Breaking News
Home / ਭਾਰਤ / ਭਾਰਤ ਦੇ ਅਗਲੇ ਸੀਜੇਆਈ ਵਜੋਂ ਜਸਟਿਸ ਚੰਦਰਚੂੜ ਦੇ ਨਾਂ ਦੀ ਸਿਫ਼ਾਰਸ਼

ਭਾਰਤ ਦੇ ਅਗਲੇ ਸੀਜੇਆਈ ਵਜੋਂ ਜਸਟਿਸ ਚੰਦਰਚੂੜ ਦੇ ਨਾਂ ਦੀ ਸਿਫ਼ਾਰਸ਼

ਚੀਫ ਜਸਟਿਸ ਲਲਿਤ ਨੇ ਸਾਥੀ ਜੱਜਾਂ ਦੇ ਸਾਹਮਣੇ ਸਿਫਾਰਸ਼ ਵਾਲਾ ਪੱਤਰ ਜਸਟਿਸ ਚੰਦਰਚੂੜ ਨੂੰ ਸੌਂਪਿਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੇ ਚੀਫ ਜਸਟਿਸ (ਸੀਜੇਆਈ) ਉਦੈ ਉਮੇਸ਼ ਲਲਿਤ ਨੇ ਕੇਂਦਰ ਸਰਕਾਰ ਨੂੰ ਆਪਣੇ ਜਾਨਸ਼ੀਨ ਵਜੋਂ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਜਸਟਿਸ ਧਨੰਜਯ ਵਾਈ.ਚੰਦਰਚੂੜ ਦੇ ਨਾਂ ਦੀ ਸਿਫਾਰਸ਼ ਕੀਤੀ ਹੈ। ਜਸਟਿਸ ਚੰਦਰਚੂੜ, ਜੋ ਕਈ ਸੰਵਿਧਾਨਕ ਬੈਂਚਾਂ ਅਤੇ ਸਿਖਰਲੀ ਕੋਰਟ ਦੇ ਕਈ ਇਤਿਹਾਸਕ ਫੈਸਲਿਆਂ, ਜਿਨ੍ਹਾਂ ਵਿੱਚ ਅਯੁੱਧਿਆ ਜ਼ਮੀਨ ਵਿਵਾਦ ਅਤੇ ਨਿੱਜਤਾ ਦਾ ਅਧਿਕਾਰ ਆਦਿ ਸ਼ਾਮਲ ਹਨ, ਦਾ ਹਿੱਸਾ ਰਹੇ ਹਨ। ਜਸਟਿਸ ਲਲਿਤ ਨੇ ਸਿਫ਼ਾਰਸ਼ ਵਾਲਾ ਪੱਤਰ ਜਸਟਿਸ ਚੰਦਰਚੂੜ ਨੂੰ ਸੌਂਪ ਦਿੱਤਾ। ਸਰਕਾਰ ਵੱਲੋਂ ਸੀਜੇਆਈ ਦੀ ਸਿਫਾਰਸ਼ ਮੰਨੇ ਜਾਣ ‘ਤੇ ਜਸਟਿਸ ਚੰਦਰਚੂੜ 9 ਨਵੰਬਰ ਨੂੰ ਦੇਸ਼ ਦੇ 50ਵੇਂ ਚੀਫ਼ ਜਸਟਿਸ ਬਣ ਜਾਣਗੇ।
ਜਸਟਿਸ ਚੰਦਰਚੂੜ, ਜਿਨ੍ਹਾਂ ਨੂੰ 13 ਮਈ 2016 ਨੂੰ ਸਿਖਰਲੀ ਕੋਰਟ ਵਿੱਚ ਨਿਯੁਕਤ ਕੀਤਾ ਗਿਆ ਸੀ, ਦਾ ਸੀਜੇਆਈ ਵਜੋਂ ਕਾਰਜਕਾਲ ਦੋ ਸਾਲ ਦਾ ਹੋਵੇਗਾ ਅਤੇ ਉਹ 10 ਨਵੰਬਰ 2024 ਨੂੰ ਅਹੁਦੇ ਤੋਂ ਸੇਵਾ ਮੁਕਤ ਹੋਣਗੇ। ਸੁਪਰੀਮ ਕੋਰਟ ਦੇ ਜੱਜ ਦੀ ਸੇਵਾਮੁਕਤੀ ਉਮਰ 65 ਸਾਲ ਹੈ। ਚੀਫ਼ ਜਸਟਿਸ ਯੂ.ਯੂ.ਲਲਿਤ ਨੇ ਅਗਲੇ ਸੀਜੇਆਈ ਦੀ ਨਿਯੁਕਤੀ ਦੇ ਅਮਲ ਨੂੰ ਸ਼ੁਰੂ ਕਰਦਿਆਂ ਆਪਣੀ ਸਿਫਾਰਸ਼ ਵਾਲਾ ਪੱਤਰ ਜਸਟਿਸ ਚੰਦਰਚੂੜ ਨੂੰ ਸੌਂਪ ਦਿੱਤਾ। ਜਸਟਿਸ ਚੰਦਰਚੂੜ ਦੇਸ਼ ਦੇ ਸਭ ਤੋਂ ਲੰਮਾ ਸਮਾਂ ਸੀਜੇਆਈ ਰਹੇ ਜਸਟਿਸ ਵਾਈ.ਵੀ ਚੰਦਰਚੂੜ ਦੇ ਪੁੱਤਰ ਹਨ। ਸਾਬਕਾ ਸੀਜੇਆਈ 22 ਫਰਵਰੀ 1978 ਤੋਂ 11 ਜੁਲਾਈ 1985 ਤੱਕ ਸੁਪਰੀਮ ਕੋਰਟ ਦੇ ਚੀਫ ਜਸਟਿਸ ਰਹੇ ਰਹੇ ਸਨ।
ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ 7 ਅਕਤੂਬਰ ਨੂੰ ਸੀਜੇਆਈ ਲਲਿਤ, ਜੋ 8 ਨਵੰਬਰ ਨੂੰ ਸੇਵਾ ਮੁਕਤ ਹੋ ਰਹੇ ਹਨ, ਨੂੰ ਆਪਣਾ ਉੱਤਰਾਧਿਕਾਰੀ ਐਲਾਨੇ ਜਾਣ ਬਾਰੇ ਪੱਤਰ ਲਿਖਿਆ ਸੀ। ਸੀਜੇਆਈ ਲਲਿਤ ਦਾ ਕਾਰਜਕਾਲ ਮਹਿਜ਼ 74 ਦਿਨਾਂ ਦਾ ਹੈ। ਜਸਟਿਸ ਚੰਦਰਚੂੜ ਦੇ ਨਾਂ ਦੀ ਸਿਫਾਰਸ਼ ਵਾਲਾ ਪੱਤਰ ਕੇਂਦਰੀ ਕਾਨੂੰਨ ਮੰਤਰੀ ਨੂੰ ਲਿਖਣ ਵਾਲੇ ਚੀਫ਼ ਜਸਟਿਸ ਲਲਿਤ ਨੇ ਸੁਪਰੀਮ ਕੋਰਟ ਦੇ ਸਾਰੇ ਜੱਜਾਂ ਨੂੰ ਸਵੇਰੇ ਸਵਾ 10 ਵਜੇ ਜੱਜਾਂ ਦੀ ਲਾਊਂਜ ਵਿੱਚ ਇਕੱਠੇ ਹੋਣ ਦੀ ਅਪੀਲ ਕੀਤੀ ਸੀ। ਇਸ ਮਗਰੋਂ ਚੀਫ਼ ਜਸਟਿਸ ਨੇ ਸਾਰਿਆਂ ਦੇ ਸਾਹਮਣੇ ਜਸਟਿਸ ਚੰਦਰਚੂੜ ਨੂੰ ਆਪਣਾ ਜਾਨਸ਼ੀਨ ਮਨੋਨੀਤ ਕੀਤੇ ਜਾਣ ਸਬੰਧੀ ਪੱਤਰ ਸੌਂਪਿਆ।

Check Also

ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ

ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …