Breaking News
Home / ਕੈਨੇਡਾ / ਰਫ਼ਿਊਜੀਆਂ ਦੀ ਦਰਦਨਾਕ ਦਾਸਤਾਨ ਨਾਟਕ ‘ਸੁੱਚਾ ਸਿੰਘ ਕੈਨੇਡੀਅਨ’

ਰਫ਼ਿਊਜੀਆਂ ਦੀ ਦਰਦਨਾਕ ਦਾਸਤਾਨ ਨਾਟਕ ‘ਸੁੱਚਾ ਸਿੰਘ ਕੈਨੇਡੀਅਨ’

sucha-singh-natak-pic-copy-copyਬਰੈਂਪਟਨ/ਬਿਊਰੋ ਨਿਊਜ਼
ਹੈਟਸ ਅੱਪ ਵਲੋਂ 18 ਜੁਲਾਈ ਨੂੰ ਪੇਸ਼ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਿਤ ‘ਸੁੱਚਾ ਸਿੰਘ ਕਨੇਡੀਅਨ’ ਰਫ਼ਿਊਜੀਆਂ ਦੀ ਗਾਥਾ ਬਿਆਨ ਕਰਦਾ ਹੋੲਆ ਇੱਕ ਯਥਾਰਥਕ ਨਾਟਕ ਹੈ। ਜਿਸ ਤਰ੍ਹਾਂ ਭਾਅ ਜੀ ਗੁਰਸ਼ਰਨ ਸਿੰਘ ਕਿਹਾ ਕਰਦੇ ਸਨ, ਜੇ ਸਮਾਜ ਦਾ ਕੋਈ ਸਵਾਲ ਹੀ ਨਹੀਂ ਉਠਾਉਣਾ ਤਾਂ ਨਾਟਕ ਕਰਨਾ ਹੀ ਕਿਉਂ ਹੈ? ਇਹ ਨਾਟਕ ਲੋਕਾਂ ਦੇ ਮਸਲਿਆਂ ਦੀ ਗੱਲ ਕਰਦਾ ਹੈ। ਇਸ ਵਿਚਲੀਆਂ ਘਟਨਾਵਾਂ ਕਿਸੇ ਨਾ ਕਿਸੇ ਨਾਲ, ਕਿਸੇ ਨਾ ਕਿਸੇ ਰੂਪ ਵਿੱਚ  80ਵਿਆਂ ਵਿੱਚ ਸਾਡੇ ਲੋਕਾਂ ਨਾਲ ਵਾਪਰੀਆਂ ਹਨ। ਭਾਰਤ ਜਾਂ ਪੰਜਾਬ ਦੇ ਭੈੜੇ ਹਾਲਾਤ ਤੋਂ ਤੰਗ, ਦੁਖੀ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਉਜਲਾ ਬਣਾਉਣ ਲਈ ਰਫ਼ਿਊਜੀ ਬਣ ਕੇ ਆਏ ਲੋਕਾਂ ਨੂੰ ਕਿਹੋ ਜਿਹੇ ਹਾਲਤਾਂ ਵਿੱਚੋਂ ਲੰਘਣਾ ਪਿਆ ਕੁਲਵਿੰਦਰ ਖਹਿਰਾ ਦੀ ਕਲਮ ਨੇ ਇਸਦਾ ਬਾਖੂਬੀ ਚਿਤਰਣ ਕੀਤਾ ਹੈ। ਨਾਟਕ ਦੇ ਨਿਰਦੇਸ਼ਕ ਹੀਰਾ ਰੰਧਾਵਾ ਨੇ ਆਪਣੇ ਕਲਾਕਾਰਾਂ ਰਾਹੀਂ ਇਸ ਨੂੰ ਸਟੇਜ ਤੇ ਜੀਵੰਤ ਕੀਤਾ ਜੋ ਇੱਕ ਬਹੁਤ ਹੀ ਸ਼ਾਨਦਾਰ ਉਪਰਾਲਾ ਸਿੱਧ ਹੋਇਆ।
ਇਹ ਨਾਟਕ ਲੱਗਪੱਗ 30-35 ਵਰ੍ਹੇ ਪੁਰਾਣੀ ਗੱਲ ਕਰਦਾ ਹੈ ਅਤੇ ਉਸ ਸਮੇਂ ਰਫ਼ਿਊਜੀ ਬਣ ਕੇ ਆ ਰਹੇ ਪੰਜਾਬੀਆਂ ਦੀਆਂ ਦੁਸ਼ਵਾਰੀਆਂ ਅਤੇ ਕੈਨੇਡਾ ਵਿੱਚ ਪੱਕੇ ਹੋਣ ਲਈ ਲਾਏ ਜਾ ਰਹੇ ਜੁਗਾੜਾਂ ਦੇ ਦਰਸ਼ਨ ਕਰਾਉਣ ਲਈ ਖਿੜਕੀ ਖੋਲ੍ਹਦਾ ਹੈ। ਨਾਟਕ ਸ਼ੁਰੂ ਹੁੰਦਾ ਹੈ ਏਅਰਪੋਰਟ ਤੇ ਇੰਮੀਗਰੇਸ਼ਨ ਅਫ਼ਸਰ ਦੇ ਸਾਹਮਣੇ ਪੇਸ਼ ਹੋ ਰਹੇ ਸੁੱਚਾ ਸਿੰਘ ਤੋਂ ਜਿਸ ਦੇ ਕੇਸ ਦੀ ਫਾਈਲ ਬਣ ਜਾਂਦੀ ਹੈ ਅਤੇ ਉਹ ਆਪਣੇ ਰਿਸ਼ਤੇਦਾਰ ਦੇ ਘਰ ਪਹੁੰਚ ਜਾਂਦਾ ਹੈ। ਉਸਦਾ ਰਿਸ਼ਤੇਦਾਰ ਉਸ ਨੂੰ ਕੁੱਝ ਦਿਨ ਆਪਣੇ ਪਾਸ ਰੱਖਣ ਤੋਂ ਬਾਅਦ ਉਸ ਵਰਗੇ ਹੀ ਇੱਕ ਹੋਰ ਰਫਿਊਜ਼ੀ ਧੀਰੇ ਨਾਲ ਬੇਸਮੈਂਟ ਵਿੱਚ ਰਹਿਣ ਦਾ ਪਰਬੰਧ ਕਰ ਦਿੰਦਾ ਹੈ। ਧੀਰੇ ਤੇ ਸੁੱਚੇ ਦੇ ਕਿਰਦਾਰਾਂ ਰਾਹੀਂ ਪੰਜਾਬ ਦੇ ਹਾਲਤਾਂ ਬੇਰੁਜ਼ਗਾਰੀ, ਰਿਸ਼ਵਤਖੋਰੀ ਕਾਰਣ ਫੁੱਲਾਂ ਵਿੱਚੋਂ ਸੁਹਣੇ ਫੁੱਲ ਗੁਲਾਬ ਵਾਂਗ ਸੁਹਣੇ ਦੇਸ਼ ਪੰਜਾਬ ਨੂੰ ਛੱਡਣ ਦੇ ਕਾਰਣ, ਰੋਟੀ, ਰੋਜੀ ਖਾਤਰ ਆਪਣਿਆਂ ਤੋਂ ਵਿਛੋੜੇ ਦਾ ਦਰਦ, ਫੈਕਟਰੀਆਂ ਵਿੱਚ ਪਿੰਜੇ ਜਾ ਰਹੇ ਸਰੀਰਾਂ ਦੀ ਦਾਸਤਾਨ, ਰਿਸ਼ਤਿਆਂ ਦੀ ਅਣਦੇਖੀ, ਬੰਦੇ ਦੀ ਸੋਚ ਦਾ ਮਸ਼ੀਨੀਕਰਨ, ਇੰਮੀਗਰੇਸ਼ਨ ਲੈਣ ਲਈ ਗਰਮ ਪਰੈਸ ਲਗਵਾ ਕੇ ਆਪਣਾ ਸਰੀਰ ਆਪ ਹੀ ਦਾਗੀ ਕਰਨਾ, ਲੰਬਾ ਸਮਾਂ ਇੰਮੀਗਰੇਸ਼ਨ ਉਡੀਕਦੇ ਜਵਾਨੀ ਗਾਲ ਦੇਣ ਆਦਿ ਬਹੁਤ ਕੁੱਝ ਸਾਹਮਣੇ ਲਿਆਂਦਾ ਗਿਆ ਹੈ। ਨਾਟਕ ਵਿੱਚ ਪੰਜਾਬੀਆਂ ਦੀ ਮਾਨਸਿਕਤਾ ਨੂੰ ਵੀ ਸੁਹਣੇ ਢੰਗ ਨਾਲ ਉਭਾਰਿਆ ਗਿਆ ਹੈ ਕਿ ਕਿਵੇਂ ਉਹ ਚਾਦਰ ਤੋਂ ਬਾਹਰ ਪੈਰ ਪਸਾਰ ਕੇ ਆਪਣੇ ਅਤੇ ਆਪਣੇ ਪਰਿਵਾਰ ਲਈ ਕਲੇਸ਼ ਖੜ੍ਹਾ ਕਰ ਲੈਂਦੇ ਹਨ। ਓਵਰਟਾਈਮ ਲਾ ਲਾ ਕੇ ਆਪਣੇ ਪਿਛਲੇ ਪਿੰਡਾਂ ਵਿੱਚ ਵੱਡੀਆਂ ਵੱਡੀਆਂ ਕੋਠੀਆਂ ਉਸਾਰ ਕੇ ਆਪਣੀ ਫੋਕੀ ਟੌਹਰ ਬਨਾਉਣ ਦਾ ਯਤਨ ਕਰਦੇ ਹਨ। ਇਸ ਨਾਟਕ ਵਿੱਚ ਉੱਤਮ ਦਰਜੇ ਦਾ ਸਸਪੈਂਸ ਸਿਰਜ ਕੇ ਇੱਕ ਬਹੁਤ ਹੀ ਸਾਰਥਕ ਸੁਨੇਹਾ ਦਿੱਤਾ ਗਿਆ ਹੈ। ਜਿਸ ਰਾਹੀਂ ਦੁੱਖਾਂ ਵਿੱਚ ਘਿਰੇ ਸਹਾਰਾ ਲੱਭਦੇ ਮਨੁੱਖ ਦੀ ਬਾਬਿਆਂ ਦੁਆਰਾ ਹੁੰਦੀ ਲੁੱਟ ਤੋਂ ਬਚਣ ਲਈ ਵਧੀਆ ਤਰੀਕੇ ਨਾਲ ਸੁਚੇਤ ਕੀਤਾ ਗਿਆ ਹੈ। ਇਸੇ ਤਰ੍ਹਾਂ ਕੁੱਝ ਇੱਕ ਲੋਕਾਂ ਵਲੋਂ ਤਿਕੜਮਬਾਜੀ ਨਾਲ ਇੰਸ਼ੋਰੈਂਸ ਦਾ ਨਜਾਇਜ ਲਾਭ ਲੈਣ ਦੀ ਗੱਲ ਵੀ ਕੀਤੀ ਹੈ ਜਿਹੜਾ ਕਾਫੀ ਹੱਦ ਤੱਕ ਬਾਕੀ  ਹੋਰਨਾਂ  ਲੋਕਾਂ ਦੀ ਇੰਸ਼ੋਰੈਂਸ ਦੇ ਵਾਧੇ ਦਾ ਕਾਰਣ ਬਣਦਾ ਹੈ।
ਨਾਟਕ ਦੀ ਪੇਸ਼ਕਾਰੀ ਦਾ ਕਮਾਲ ਇਹ ਸੀ ਕਿ ਦਰਸ਼ਕ ਇੰਨੇ ਮਗਨ ਸਨ ਉਹਨਾਂ ਵਾਲੇ ਪਾਸਿਓਂ ਸਿਰਫ ਪਰਸੰਸਾ ਵਿੱਚ ਤਾੜੀਆਂ ਮਾਰਨ ਦੀ ਆਵਾਜ਼ ਹੀ ਸੁਣਨ ਨੂੰ ਮਿਲਦੀ ਸੀ। ਇਸ ਪੇਸ਼ਕਾਰੀ ਨੇ ਇੱਕ ਵਾਰ ਫੇਰ ਸਿੱਧ ਕਰ ਦਿੱਤਾ ਕਿ ਟੋਰਾਂਟੋ ਉਸਾਰੂ ਰੰਗਮੰਚ ਦਾ ਸੱਚਮੁੱਚ ਹੀ ਗੜ੍ਹ ਹੈ। ਨਾਟਕ ਵਿਚਲੇ ਕਲਾਕਾਰਾਂ ਨੇ ਵੀ ਮਿਹਨਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਸੁੱਚਾ ਸਿੰਘ ਦੇ ਰੂਪ ਵਿੱਚ ਜੋਗਿੰਦਰ ਸੰਘੇੜਾ ਤੇ ਉਸ ਦੀ ਪਤਨੀ ਭਜਨ ਕੌਰ ਦੇ ਰੂਪ ਵਿੱਚ ਜਾਣੀ ਪਛਾਣੀ ਕਵਿੱਤਰੀ ਤੇ ਅਦਾਕਾਰਾ ਪਰਮਜੀਤ ਦਿਓਲ ਪੇਸ਼ ਪੇਸ਼ ਰਹੇ। ਖਾਸ ਤੌਰ ਤੇ ਅੰਤਲੇ ਸੀਨਂ ਵਿੱਚ ਪਰਮਜੀਤ ਭਜਨ ਕੌਰ ਦੇ ਪਾਤਰ ਨੂੰ ਅਸਲੀ ਰੂਪ ਵਿੱਚ ਦਰਸ਼ਕਾਂ ਸਾਹਮਣੇ ਪੇਸ਼ ਕਰਨ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਹੀ। ਸਿੰਗਾਰ ਸਮਰਾ ਇੱਕ ਵਾਰ ਫੇਰ ਧੀਰੇ ਦੇ ਰੋਲ ਵਿੱਚ ਅਦਾਕਾਰੀ ਕਰ ਕੇ ਬਾਜੀ ਮਾਰ ਗਿਆ ਤੇ ਹਰ ਸੀਨਂ ਵਿੱਚ ਦਰਸ਼ਕਾਂ ਨੂੰ ਆਪਣੇ ਨਾਲ ਮਾਨਸਿਕ ਤੌਰ ਤੇ ਜੋੜਣ ਵਿੱਚ ਪੂਰੀ ਤਰ੍ਹਾਂ ਸਫਲ ਰਿਹਾ। ਦਰਸ਼ਨ ਸਿੰਘ ਦੇ ਰੋਲ ਵਿੱਚ ਹੀਰਾ ਰੰਧਾਂਵਾ ਬਾਰੇ ਕਹਿਣ ਦੀ ਬਹੁਤੀ ਲੋੜ ਨਹੀਂ ਉਹ ਤਾਂ ਹੈ ਹੀ ਮੰਝਿਆ ਹੋਇਆ ਕਲਾਕਾਰ। ਰਿੰਟੂ ਭਾਟੀਆ (ਦਰਸ਼ਨ ਦੀ ਪਤਨੀ), ਸੁੰਦਰਪਾਲ ਰਾਜਾਸਾਂਸੀ (ਗੁਆਂਢਣ ਅਤੇ ਮਾਂ), ਵਿਵੇਕ ਵਾਲੀਆ (ਸੁੱਚੇ ਦਾ ਮੁੰਡਾ), ਤਰੁਨ ਵਾਲੀਆ (ਦੁਭਾਸ਼ੀਆ ਤੇ ਇੰਮੀਗਰੇਸ਼ਨ ਏਜੰਟ) ਅਤੇ ਕਮਲ ਸ਼ਰਮਾ (ਇੰਮੀਗਰੇਸ਼ਨ ਅਫਸਰ ਤੇ ਪੁਲੀਸ ਅਫਸਰ) ਆਪਣੇ ਕਿਰਦਾਰ ਨਿਭਾਉਣ ਵਿੱਚ ਸਫਲ ਰਹੇ।
ਨਾਟਕ ਦੀ ਪੇਸ਼ਕਾਰੀ ਨੂੰ ਸੰਨ੍ਹੀ ਸ਼ਿਵਰਾਜ, ਇਕਬਾਲ ਬਰਾੜ ਅਤੇ ਰਿੰਟੂ ਭਾਟੀਆਂ ਦੇ ਪਿੱਠਵਰਤੀ ਗੀਤਾਂ ਅਤੇ ਕੁਲਵਿੰਦਰ ਖਹਿਰਾ ਦੇ ਸੰਗੀਤ ਅਤੇ ਜਸਪਾਲ ਢਿੱਲੋਂ ਨੇ ਲਾਈਟਸ ਈਫੈਕਟਸ ਨੇ ਸਿਖਰ ‘ਤੇ ਲੈ ਆਂਦਾ। ਨਾਟਕ ਦੇ ਅੰਤ ‘ਤੇ ਹੈਟਸ ਅੱਪ ਵਲੋਂ ਕਲਾਕਾਰਾਂ ਦਾ ਪ੍ਰੋ: ਵਰਿਆਮ ਸੰਧੂ ਅਤੇ ਪ੍ਰੋ: ਅਤੈ ਸਿੰਘ ਦੁਆਰਾ ਪਲੈਕ ਦੇ ਕੇ ਸਨਮਾਨ ਕੀਤਾ ਗਿਆ। ਨਾਟਕ ਦੇ ਨਿਰਦੇਸ਼ਕ ਹੀਰਾ ਰੰਧਾਂਵਾ ਅਤੇ ਲੇਖਕ ਕੁਲਵਿੰਦਰ ਖਹਿਰਾ ਨੇ ਦਰਸ਼ਕਾਂ ਅਤੇ ਮੀਡੀਆ ਧੰਨਵਾਦ ਕੀਤਾ। ਬਹੁਤ ਸਾਰੇ ਲੋਕ ਟਿਕਟਾਂ ਨਾ ਮਿਲਣ ਕਾਰਣ ਇਹ ਨਾਟਕ ਦੇਖਣੋਂ ਵਾਂਝੇ ਰਹਿ ਗਏ । ਪਰਬੰਧਕਾਂ ਵਲੋਂ ਦਰਸ਼ਕਾਂ ਦੇ ਹੁੰਗਾਰੇ ਨੂੰ ਦੇਖਦੇ ਹੋਏ ਉਨ੍ਹਾਂ ਦੀ ਮੰਗ ਤੇ ਇਸ ਨਾਟਕ ਦੇ ਹੋਰ ਸ਼ੋਅ ਕਰਨ ਦਾ ਐਲਾਨ ਕੀਤਾ ਗਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …