ਲਗਾਤਾਰ ਦੂਜੀ ਵਾਰ ਦੇਸ਼ ਦੀ ਵਾਗਡੋਰ ਸੰਭਾਲੀ
ਇਸਲਾਮਾਬਾਦ/ਬਿਊਰੋ ਨਿਊਜ਼ : ਪੀਐੱਮਐੱਲ-ਐੱਨ ਆਗੂ ਸ਼ਾਹਬਾਜ਼ ਸ਼ਰੀਫ਼ (72) ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲੈ ਲਿਆ ਹੈ। ਦੇਸ਼ ਨੂੰ ਦਰਪੇਸ਼ ਆਰਥਿਕ ਅਤੇ ਸੁਰੱਖਿਆ ਚੁਣੌਤੀਆਂ ਦਰਮਿਆਨ ਉਨ੍ਹਾਂ ਲਗਾਤਾਰ ਦੂਜੀ ਵਾਰ ਦੇਸ਼ ਦੀ ਵਾਗਡੋਰ ਸੰਭਾਲੀ ਹੈ। ਰਾਸ਼ਟਰਪਤੀ ਆਰਿਫ਼ ਅਲਵੀ ਨੇ ‘ਐਵਾਨ-ਏ-ਸਦਰ’ ਵਿੱਚ ਹੋਏ ਸਮਾਗਮ ਦੌਰਾਨ ਸ਼ਾਹਬਾਜ਼ ਨੂੰ ਹਲਫ਼ ਦਿਵਾਇਆ। ਹਲਫਦਾਰੀ ਸਮਾਗਮ ਦੌਰਾਨ ਤਿੰਨੋਂ ਸੈਨਾਵਾਂ ਦੇ ਮੁਖੀ, ਸੀਨੀਅਰ ਅਧਿਕਾਰੀ, ਡਿਪਲੋਮੈਟ, ਉੱਘੇ ਕਾਰੋਬਾਰੀ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਇਸ ਮੌਕੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਰਉੱਲ ਹੱਕ ਕਾਕਰ ਦੇ ਨਾਲ ਸਾਬਕਾ ਪ੍ਰਧਾਨ ਮੰਤਰੀ ਤੇ ਸ਼ਾਹਬਾਜ਼ ਦੇ ਭਰਾ ਨਵਾਜ਼ ਸ਼ਰੀਫ਼, ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਅਤੇ ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਵੀ ਮੌਜੂਦ ਸਨ।
ਇਸ ਤੋਂ ਪਹਿਲਾਂ ਸ਼ਾਹਬਾਜ਼ ਅਪਰੈਲ 2022 ਤੋਂ ਅਗਸਤ 2023 ਤੱਕ ਗੱਠਜੋੜ ਸਰਕਾਰ ਦੇ ਪ੍ਰਧਾਨ ਮੰਤਰੀ ਰਹੇ ਸਨ।
ਬੇਭਰੋਸਗੀ ਦੇ ਮਤੇ ਰਾਹੀਂ ਇਮਰਾਨ ਨੂੰ ਸੱਤਾ ਤੋਂ ਲਾਂਭੇ ਕਰਨ ਮਗਰੋਂ ਜਦੋਂ ਸ਼ਾਹਬਾਜ਼ ਪ੍ਰਧਾਨ ਮੰਤਰੀ ਅਹੁਦੇ ਲਈ ਚੁਣੇ ਗਏ ਸਨ ਤਾਂ ਅਲਵੀ ਨੇ ਸਿਹਤ ਨਾਸਾਜ਼ ਹੋਣ ਦਾ ਬਹਾਨਾ ਬਣਾ ਕੇ ਉਨ੍ਹਾਂ ਨੂੰ ਹਲਫ਼ ਦਿਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਸਮੇਂ ਸੈਨੇਟ ਚੇਅਰਮੈਨ ਸਾਦਿਕ ਸੰਜਰਾਨੀ ਨੇ ਸ਼ਾਹਬਾਜ਼ ਨੂੰ ਹਲਫ਼ ਦਿਵਾਇਆ ਸੀ।
ਹੁਣ ਵੀ ਮੰਨਿਆ ਜਾ ਰਿਹਾ ਸੀ ਕਿ ਅਲਵੀ ਸਮਾਗਮ ਤੋਂ ਦੂਰ ਰਹਿ ਸਕਦੇ ਹਨ ਪਰ ਉਹ ਹਲਫ਼ ਦਿਵਾਉਣ ਲਈ ਰਾਜ਼ੀ ਹੋ ਗਏ ਸਨ।
ਸ਼ਾਹਬਾਜ਼ ਨੇ ਨਵੀਂ ਚੁਣੀ ਗਈ ਸੰਸਦ ‘ਚ ਐਤਵਾਰ ਨੂੰ ਵਿਰੋਧੀ ਧਿਰ ਦੀ ਨਾਅਰੇਬਾਜ਼ੀ ਦਰਮਿਆਨ ਬਹੁਮਤ ਸਾਬਿਤ ਕੀਤਾ ਸੀ। ਪੀਐੱਮਐੱਲ-ਐੱਨ ਅਤੇ ਪੀਪੀਪੀ ਦੇ ਸਾਂਝੇ ਉਮੀਦਵਾਰ ਸ਼ਾਹਬਾਜ਼ ਨੂੰ 336 ਮੈਂਬਰੀ ਸੰਸਦ ‘ਚ 201 ਵੋਟਾਂ ਮਿਲੀਆਂ ਸਨ ਜਦਕਿ ਵਿਰੋਧੀ ਉਮਰ ਅਯੂਬ ਖ਼ਾਨ ਨੇ 92 ਵੋਟਾਂ ਹਾਸਲ ਕੀਤੀਆਂ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …