ਚੰਡੀਗੜ੍ਹ ਤੇ ਲੁਧਿਆਣਾ ਸਮੇਤ ਭਾਰਤ ਦੇ 18 ਸ਼ਹਿਰਾਂ ‘ਚ 61 ਟਿਕਾਣਿਆਂ ‘ਤੇ ਛਾਪੇ
1,139 ਕਰੋੜ ਦਾ ਕਰਜ਼ਾ ਨਾ ਦੇਣ ਵਾਲਿਆਂ ‘ਤੇ 17 ਐਫਆਈਆਰ ਦਰਜ
ਨਵੀਂ ਦਿੱਲੀ/ਬਿਊਰੋ ਨਿਊਜ਼
ਬੈਂਕਾਂ ਦਾ ਕਰਜ਼ਾ ਨਾ ਦੇਣ ਵਾਲਿਆਂ ਦੇ ਖਿਲਾਫ ਸੀਬੀਆਈ ਨੇ ਮੰਗਲਵਾਰ ਨੂੰ ਭਾਰਤ ਵਿਚ ਪਹਿਲੀ ਵਾਰ ਇਕ ਸਮੇਂ ਵੱਡੀ ਕਾਰਵਾਈ ਕੀਤੀ। 300 ਤੋਂ ਜ਼ਿਆਦਾ ਅਧਿਕਾਰੀਆਂ ਨੇ 18 ਸ਼ਹਿਰਾਂ ਵਿਚ 61 ਟਿਕਾਣਿਆਂ ‘ਤੇ ਛਾਪੇ ਮਾਰੇ। 1,139 ਕਰੋੜ ਰੁਪਏ ਦਾ ਕਰਜ਼ਾ ਨਾ ਦੇਣ ਦੇ ਆਰੋਪ ਵਿਚ 17 ਐਫਆਈਆਰ ਦਰਜ ਕੀਤੀਆਂ ਗਈਆਂ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਛਾਪਿਆਂ ਵਿਚ ਮਿਲੀ ਜਾਣਕਾਰੀ ਦੇ ਅਧਾਰ ‘ਤੇ ਮੰਗਲਵਾਰ ਦੇਰ ਸ਼ਾਮ ਤੱਕ ਐਫਆਈਆਰ ਦਰਜ ਕਰਨ ਦੀ ਪ੍ਰਕਿਰਿਆ ਚੱਲੀ। ਸੀਬੀਆਈ ਨੂੰ ਡਿਫਾਲਟਰਾਂ ਦੀ ਸੂਚੀ ਵੱਖ ਵੱਖ ਰਾਸ਼ਟਰੀ ਬੈਂਕਾਂ ਤੋਂ ਮਿਲੀ ਸੀ। ਛਾਪੇ ਕਿੱਥੇ ਕਿੱਥੇ ਮਾਰਨੇ ਹਨ, ਇਸ ਦੀ ਸੂਚੀ ਸੀਬੀਆਈ ਡਾਇਰੈਕਟਰ ਰਿਸ਼ੀ ਸ਼ੁਕਲਾ ਦੀ ਨਿਗਰਾਨੀ ਵਿਚ ਹੀ ਤਿਆਰ ਹੋਈ ਸੀ।
ਸੀਬੀਆਈ ਦੀ ਕਾਰਵਾਈ ਵਿਚ ਦਿੱਲੀ, ਮੁੰਬਈ, ਲੁਧਿਆਣਾ, ਠਾਣੇ, ਬਲਸਾਡ, ਪੂਣੇ, ਪਲਾਨੀ, ਗਯਾ, ਗੁਰੂਗਰਾਮ, ਚੰਡੀਗੜ, ਭੋਪਾਲ, ਸੂਰਤ ਅਤੇ ਕੋਲਾਰ ਸਮੇਤ ਹੋਰ ਸ਼ਹਿਰਾਂ ਵਿਚ ਛਾਪੇਮਾਰੀ ਕੀਤੀ ਗਈ। ਸ਼ੁਰੂਆਤ ਵਿਚ ਡਿਫਾਲਟ ਦੀ ਰਕਮ 640 ਕਰੋੜ ਰੁਪਏ ਸਾਹਮਣੇ ਆਈ ਸੀ, ਪਰ ਦਿਨ ਭਰ ਦੀ ਛਾਪੇਮਾਰੀ ਤੋਂ ਬਾਅਦ ਅੰਕੜਾ ਵਧ ਕੇ 1,139 ਕਰੋੜ ਰੁਪਏ ਤੱਕ ਪਹੁੰਚ ਗਿਆ। ਲੁਧਿਆਣਾ ਦੇ ਸੁਪਰੀਮ ਟੈਕਸ ਮਾਰਟ ‘ਤੇ ਐਸਬੀਆਈ ਦੇ 143.25 ਕਰੋੜ ਰੁਪਏ ਦੇ ਫਰਾਡ ਮਾਮਲੇ ਵਿਚ ਛਾਪਿਆ ਮਾਰਿਆ ਗਿਆ।
ਚੰਡੀਗੜ੍ਹ ‘ਚ ਸੈਕਟਰ 5 ਦੇ ਸੁਖਵਿੰਦਰ ਨੇ 40.17 ਕਰੋੜ ਰੁਪਏ ਵਾਪਸ ਨਹੀਂ ਕੀਤੇ
ਸੀਬੀਆਈ ਦੀ ਟੀਮ ਨੇ ਕਰੋੜਾਂ ਰੁਪਏ ਦੇ ਬੈਂਕ ਕਰਜ਼ੇ ਫਰਾਡ ਦੇ ਮਾਮਲੇ ਵਿਚ ਚੰਡੀਗੜ੍ਹ ਦੇ ਸੈਕਟਰ 5 ਵਿਚ ਰਹਿਣ ਵਾਲੇ ਬਿਜਨਸਮੈਨ ਸੁਖਵਿੰਦਰ ਸਿੰਘ ਦੇ ਘਰ ਮੰਗਲਵਾਰ ਸ਼ਾਮ ਛਾਪਾ ਮਾਰਿਆ। ਸੁਖਵਿੰਦਰ ਦਾ ਫੂਡ ਪ੍ਰੋਸੈਸਿੰਗ ਪਲਾਂਟ ਹੈ, ਜਿਸ ਸਮੇਂ ਟੀਮ ਸੁਖਵਿੰਦਰ ਘਰ ਵਿਚ ਨਹੀਂ ਸੀ। ਉਸ ਦੇ ਪਰਿਵਾਰ ਨੇ ਟੀਮ ਦੇ ਕਹਿਣ ਦੇ ਬਾਵਜੂਪ ਘਰ ਦਾ ਦਰਵਾਜ਼ਾ ਨਹੀਂ ਖੋਲਿਆ। ਇੰਟਰਨੈਸ਼ਨਲ ਮੈਗਾ ਫੂਡ ਪਾਰਕ ਲਿਮਟਿਡ ‘ਤੇ ਸਿਡਬੀ ਬੈਂਕ ਕੋਲੋਂ 40.17 ਕਰੋੜ ਰੁਪਏ ਦੇ ਕਰਜ਼ ਫਰਾਡ ਦੇ ਮਾਮਲੇ ਵਿਚ ਕਾਰਵਾਈ ਕੀਤੀ ਗਈ।
Check Also
ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਧੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਘਰੇਲੂ ਗੈਸ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ ਹੈ। ਅੱਜ …