ਫ਼ਰੀਦਕੋਟ/ਬਿਊਰੋ ਨਿਊਜ਼ : ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਹੋਏ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਪੰਜ ਸਾਲ ਬੀਤਣ ਮਗਰੋਂ ਵੀ ਪੀੜਤਾਂ ਨੂੰ ਅਜੇ ਤਕ ਇਨਸਾਫ਼ ਦੀ ਆਸ ਦਿਖਾਈ ઠਨਹੀਂ ਦੇ ਰਹੀ। ਮਾਮਲੇ ਦੀ ਪੜਤਾਲ ਕਰ ਰਹੀ ઠਵਿਸ਼ੇਸ਼ ਜਾਂਚ ਟੀਮ ਨੇ ਉਸ ਵੇਲੇ ਦੇ ਡੀਜੀਪੀ ਸੁਮੇਧ ਸੈਣੀ, ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਐੱਸਐੱਸਪੀ ਚਰਨਜੀਤ ਸ਼ਰਮਾ, ਐੱਸਪੀ ਬਲਜੀਤ ਸਿੰਘ ਸਿੱਧੂ, ਪਰਮਜੀਤ ਸਿੰਘ ਪੰਨੂ, ਬਿਕਰਮਜੀਤ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ, ਥਾਣਾ ਬਾਜਾਖਾਨਾ ਦੇ ਤਤਕਾਲੀ ਐੱਸਐੱਚਓ ਅਮਰਜੀਤ ਸਿੰਘ ਕੁਲਾਰ ਅਤੇ ਸਿਟੀ ਕੋਟਕਪੂਰਾ ਦੇ ਐੱਸਐੱਚਓ ਗੁਰਦੀਪ ਪੰਧੇਰ ਨੂੰ ਮੁਲਜ਼ਮ ਵਜੋਂ ਨਾਮਜ਼ਦ ਕਰ ਲਿਆ ਹੈ ਪਰ ਜਾਂਚ ਟੀਮ ਕੋਸ਼ਿਸ਼ਾਂ ਦੇ ਬਾਵਜੂਦ ਸਾਬਕਾ ਡੀਜੀਪੀ ਸੁਮੇਧ ਸੈਣੀ, ਉਮਰਾਨੰਗਲ ਅਤੇ ਬਾਕੀ ਪੁਲੀਸ ਅਧਿਕਾਰੀਆਂ ਨੂੰ ਅਜੇ ਤਕ ਗ੍ਰਿਫ਼ਤਾਰ ਨਹੀਂ ਕਰ ਸਕੀ। ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਨੂੰ ਵੀ ਕੋਟਕਪੂਰਾ ਗੋਲੀ ਕਾਂਡ ਵਿਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਬਹਿਬਲ ਕਲਾਂ ਗੋਲੀ ਕਾਂਡ ਵਿਚ 14 ਅਕਤੂਬਰ ਨੂੰ ਸਵੇਰੇ ਪੁਲੀਸ ਦੀ ਗੋਲੀ ਨਾਲ ਪਿੰਡ ਨਿਆਮੀਵਾਲਾ ਦੇ ਵਸਨੀਕ ਕ੍ਰਿਸ਼ਨ ਭਗਵਾਨ ਸਿੰਘ ਅਤੇ ਪਿੰਡ ਸਰਾਵਾਂ ਦੇ ਵਸਨੀਕ ਗੁਰਜੀਤ ਸਿੰਘ ਦੀ ਮੌਤ ਹੋ ਗਈ ਸੀ ਤੇ 33 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਸਨ। ਇਸ ਮਗਰੋਂ ਪੁਲੀਸ ਨੇ ਧਰਨਾਕਾਰੀਆਂ ਖ਼ਿਲਾਫ਼ ਕੇਸ ਕੀਤਾ ਅਤੇ ਦੋ ਕਤਲਾਂ ਦੇ ਮਾਮਲੇ ਵਿਚ ਅੱਠ ਦਿਨਾਂ ਬਾਅਦ 21 ਅਕਤੂਬਰ ਨੂੰ ਅਣਪਛਾਤੇ ਪੁਲੀਸ ਮੁਲਾਜ਼ਮਾਂ ‘ਤੇ ਕੇਸ ਦਰਜ ਕੀਤਾ ਗਿਆ। ਇਸ ਘਟਨਾ ਮਗਰੋਂ ਡੀਜੀਪੀ ਸੁਮੇਧ ਸੈਣੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਅਤੇ ਮਾਮਲੇ ਦੀ ਜਾਂਚ ਜਸਟਿਸ ਜੋਰਾ ਕਮਿਸ਼ਨ ਨੂੰ ਸੌਂਪ ਦਿੱਤੀ ਗਈ। ਸੂਬੇ ਵਿਚ ਸਰਕਾਰ ਬਦਲਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਮਾਮਲੇ ਦੀ ਜਾਂਚ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਥਾਪਿਤ ਕੀਤਾ, ਜਿਨ੍ਹਾਂ ਨੇ ਆਪਣੀ ਰਿਪੋਰਟ ਵਿਚ ਬਹਿਬਲ ਗੋਲੀ ਕਾਂਡ ਲਈ ਪੁਲੀਸ ਨੂੰ ਕਸੂਰਵਾਰ ਮੰਨਿਆ। ਇਸੇ ਕਮਿਸ਼ਨ ਦੀਆਂ ਸਿਫਾਰਸ਼ਾਂ ‘ਤੇ ਪੰਜਾਬ ਸਰਕਾਰ ਨੇ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਕਾਇਮ ਕੀਤੀ, ਜਿਸ ਵਿਚ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਅਹਿਮ ਭੂਮਿਕਾ ਨਿਭਾ ਰਹੇ ਹਨ। ਵਿਸ਼ੇਸ਼ ਜਾਂਚ ਟੀਮ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ 80 ਫ਼ੀਸਦੀ ਤੋਂ ਵੱਧ ਪੜਤਾਲ ਮੁਕੰਮਲ ਕਰ ਲਈ ਹੈ। ਜਾਂਚ ਟੀਮ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਵਿਚ ਹੁਣ ਤਕ ਦੋ-ਦੋ ਚਲਾਨ ਪੇਸ਼ ਕਰ ਚੁੱਕੀ ਹੈ। ઠਜਾਂਚ ਟੀਮ ਨੇ ਆਪਣੀ ਪੜਤਾਲ ਵਿਚ ਦਾਅਵਾ ਕੀਤਾ ਹੈ ਕਿ ਨਿਹੱਥੇ ਲੋਕਾਂ ‘ਤੇ ਗੋਲੀ ਚਲਾਉਣ ਲਈ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਡੀਜੀਪੀ ਸੁਮੇਧ ਸੈਣੀ ਅਤੇ ਪੰਜਾਬ ਦੇ ਸਾਬਕਾ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਥਿਤ ਤੌਰ ‘ਤੇ ਸਾਜ਼ਿਸ਼ ਰਚੀ ਪਰ ਇਸ ਦਾਅਵੇ ਦੇ ਬਾਵਜੂਦ ਜਾਂਚ ਟੀਮ ਅਜੇ ਤਕ ਸੁਖਬੀਰ ਸਿੰਘ ਬਾਦਲ ਨੂੰ ਮੁਲਜ਼ਮ ਵਜੋਂ ਨਾਮਜ਼ਦ ਨਹੀਂ ਕਰ ਸਕੀ। ਇਸ ਮਾਮਲੇ ਵਿਚ ਨਾਮਜ਼ਦ ਹੋਏ ਮੁਲਜ਼ਮ ਉੱਚ ਪੁਲੀਸ ਅਧਿਕਾਰੀ ਹੋਣ ਕਾਰਨ ਅਦਾਲਤਾਂ ਵਿਚ ਮਾਮਲੇ ਦੀ ਤੋਰ ਕਾਫ਼ੀ ਮੱਧਮ ਹੋ ਗਈ ਹੈ। ਸੂਤਰਾਂ ਅਨੁਸਾਰ ਅਗਲੇ ਦਿਨਾਂ ਵਿਚ ਜਾਂਚ ਟੀਮ ਗੁਰਮੀਤ ਰਾਮ ਰਹੀਮ ਤਕ ਪਹੁੰਚ ਸਕਦੀ ਹੈ। ਪੁਲੀਸ ਦੀ ਗੋਲੀ ਨਾਲ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦੇ ਲੜਕੇ ਸੁਖਰਾਜ ਸਿੰਘ ਨੇ ਕਿਹਾ ਕਿ ਇਨਸਾਫ਼ ਦੀ ਉਡੀਕ ਬਹੁਤ ਲੰਮੀ ਹੋ ਗਈ ਹੈ। ਅਜੇ ਵੀ ਨਹੀਂ ਪਤਾ ਕਿ ਮੁਲਜ਼ਮਾਂ ਬਾਰੇ ਅਦਾਲਤ ਦਾ ਫ਼ੈਸਲਾ ਕਦੋਂ ਆਵੇਗਾ।
ਜਾਂਚ ਛੇਤੀ ਮੁਕੰਮਲ ਹੋਵੇਗੀ : ਆਈਜੀ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਤਨਦੇਹੀ ਨਾਲ ਬਹਿਬਲ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਹੈ ਅਤੇ ਇਹ ਪੜਤਾਲ ਲਗਪਗ ਮੁਕੰਮਲ ਹੋਣ ਵਾਲੀ ਹੈ। ਦੋਵਾਂ ਮਾਮਲਿਆਂ ਵਿਚ ઠਹੁਣ ਤਕ 12 ਮੁਲਜ਼ਮ ਨਾਮਜ਼ਦ ਹੋ ਚੁੱਕੇ ਹਨ।
Check Also
ਸ੍ਰੀ ਅਕਾਲ ਤਖਤ ਸਾਹਿਬ ’ਤੇ ਦੋ ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਤੋਂ ਪਹਿਲਾਂ ਬੋਲੇ ਐਡਵੋਕੇਟ ਧਾਮੀ
ਕਿਹਾ : ਫੈਸਲੇ ਤੋਂ ਪਹਿਲਾਂ ਸਿੰਘ ਸਾਹਿਬਾਨਾਂ ਨੂੰ ਨਾ ਦਿੱਤੀਆਂ ਜਾਣ ਨਸੀਹਤਾਂ ਅੰਮਿ੍ਰਤਸਰ/ਬਿਊਰੋ ਨਿਊਜ਼ : …