ਪੰਜਾਬ ’ਚ ਆਕਸੀਜਨ ਦੇ ਪਲਾਂਟ ਸ਼ੁਰੂ ਕਰਨ ਲਈ ਫੌਜ ਕਰੇਗੀ ਮੱਦਦ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ’ਚ ਕਰੋਨਾ ਦੀ ਦੂਜੀ ਲਹਿਰ ਦੇ ਚੱਲਦਿਆਂ ਰਾਹਤ ਭਰੀ ਖਬਰ ਆਈ ਹੈ ਕਿ ਹੁਣ ਦੇਸ਼ ਵਿਚ ਕਰੋਨਾ ਦੇ ਮਾਮਲੇ ਘਟਣ ਲੱਗੇ ਹਨ ਅਤੇ ਅਜਿਹਾ 62 ਦਿਨਾਂ ਬਾਅਦ ਦੇਖਣ ਨੂੰ ਮਿਲਿਆ ਹੈ। ਲੰਘੇ 24 ਘੰਟਿਆਂ ਦੌਰਾਨ ਦੇਸ਼ ’ਚ 3 ਲੱਖ 29 ਹਜ਼ਾਰ ਦੇ ਕਰੀਬ ਕਰੋਨਾ ਪੀੜਤਾਂ ਦੀ ਪਹਿਚਾਣ ਹੋਈ ਅਤੇ 3 ਲੱਖ 55 ਹਜ਼ਾਰ ਤੋਂ ਜ਼ਿਆਦਾ ਕਰੋਨਾ ਮਰੀਜ਼ ਠੀਕ ਵੀ ਹੋਏ। ਪੰਜਾਬ ਵਿਚ ਵੀ ਆਕਸੀਜਨ ਦੀ ਕਮੀ ਨੂੰ ਦੇਖਦੇ ਹੋਏ ਹੁਣ ਫੌਜ ਨੇ ਕਮਾਨ ਸੰਭਾਲ ਲਈ ਹੈ। ਫੌਜ ਨੇ ਬੰਦ ਪਏ ਆਕਸੀਜਨ ਦੇ ਪਲਾਂਟਾਂ ਨੂੰ ਮੁੜ ਚਲਾਉਣ ਕਰਨ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਨੰਗਲ ਵਿਚ ਛੇਤੀ ਹੀ ਦੋ ਆਕਸੀਜਨ ਦੇ ਪਲਾਂਟ ਸ਼ੁਰੂ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਧਿਆਨ ਰਹੇ ਕਿ ਆਕਸਜਨ ਦੀ ਕਮੀ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਸੀ ਕਿ ਪੰਜਾਬ ਲਈ ਆਕਸੀਜਨ ਦਾ ਕੋਟਾ ਵਧਾਇਆ ਜਾਵੇ।
ਉਧਰ ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਦਿੱਲੀ ਦੇ ਹਾਲਾਤ ’ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰਾਜਧਾਨੀ ਵਿਚ ਕਰੋਨਾ ਦੇ ਕੇਸ ਹੁਣ ਘਟ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਕੇਂਦਰ ਨੂੰ ਕਿਹਾ ਕਿ ਉਹ ਵੈਕਸੀਨ ਲਈ ਸਿਰਫ਼ ਦੋ ਹੀ ਕੰਪਨੀਆਂ ਉੱਤੇ ਨਿਰਭਰ ਨਾ ਰਹਿਣ ਅਤੇ ਬਾਕੀ ਕੰਪਨੀਆਂ ਨੂੰ ਵੀ ਇਸ ਨਾਲ ਜੋੜਿਆ ਜਾਵੇ।