ਸੁਪਰੀਮ ਕੋਰਟ ਦੀ ਬੈਂਚ ਬਿਨਾ ਫੈਸਲਾ ਸੁਣਾਇਆਂ ਹੀ ਉਠੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਵਿਚ ਅੱਜ ਅਰਵਿੰਦ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਵਾਲੀ ਪਟੀਸ਼ਨ ’ਤੇ ਸੁਣਵਾਈ ਹੋਈ ਪ੍ਰੰਤੂ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਅੰਤਿ੍ਰਮ ਜ਼ਮਾਨਤ ਦੇਣ ਸੰਬੰਧੀ ਕੋਈ ਫ਼ੈਸਲਾ ਨਹੀਂ ਸੁਣਾਇਆ ਹੈ। ਸੁਪਰੀਮ ਕੋਰਟ ਦਾ ਬੈਂਚ ਬਿਨਾਂ ਕੋਈ ਫੈਸਲਾ ਸੁਣਾਇਆਂ ਹੀ ਉੱਠ ਗਿਆ ਹੈ ਅਤੇ ਫ਼ੈਸਲੇ ਨੂੰ ਸੁਰੱਖਿਅਤ ਰੱਖ ਲਿਆ ਹੈ। ਸੁਪਰੀਮ ਕੋਰਟ ’ਚ ਆਉਂਦੇ ਵੀਰਵਾਰ ਜਾਂ ਅਗਲੇ ਹਫ਼ਤੇ ਇਸ ਮਾਮਲੇ ’ਤੇ ਸੁਣਵਾਈ ਹੋਣ ਦੀ ਸੰਭਾਵਨਾ ਹੈ। ਜਦਕਿ ਸਵੇਰੇ ਸੁਣਵਾਈ ਦੀ ਕਾਰਵਾਈ ਸ਼ੁਰੂ ਹੰੁਦਿਆਂ ਹੀ ਕੋਰਟ ਨੇ ਜ਼ਮਾਨਤ ਲਈ ਸ਼ਰਤਾਂ ਤੈਅ ਕਰ ਲਈਆਂ ਸਨ। ਜ਼ਮਾਨਤ ਦਾ ਵਿਰੋਧ ਕਰ ਰਹੀ ਈਡੀ ਨੂੰ ਕੋਰਟ ਨੇ ਕਿਹਾ ਕਿ ਚੋਣਾਂ ਦਾ ਸਮਾਂ ਹੈ ਅਤੇ ਅਰਵਿੰਦ ਕੇਜਰੀਵਾਲ ਮੌਜੂਦਾ ਮੁੱਖ ਮੰਤਰੀ ਹਨ। ਅਦਾਲਤ ਨੇ ਕੇਜਰੀਵਾਲ ਨੂੰ ਕਿਹਾ ਕਿ ਜੇਕਰ ਅਸੀਂ ਤੁਹਾਨੂੰ ਜ਼ਮਾਨਤ ਦੇ ਦਿੰਦੇ ਹਾਂ ਤਾਂ ਤੁਸੀਂ ਦਫ਼ਤਰੀ ਡਿਊਟੀ ਨਹੀਂ ਕਰੋਗੇ ਅਤੇ ਨਾ ਹੀ ਸਰਕਾਰੀ ਕੰਮਾਂ ’ਚ ਕੋਈ ਦਖਲਅੰਦਾਜ਼ੀ ਕਰੋਗੇ। ਅਦਾਲਤ ਨੇ ਅਰਵਿੰਦ ਕੇਜਰੀਵਾਲ ਨੂੰ ਇਹ ਵੀ ਕਿਹਾ ਕਿ ਜੇਕਰ ਚੋਣਾਂ ਨਾ ਹੁੰਦੀਆਂ ਤਾਂ ਤੁਹਾਨੂੰ ਜ਼ਮਾਨਤ ਦੇਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ।