
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਵਿਚ ਸ਼ਨੀਵਾਰ 3 ਫਰਵਰੀ ਨੂੰ ਸਪੋਰਟਸ ਜਰਨਲਿਸਟ ਫੈਡਰੇਸ਼ਨ ਆਫ ਇੰਡੀਆ ਵਲੋਂ ਸਵ. ਮਿਲਖਾ ਸਿੰਘ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਦਿੱਤਾ ਗਿਆ ਹੈ। ਇਹ ਐਵਾਰਡ ਮਿਲਖਾ ਸਿੰਘ ਦੇ ਸਪੁੱਤਰ ਜੀਵ ਮਿਲਖਾ ਸਿੰਘ ਨੇ ਪ੍ਰਾਪਤ ਕੀਤਾ। ਕਿ੍ਰਕਟਰ, ਐਕਟਰ ਅਤੇ ‘ਭਾਗ ਮਿਲਖਾ ਭਾਗ’ ਫਿਲਮ ਵਿਚ ਮਿਲਖਾ ਸਿੰਘ ਦੇ ਕੋਚ ਬਣੇ ਯੋਗਰਾਜ ਸਿੰਘ ਨੇ ਉਨ੍ਹਾਂ ਨੂੰ ਇਹ ਐਵਾਰਡ ਦਿੱਤਾ। ਇਸ ਐਵਾਰਡ ਵਿਚ ਸ਼ੁੱਧ ਸੋਨੇ ਦਾ ਮੈਡਲ, ਸਰਟੀਫਿਕੇਟ ਅਤੇ ਸ਼ਾਲ ਦਿੱਤਾ ਜਾਂਦਾ ਹੈ। ਇਸ ਤੋਂ ਪਹਿਲਾਂ ਫੈਡਰੇਸ਼ਨ, ਬੈਡਮਿੰਟਨ ਸਟਾਰ ਪਰਕਾਸ਼ ਪਾਦੂਕੋਣ, ਕ੍ਰਿਕਟਰ ਸੁਨੀਲ ਗਵਾਸਕਰ ਅਤੇ ਟੈਨਿਸ ਖਿਡਾਰੀ ਰਹੇ ਵਿਜੇ ਅੰਮਿਰਤਰਾਜ ਨੂੰ ਇਹ ਐਵਾਰਡ ਦੇ ਚੁੱਕੀ ਹੈ। ਮਿਲਖਾ ਸਿੰਘ ਤੋਂ ਬਾਅਦ ਹੁਣ ਅਗਲੇ ਸਾਲ ਇਹ ਸਨਮਾਨ ਪੀਟੀ ਉਸ਼ਾ ਨੂੰ ਦਿੱਤਾ ਜਾਣਾ ਹੈ। ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਯੋਗਰਾਜ ਸਿੰਘ ਨੇ ਕਿਹਾ ਕਿ ਜੋ ਪ੍ਰਾਪਤੀਆਂ ਮਿਲਖਾ ਸਿੰਘ ਨੇ ਸੀਮਤ ਸਾਧਨਾਂ ਨਾਲ ਹਾਸਲ ਕੀਤੀਆਂ, ਉਸ ਲਈ ਉਹ ਭਾਰਤ ਰਤਨ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਮਿਲਖਾ ਸਿੰਘ ਵਰਗਾ ਸਾਦਾ ਵਿਅਕਤੀ ਦੁਬਾਰਾ ਜਨਮ ਨਹੀਂ ਲੈ ਸਕਦਾ।