ਜਾਖਲ ਮਹਾਪੰਚਾਇਤ ਵਿੱਚ ਭਾਰਤ ਬੰਦ ਦੀ ਡਟਵੀਂ ਹਮਾਇਤ ਦਾ ਸੱਦਾ
ਟੋਹਾਣਾ/ਬਿਊਰੋ ਨਿਊਜ਼ : ਪੰਜਾਬ-ਹਰਿਆਣਾ ਹੱਦ ‘ਤੇ ਪੈਂਦੀ ਜਾਖਲ ਅਨਾਜ ਮੰਡੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨ ਮਹਾਪੰਚਾਇਤ ਕਰਵਾਈ ਗਈ। ਕੌਮੀ ਕਿਸਾਨ ਮੋਰਚੇ ਦੇ ਮੈਂਬਰ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਯੁਕਤ ਮੋਰਚੇ ਦੇ ਮੰਚ ਤੋਂ ਕੋਈ ਵੀ ਅਜਿਹਾ ਐਲਾਨ ਨਹੀਂ ਕੀਤਾ ਜਾਵੇਗਾ, ਜਿਸ ਨਾਲ ਕਿਸਾਨੀ ਸੰਘਰਸ਼ ਕਮਜ਼ੋਰ ਹੋਵੇ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸਾਂਝੇ ਮੋਰਚੇ ਦਾ ਸੰਸਦ ਭਵਨ ਘੇਰਨ ਦਾ ਕੋਈ ਏਜੰਡਾ ਨਹੀਂ ਹੈ। ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਮੰਚ ਤੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈਆਂ ਸਿਲਸਿਲੇਵਾਰ ਮੀਟਿੰਗਾਂ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਸਾਰੀਆਂ ਮੀਟਿੰਗਾਂ ਵਿੱਚ ਕਿਸਾਨਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਜ਼ਮੀਨਾਂ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।
ਜਮਹੂਰੀ ਕਿਸਾਨ ਸਭਾ ਦੇ ਆਗੂ ਕੁਲਵੰਤ ਸੰਧੂ ਨੇ ਵਿਸ਼ਵ ਵਪਾਰ ਸੰਗਠਨ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ। ਬੀਕੇਯੂ ਹਰਿਆਣਾ ਦੇ ਯੋਗੇਂਦਰ ਸਿੰਘ ਨੈਨ ਨੇ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਦਿੱਲੀ ਪੁੱਜਣ ਦਾ ਸੱਦਾ ਦਿੱਤਾ। ਪੰਮੀ ਬਾਈ ਅਤੇ ਮਨਦੀਪ ਨਥਵਾਨ ਨੇ ਬੇਭਰੋਸਗੀ ਮਤੇ ਖਿਲਾਫ ਭੁਗਤਣ ਵਾਲੇ ਜਜਪਾ ਅਤੇ ਭਾਜਪਾ ਦੇ ਵਿਧਾਇਕਾਂ ਦਾ ਮੁਕੰਮਲ ਸਮਾਜਿਕ ਬਾਈਕਾਟ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਹਦਾਇਤ ‘ਤੇ ਭਾਜਪਾ ਦੇ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਪਿੰਡਾਂ ਵਿੱਚ ਆਉਣ ‘ਤੇ ਘੇਰਿਆ ਜਾਵੇ। ਇਸ ਦੌਰਾਨ 26 ਮਾਰਚ ਦੇ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਵੀ ਲਾਮਬੰਦ ਕੀਤਾ ਗਿਆ। ਇਸ ਮੌਕੇ ਜਾਖਲ ਬਲਾਕ ਦੀ ਲੋਕ ਕਮੇਟੀ ਦੇ ਜੱਗੀ ਮਹਿਲ ਦੀ ਅਗਵਾਈ ਹੇਠ ਨੌਜਵਾਨਾਂ ਨੇ ਮਹਾਪੰਚਾਇਤ ਲਈ ਪ੍ਰਬੰਧਾਂ ਦੀ ਜ਼ਿੰਮੇਵਾਰੀ ਨਿਭਾਈ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …