ਕਿਹਾ : ਸੰਦੋਆ ਕਾਰਨ ਅੰਤਰਾਰਾਸ਼ਟਰੀ ਪੱਧਰ ’ਤੇ ਭਾਰਤ ਹੋਇਆ ਸ਼ਰਮਸ਼ਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ‘ਆਪ’ ਆਗੂ ਅਮਰਜੀਤ ਸਿੰਘ ਸੰਦੋਆ ਬਾਰੇ ਗੱਲ ਕਰਦਿਆਂ ਕਿਹਾ ਕਿ ਅਜਿਹੇ ਆਗੂ ਨੂੰ ਬਲੈਕ ਲਿਸਟ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਮਰਜੀਤ ਸਿੰਘ ਸੰਦੋਆ ਨੂੰ 5 ਸਾਲ ਪਹਿਲਾਂ ਵੀ ਕੈਨੇਡਾ ਵਿਚ ਦਾਖ਼ਲ ਹੋਣ ਤੋਂ ਰੋਕਿਆ ਗਿਆ ਸੀ। ਹੁਣ ਫੇਰ ਉਸ ਨੂੰ ਟੋਰਾਂਟੋ ਹਵਾਈ ਅੱਡੇ ’ਤੇ ਫਿਰ 7 ਘੰਟੇ ਪੁੱਛਗਿੱਛ ਲਈ ਰੋਕਿਆ ਗਿਆ, ਜਿਸ ਕਾਰਨ ਅੰਤਰਰਾਸ਼ਟਰੀ ਨਕਸ਼ੇ ’ਤੇ ਦੇਸ਼ ਸ਼ਰਮਸਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਸਖ਼ਤ ਨਿੰਦਣਯੋਗ ਹੈ ਕਿ ਅਜਿਹੇ ਆਗੂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਉਸ ਦੇ ਨਾਲ ਬਦਤਮੀਜ਼ੀ ਦੇ ਮਾਮਲੇ ਵਿਚ ਭਗਵੰਤ ਮਾਨ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰਕੇ ਉਸ ਦੀ ਸੁਰੱਖਿਆ ਕੀਤੀ ਗਈ। ਮਜੀਠੀਆ ਨੇ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਕਿ ਦੋਸ਼ੀ ਆਗੂ ਨੂੰ ਤੁਰੰਤ ਬਲੈਕ ਲਿਸਟ ਕੀਤਾ ਜਾਵੇ। ਧਿਆਨ ਰਹੇ ਕਿ ‘ਆਪ’ ਆਗੂ ਅਮਰਜੀਤ ਸਿੰਘ ਸੰਦੋਆ ਨੂੰ ਟੋਰਾਂਟੋ ਦੇ ਏਅਰਪੋਰਟ ’ਤੇ ਰੋਕ ਲਿਆ ਗਿਆ ਸੀ ਕਿਉਂਕਿ ਉਨ੍ਹਾਂ ਖਿਲਾਫ ਇਕ ਬੱਚੀ ਨਾਲ ਛੇੜਛਾੜ ਦਾ ਮਾਮਲਾ ਦਰਜ ਹੈ। ਇਸ ਸਬੰਧੀ ਜਦੋਂ ਤੱਕ ਰੋਪੜ ਦੇ ਐਸਐਸਪੀ ਵੱਲੋਂ ਉਨ੍ਹਾਂ ਨੂੰ ਲਿਖਤੀ ਕਲੀਨ ਚਿੱਟ ਨਹੀਂ ਦਿੱਤੀ ਗਈ ਉਦੋਂ ਅਧਿਕਾਰੀਆਂ ਨੇ ਉਸ ਨੂੰ ਟੋਰਾਂਟੋ ਦੇ ਏਅਰਪੋਰਟ ਤੋਂ ਬਾਹਰ ਨਹੀਂ ਜਾਣ ਦਿੱਤਾ। ਐਸਐਸਪੀ ਨੇ ਲਿਖ ਕਿ ਭੇਜਿਆ ਇਹ ਇਕ ਬਹੁਤ ਪੁਰਾਣਾ ਮਾਮਲਾ ਸੀ, ਜਿਸ ਨੂੰ ਕੋਰਟ ਨੇ ਖਾਰਜ ਕਰ ਦਿੱਤਾ ਸੀ।