ਕਿਹਾ : ਸ਼ਕਤੀ ਤੋਂ ਬਿਨਾ ਸ਼ਾਂਤੀ ਕਾਇਮ ਰੱਖਣਾ ਸੰਭਵ ਨਹੀਂ
ਸ੍ਰੀਨਗਰ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਰਗਿਲ ’ਚ ਫੌਜੀ ਜਵਾਨਾਂ ਨਾਲ ਦੀਵਾਲੀ ਮਨਾਈ। ਇਸ ਮੌਕੇ ਉਨ੍ਹਾਂ ਜਵਾਨਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬਿਨਾ ਸ਼ਕਤੀ ਦੇ ਸ਼ਾਂਤੀ ਕਾਇਮ ਰੱਖਣਾ ਸੰਭਵ ਨਹੀਂ। ਭਾਰਤ ਨੇ ਹਮੇਸ਼ਾ ਜੰਗ ਨੂੰ ਆਖਰੀ ਰਸਤਾ ਮੰਨਿਆ ਹੈ। ਜੰਗ ਚਾਹੇ ਸ੍ਰੀਲੰਕਾ ’ਚ ਹੋਇਆ ਹੋਵੇ ਜਾਂ ਕੁਰੂਕਸ਼ੇਤਰ ’ਚ ਅੰਤਿਮ ਸਮੇਂ ਤੱਕ ਉਸ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਅਸੀਂ ਵਿਸ਼ਵ ਸ਼ਾਂਤੀ ਦੇ ਪੱਖ ’ਚ ਹਾਂ। ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹਰ ਸਾਲ ਫੌਜੀ ਜਵਾਨਾਂ ਨਾਲ ਹੀ ਦੀਵਾਲੀ ਮਨਾਉਂਦੇ ਹਨ। 2014 ’ਚ ਉਨ੍ਹਾਂ ਨੇ ਪਹਿਲੀ ਵਾਰ ਸਿਆਚਿਨ ’ਚ ਫੌਜੀ ਜਵਾਨਾਂ ਨਾਲ ਦੀਵਾਲੀ ਮਨਾਈ ਸੀ। ਇਹ ਲਗਾਤਾਰ 9ਵਾਂ ਸਾਲ ਹੈ ਜਦੋਂ ਉਹ ਫੌਜੀ ਜਵਾਨਾਂ ਨਾਲ ਦੀਵਾਲੀ ਮਨਾਉਣ ਲਈ ਕਾਰਗਿਲ ਪਹੁੰਚੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਰੇ ਲਈ ਫੌਜੀ ਜਵਾਨ ਹੀ ਮੇਰਾ ਪਰਿਵਾਰ ਹਨ ਅਤੇ ਮੇਰੀ ਦੀਵਾਲੀ ਦੀ ਮਿਠਾਸ ਉਦੋਂ ਹੋਰ ਵਧ ਜਾਂਦੀ ਹੈ ਜਦੋਂ ਮੈਂ ਦੀਵਾਲੀ ਮੌਕੇ ਜਵਾਨਾਂ ਦਰਮਿਆਨ ਪਹੁੰਚ ਜਾਂਦਾ ਹਾਂ।