ਬਰੈਂਪਟਨ : ਗਤੀਸ਼ੀਲਤਾ ਹੀ ਜ਼ਿੰਦਗੀ ਹੈ। ਕੈਨੇਡਾ ਰਹਿ ਰਹੇ ਸੀਨੀਅਰਜ਼ ਇਸ ਗੱਲ ਨੂੰ ਭਲੀ ਭਾਂਤ ਸਮਝਦੇ ਹੋਏ ਗਤੀਸ਼ੀਲ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਇਸ ਵਾਸਤੇ ਸੀਨੀਅਰਜ਼ ਕਲੱਬਾਂ ਆਪਣੇ ਮੈਂਬਰਾਂ ਲਈ ਟੂਰਾਂ ਦੇ ਪ੍ਰੋਗਰਾਮ ਉਲੀਕਦੀਆਂ ਹਨ। ਇਸੇ ਲੜੀ ਵਿੱਚ ਰੈੱਡ ਵਿੱਲੋ ਸੀਨੀਅਰਜ਼ ਕਲੱਬ ਦੇ ਲੱਗਪੱਗ 150 ਮੈਂਬਰਾਂ ਨੇ 12 ਸਤੰਬਰ ਨੂੰ ਟੋਰਾਂਟੋ ਜ਼ੂ ਦਾ ਗੇੜਾ ਲਾਇਆ। ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਗਿੱਲ ਨੇ ਇਸ ਟੂਰ ਦੇ ਕਾਫਲੇ ਨੂੰ ਤੋਰਿਆ। ਸਾਰੇ ਤਿੰਨ ਬੱਸਾਂ ਵਿੱਚ ਸਵਾਰ ਹੋਕੇ 10 ਵਜੇ ਦੇ ਕਰੀਬ ਉੱਥੇ ਪਹੁੰਚ ਗਏ। ਉਸ ਦਿਨ ਸੀਨੀਅਰਜ਼ ਲਈ ਐਂਟਰੀ ਫਰੀ ਦਾ ਲਾਭ ਉਠਾਇਆ ਗਿਆ। ਪਹੁੰਚਣ ਸਾਰ ਕਲੱਬ ਵਲੋਂ ਗਰਮ ਕੌਫੀ ਦੀਆਂ ਘੁੱਟਾਂ ਦਾ ਪ੍ਰਬੰਧ ਕੀਤਾ ਗਿਆ ਤਾਂ ਜੋ ਤਰੋ ਤਾਜ਼ਾ ਹੋਕੇ ਘੁੰਮਿਆ ਫਿਰਿਆ ਜਾਵੇ। ਜ਼ੂਅ-ਮੋਬਾਇਲ ਤੇ ਬੈਠ ਕੇ ਕੈਨੇਡੀਅਨ ਡੋਮੇਨ ਦੇ ਪਹਿਲੇ ਸਟਾਪ ਤੇ ਉੱਤਰ ਭਿੰਨ ਭਿੰਨ ਜਾਨਵਰ ਦੇਖੇ ਗਏ ਜਿਨ੍ਹਾਂ ਮੂਸ, ਜੰਗਲੀ ਬਾਇਸਨ (ਝੋਟਾ), ਬਾਲਡ ਈਗਲ (ਗੰਜਾ ਬਾਜ਼), ਅਮੈਰਿਕਨ ਐਲਕ, ਕੁਗਾਰ (ਜੰਗਲੀ ਬਿੱਲਾ), ਕਨੇਡੀਅਨ ਲਿੰਕਸ (ਬਾਘੜ ਬਿੱਲਾ) ਅਤੇ ਹੋਰ ਬਹੁਤ ਸਾਰੇ ਜਾਨਵਰ ਦੇਖਣ ਨੂੰ ਮਿਲੇ।
ਇਸ ਤੋਂ ਅਗਲਾ ਪੜਾ ਸੀ ਅਫਰੀਕਨ ਜੰਤੂਆਂ ਦਾ ਚਿੜੀਆ ਘਰ। ਇਹ ਸਭ ਤੋਂ ਦਿਲਚਸਪ ਪੜਾ ਸੀ ਜਿੱਥੇ ਰੌਣਕ ਵੀ ਵਧੇਰੇ ਸੀ ਤੇ ਜਾਨਵਰ ਵੀ। ਜਿਨ੍ਹਾਂ ਵਿੱਚ ਕੈਟਲ ਆਫ ਕਿੰਗਜ਼, ਸਫੇਦ ਰੰਗ ਦਾ ਅਫਰੀਕਨ ਸ਼ੇਰ, 120 ਕਿ: ਮੀ: ਪ੍ਰਤੀ ਘੰਟਾ ਦੀ ਸਪੀਡ ਨਾਲ ਦੌੜਨ ਵਾਲਾ ਚੀਤਾ, ਗੈਂਡਾ, ਬਾਰਾ ਸਿੰਗੇ, ਅੱਠ ਫੁੱਲ ਲੰਬੇ ਸਿੰਗਾਂ ਵਾਲੀ ਅਫਰਕਿਨ ਗਾਂ, ਜ਼ੈਬਰਾ ਅਤੇ ਪੈਂਗੂਇਨ ਸ਼ਾਮਲ ਸਨ। ਇੱਥੇ ਇਹਨਾਂ ਜੀਵਾਂ ਨੂੰ ਉਹਨਾਂ ਦੇ ਅਨੂਕੂਲ ਵਾਤਾਵਰਨ ਦੇਣ ਲਈ ਬਹੁਤ ਹੀ ਸ਼ਾਨਦਾਰ ਚਟਾਨਾਂ ਬਣਾਈਆਂ ਹੋਈਆਂ ਹਨ। ਇਸ ਉਪਰੰਤ ਫਿਰ ਤੋਂ ਟਰਾਲੀ ਵਿੱਚ ਬੈਠ ਕੇ ਸ਼ੁਰੂਆਤੀ ਥਾਂ ਦੇ ਨੇੜੇ ਹੀ ਅੰਤਿਮ ਪੜਾ ਤੇ ਆ ਗਏ ਜਿੱਥੇ ਬਹੁਤ ਵੱਡੇ ਮਗਰਮੱਛ ਦਾ ਪਿੰਜਰ ਪਿਆ ਸੀ ਜਿਸ ਦੇ ਜਬਾੜੇ ਦੀ ਲੰਬਾਈ 10 ਫੁੱਟ ਦੇ ਕਰੀਬ ਹੋਵੇਗੀ। ਇਸ ਜਗਾਹ ਤੇ ਸਨੋਅ -ਗੂਜ, ਬਹੁਤ ਵੱਡੀ ਬਾਲ ਨਾਲ ਅਠਖੇਲੀਆਂ ਕਰਦਾ ਹੋਇਆ ਪੋਲਰ ਬੀਅਰ, ਜੋਗੀਆ ਰੰਗ ਦੀਆਂ ਬੱਤਖਾਂ ਅਤੇ ਸਭਤੋਂ ਵੱਧ ਖਿੱਚ ਦਾ ਕੇਂਦਰ ਪੈਂਡਾ ਅਤੇ ਹੋਰ ਬਹੁਤ ਸਾਰੇ ਜਾਨਵਰ ਸਨ। ਜਿਵੇਂ ਕਹਿੰਦੇ ਹੁੰਦੇ ਆ ਬੱਚੇ ਬੁੱਢੇ ਇੱਕ ਬਰਾਬਰ, ਸੀਨੀਅਰਾਂ ਦੀ ਇਹ ਸਭ ਕੁੱਝ ਦੇਖਣ ਦੀ ਉਤਸਕਤਾ ਬੱਚਿਆਂ ਵਾਂਗ ਹੀ ਸੀ। ਕਈ ਇੱਕ ਦੂਜੇ ਨੂੰ ਇਹ ਕਹਿੰਦੇ ਵੀ ਸੁਣੇ ਗਏ, ”ਦੇਖ ਔਹ ਤੇਰੇ ਵਲ ਇੰਜ ਝਾਕਦਾ ਜਿਵੇਂ ਰਿਸ਼ਤੇਦਾਰ ਦੀ ਪਛਾਣ ਕਰ ਰਿਹ ਹੋਵੇ”। ਇਸ ਤਰ੍ਹਂਾ ਹਾਸੇ ਠੱਠੇ ਤੇ ਖੁਸ਼ੀਆਂ ਭਰੇ ਵਾਤਾਵਰਣ ਵਿੱਚ ਸਾਰਿਆਂ ਨੇ ਇਸ ਟਰਿੱਪ ਦਾ ਪੂਰਾ ਆਨੰਦ ਮਾਣਿਆਂ।
ਇਸ ਟਰਿੱਪ ਦਾ ਪ੍ਰਬੰਧ ਕਰਨ ਵਿੱਚ ਅਮਰਜੀਤ ਸਿੰਘ, ਮਹਿੰਦਰ ਕੌਰ ਪੱਡਾ, ਪਰਮਜੀਤ ਬੜਿੰਗ, ਜੋਗਿੰਦਰ ਪੱਡਾ ਅਤੇ ਸ਼ਿਵਦੇਵ ਸਿੰਘ ਰਾਏ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਵਾਪਸੀ ਤੇ ਅਗਲੇ ਟੂਰ ਅਤੇ 9 ਅਕਤੂਬਰ ਨੂੰ ਹੋ ਰਹੇ ਇਸ ਸਾਲ ਦੇ ਅਖੀਰਲੇ ਪਰੋਗਰਾਮ ਬਾਰੇ ਸੂਚਨਾ ਦਿੱਤੀ ਗਈ। ਕਲੱਬ ਦੀਆਂ ਗਤੀਵਿਧੀਆਂ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਗੁਰਨਾਮ ਸਿੰਘ ਗਿੱਲ (416-908-1300), ਅਮਰਜੀਤ ਸਿੰਘ (416 -268-6821) ਜਾਂ ਹਰਜੀਤ ਬੇਦੀ (647-924-9087) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …