ਕਿਹਾ : ਕੋਈ ਪਾਰਟੀ ਜਾਂ ਵਿਅਕਤੀ ਜਾਵੇ ਜਾਂ ਨਾ ਜਾਵੇ ਮੈਂ ਤਾਂ ਜ਼ਰੂਰ ਜਾਵਾਂਗਾ
ਜਲੰਧਰ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ ਟੀਮ ਦੇ ਸਾਬਕਾ ਦਿੱਗਜ਼ ਗੇਂਦਬਾਜ਼ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ 22 ਜਨਵਰੀ ਨੂੰ ਅਯੁੱਧਿਆ ਵਿਖੇ ਰਾਮ ਮੰਦਿਰ ਦੇ ਹੋ ਰਹੇ ਉਦਘਾਟਨੀ ਸਮਾਗਮ ’ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੋਈ ਪਾਰਟੀ ਜਾਂ ਵਿਅਕਤੀ ਜਾਵੇ ਜਾਂ ਨਾ ਜਾਵੇ ਪ੍ਰੰਤੂ ਮੈਂ 22 ਜਨਵਰੀ ਅਯੁੱਧਿਆ ਦਾ ਦੌਰਾ ਜ਼ਰੂਰ ਕਰਾਂਗਾ। ਰਾਜ ਸਭਾ ਸਾਂਸਦ ਹਰਭਜਨ ਸਿੰਘ ਨੇ ਅਯੁੱਧਿਆ ਮੰਦਿਰ ’ਚ ਰਾਮ ਲੱਲਾ ਦੀ ਮੂਰਤੀ ਪ੍ਰਤਿਸ਼ਠਾ ਸਮਾਰੋਹ ਦੇ ਸੱਦੇ ਨੂੰ ਸਵੀਕਾਰ ਨਾ ਕਰਨ ’ਤੇ ਕਾਂਗਰਸ ਪਾਰਟੀ ’ਤੇ ਸਿਆਸੀ ਨਿਸ਼ਾਨਾ ਸਾਧਿਆ। ਕਾਂਗਰਸ ਪਾਰਟੀ ਵੱਲੋਂ ਭਾਰਤੀ ਜਨਤਾ ਪਾਰਟੀ ਰਾਮ ਮੰਦਿਰ ਸਮਾਰੋਹ ਦਾ ਇਸਤੇਮਾਲ ਰਾਜਨੀਤਿਕ ਉਦੇਸ਼ਾਂ ਦੇ ਲਈ ਕਰਨ ਦਾ ਆਰੋਪ ਲਗਾਉਣ ’ਤੇ ਹਰਭਜਨ ਸਿੰਘ ਨੇ ਕਿਹਾ ਕਿ ਇਹ ਇਕ ਅਲੱਗ ਮਾਮਲਾ ਹੈ। ਉਨ੍ਹਾਂ ਕਿਹਾ ਕਿ ਰਾਮ ਮੰਦਿਰ ਦਾ ਉਦਘਾਟਨ ਹੋ ਰਿਹਾ ਹੈ ਕੋਈ ਉਥੇ ਜਾਵੇ ਜਾਂ ਨਾ ਜਾਵੇ ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਪ੍ਰੰਤੂ ਮੈਂ ਅਯੁੱਧਿਆ ਜ਼ਰੂਰ ਜਾਵਾਂਗਾ।