ਨੱਡਾ ਬੋਲੇ – ਪਰਿਵਾਰਵਾਦ ਦੀ ਪਾਲਿਸੀ ਭਾਜਪਾ ਵਿਚ ਨਹੀਂ ਚੱਲੇਗੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਅਗਾਮੀ ਚੋਣਾਂ ਵਿਚ ਆਪਣੇ ਪੁੱਤਰਾਂ ਨੂੰ ਟਿਕਟ ਦਿਵਾਉਣ ਦਾ ਸੁਪਨਾ ਦੇਖ ਰਹੇ ਭਾਜਪਾ ਆਗੂਆਂ ਨੂੰ ਪਾਰਟੀ ਪ੍ਰਧਾਨ ਜੇਪੀ ਨੱਡਾ ਨੇ ਵੱਡਾ ਝਟਕਾ ਦਿੱਤਾ ਹੈ। ਭੋਪਾਲ ਦੌਰੇ ‘ਤੇ ਗਏ ਨੱਡਾ ਨੇ ਭਾਜਪਾ ਆਗੂਆਂ ਨੂੰ ਸਾਫ ਸ਼ਬਦਾਂ ਵਿਚ ਕਿਹਾ ਕਿ ਕਿਸੇ ਵੀ ਭਾਜਪਾ ਨੇਤਾ ਦੇ ਪੁੱਤਰ ਨੂੰ ਟਿਕਟ ਨਹੀਂ ਮਿਲੇਗੀ। ਉਨ੍ਹਾਂ ਕਿਹਾ ਕਿ ਕੇਂਦਰੀ ਸੰਗਠਨ ਨੇ ਜੋ ਪਾਲਿਸੀ ਬਣਾਈ ਹੈ, ਉਸੇ ਹਿਸਾਬ ਨਾਲ ਟਿਕਟਾਂ ਦੀ ਵੰਡ ਹੋਵੇਗੀ। ਭੋਪਾਲ ਵਿਚ ਭਾਜਪਾ ਦੇ ਦਫਤਰ ਵਿਚ ਇਕ ਸਵਾਲ ਦਾ ਜਵਾਬ ਦਿੰਦਿਆਂ ਨੱਡਾ ਨੇ ਕਿਹਾ ਕਿ ਸੰਗਠਨ ਨੇ ਤੈਅ ਕੀਤਾ ਹੈ ਕਿ ਇਕ ਵਿਅਕਤੀ ਨੂੰ ਇਕ ਕੰਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕੇਵਲ ਵਿਧਾਨ ਸਭਾ ਚੋਣਾਂ ਨਹੀਂ ਬਲਕਿ ਨਗਰ ਨਿਗਮ ਚੋਣਾਂ ਵਿਚ ਵੀ ਲਾਗੂ ਹੋਵੇਗਾ। ਨੱਡਾ ਨੇ ਯੂਪੀ ਦਾ ਉਦਾਹਰਣ ਦਿੰਦਿਆਂ ਕਿਹਾ ਕਿ ਉਥੇ ਕਈ ਸੰਸਦ ਮੈਂਬਰਾਂ ਦੇ ਪੁੱਤਰ ਚੰਗਾ ਕੰਮ ਕਰਦਿਆਂ ਟਿਕਟ ਦੇ ਦਾਅਵੇਦਾਰ ਸਨ, ਪਰ ਉਨ੍ਹਾਂ ਨੂੰ ਵੀ ਟਿਕਟ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਦੇ ਬੇਟੇ ਫਿਲਹਾਲ ਸੰਗਠਨ ਦੇ ਕੰਮ ਕਾਜ ਵਿਚ ਲੱਗੇ ਰਹਿਣ।
ਨੱਡਾ ਨੇ ਕਿਹਾ ਕਿ ਪਰਿਵਾਰਵਾਦ ਦਾ ਕੰਨਸੈਪਟ ਸਮਝਣਾ ਚਾਹੀਦਾ ਹੈ ਕਿ ਪਿਤਾ ਪ੍ਰਧਾਨ, ਪੁੱਤਰ ਜਨਰਲ ਸਕੱਤਰ ਅਤੇ ਪਾਰਲੀਮੈਂਟਰੀ ਬੋਰਡ ਵਿਚ ਚਾਚਾ-ਤਾਇਆ-ਤਾਈ। ਉਨ੍ਹਾਂ ਕਿਹਾ ਕਿ ਇਹ ਪਰਿਵਾਰਵਾਦ ਹੈ ਅਤੇ ਅਜਿਹਾ ਭਾਜਪਾ ਵਿਚ ਨਹੀਂ ਚੱਲੇਗਾ।