
ਕਹਿੰਦੇ – ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਐਵਾਰਡ ਕਰ ਦਿਆਂਗੇ ਵਾਪਸ
ਚੰਡੀਗੜ੍ਹ/ਬਿਊਰੋ ਨਿਊਜ਼
ਕਿਸਾਨੀ ਅੰਦੋਲਨ ਨੂੰ ਹੁਣ ਪੰਜਾਬ ਦੇ ਸਾਬਕਾ ਖਿਡਾਰੀਆਂ ਦਾ ਵੀ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਹੈ। ਇਸਦੇ ਚੱਲਦਿਆਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਦੇ ਸਾਬਕਾ ਖਿਡਾਰੀਆਂ ਨੇ ਵੱਡਾ ਐਲਾਨ ਕੀਤਾ ਹੈ। ਇਹਨਾਂ ਖਿਡਾਰੀਆਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਆਪਣੇ ਐਵਾਰਡ ਵਾਪਸ ਕਰ ਦੇਣਗੇ। ਪਦਮਸ਼੍ਰੀ ਪਹਿਲਵਾਨ ਕਰਤਾਰ ਸਿੰਘ, ਅਰਜੁਨਾ ਐਵਾਰਡ ਜੇਤੂ ਤੇ ਸਾਬਕਾ ਬਾਸਕਿਟਬਾਲ ਖਿਡਾਰੀ ਸੱਜਣ ਸਿੰਘ ਚੀਮਾ, ਗੋਲਡਨ ਗਰਲ ਦੇ ਨਾਮ ਨਾਲ ਜਾਣੀ ਜਾਂਦੀ ਤੇ ਅਰਜੁਨਾ ਐਵਾਰਡ ਜੇਤੂ ਰਾਜਵੀਰ ਕੌਰ, ਓਲੰਪੀਅਨ ਗੁਰਮੇਲ ਸਿੰਘ ਅਤੇ ਸਾਬਕਾ ਕ੍ਰਿਕਟ ਕੋਚ ਰਾਜਿੰਦਰ ਸਿੰਘ ਨੇ ਆਪਣੇ ਐਵਾਰਡ ਵਾਪਸ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਖਿਡਾਰੀਆਂ ਨੇ ਕਿਹਾ ਕਿ ਜੇਕਰ ਕਿਸਾਨਾਂ ਦੇ ਹੱਕ ਵਿਚ ਫੈਸਲਾ ਨਾ ਲਿਆ ਗਿਆ ਤਾਂ ਉਹ ਵੀ ਕਿਸਾਨਾਂ ਦੀ ਆਵਾਜ਼ ਬਣ ਕੇ ਕੇਂਦਰ ਸਰਕਾਰ ਖਿਲਾਫ਼ ਨਿੱਤਰਨਗੇ।