰਕਾਰ ਨਾਲ ਮੀਟਿੰਗ ਨਾ ਕਰਨ ਦੀ ਅਪੀਲ ਕਰਦਿਆਂ ਬਾਦਲ ਨੇ ਕਿਹਾ ਕਿ ਗੱਲਬਾਤ ਉਦੋਂ ਹੀ ਕੀਤੀ ਜਾਂਦੀ ਹੈ ਜਦੋਂ ਕੁਝ ਦੇਣਾ ਹੋਵੇ। ਉਨ੍ਹਾਂ ਕਿਹਾ ਕਿ ਗੱਲਬਾਤ ਸਿਰਫ਼ ਇਕ ਰਿਪੇਰੀਅਨ ਸੂਬੇ ਨਾਲ ਹੋ ਸਕਦੀ ਹੈ ਅਤੇ ਹਰਿਆਣਾ ਗ਼ੈਰ-ਰਿਪੇਰੀਅਨ ਸੂਬਾ ਹੈ। ਇਸ ਦਾ ਪੰਜਾਬ ਦੇ ਦਰਿਆਈ ਪਾਣੀਆਂ ਵਿੱਚੋਂ ਹਿੱਸੇ ਦਾ ਕੋਈ ਦਾਅਵਾ ਨਹੀਂ ਬਣਦਾ।