Breaking News
Home / ਕੈਨੇਡਾ / ਇੰਡੀਅਨ ਐਕਸ-ਸਰਵਿਸਮੈਨ ਐਸੋਸੀਏਸ਼ਨ ਦਾ ਆਮ ਇਜਲਾਸ

ਇੰਡੀਅਨ ਐਕਸ-ਸਰਵਿਸਮੈਨ ਐਸੋਸੀਏਸ਼ਨ ਦਾ ਆਮ ਇਜਲਾਸ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਲੰਘੇ ਸ਼ਨਿਚਰਵਾਰ ਇੰਡੀਅਨ ਐਕਸ-ਸਰਵਿਸਮੈਨ ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ ਜੋ ਨੈਸ਼ਨਲ ਬੈਂਕੁਇਟ ਹਾਲ ਹੋਈ, ਵਿਚ ਵੱਡੀ ਗਿਣਤੀ ਵਿਚ ਪਰਿਵਾਰਾਂ ਸਮੇਤ ਮੈਂਬਰ ਸ਼ਾਮਲ ਹੋਏ ਅਤੇ ਵੱਖ ਵੱਖ ਮੁੱਦਿਆਂ ‘ਤੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਬੜੇ ਹੀ ਸੁਚੱਜੇ ਤੇ ਅਨੁਸ਼ਾਸਿਤ ਢੰਗ ਨਾਲ ਸ਼ੁਰੂ ਤੋਂ ਅਖੀਰ ਤੱਕ ਚੱਲੀ।
ਸਭ ਤੋਂ ਪਹਿਲਾਂ ਸਵਰਗ ਸੁਧਾਰ ਚੁੱਕੇ ਮੈਂਬਰਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਦੋ ਮਿੰਟ ਦਾ ਮੌਨ ਧਾਰਿਆ ਗਿਆ। ਇਸ ਤੋਂ ਬਾਅਦ ਨਵੇਂ ਬਣੇ 17 ਮੈਂਬਰਾਂ ਨੂੰ ਜੀ ਆਇਆਂ ਕਹਿੰਦਿਆਂ, ਉਨ੍ਹਾਂ ਦੀ ਜਾਣ ਪਹਿਚਾਣ ਕਰਵਾਈ ਗਈ। ਕੈਨੇਡਾ ਵਿਚ ਭਾਰਤ ਦੇ ਸਫਾਰਤਖਾਨੇ ਵਲੋਂ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ, ਦੇਸ਼ ਦੇ 75ਵੇਂ ਅਜ਼ਾਦੀ ਦਿਵਸ ਤੇ ਕੈਨੇਡਾ ਭਰ ਵਿਚਲੇ 75 ਸਾਲ ਤੋਂ ਵੱਧ ਉਮਰ ਦੇ ਸੇਵਾ ਮੁਕਤ ਫੌਜੀਆਂ ਨੂੰ ਵਰਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ।
ਇਸ ਮੀਟਿੰਗ ਵਿਚ ਭਾਰਤ ਦੀ ਕੌਂਸਲੇਟ ਜਨਰਲ ਅਪੂਰਵਾ ਸ੍ਰੀਵਾਸਤਵ ਦੇ ਇਸ ਕਦਮ ਦੀ ਸਰਾਹਣਾ ਕੀਤੀ ਗਈ। ਬੀਤੇ ਦੋ ਸਾਲਾਂ ਦੌਰਾਨ ਕੋਵਿਡ ਦੇ ਕਹਿਰ ਕਾਰਨ ਐਸੋਸੀਏਸ਼ਨ ਦੀਆਂ ਵੱਡੀਆਂ ਇਕੱਤਰਤਾਵਾਂ ਨਹੀਂ ਹੋ ਸਕੀਆਂ। ਇਸ ਲਈ ਸਾਲ 2019 ਵਿਚ ਹੋਈ ਜਨਰਲ ਬਾਡੀ ਅਤੇ 2020 ਅਤੇ 2021 ਵਿਚ ਹੋਈਆਂ ਕਾਰਜਕਰਨੀ ਦੀਆਂ ਮੀਟਿੰਗਾਂ ਦੀ ਕਾਰਵਾਈ ਬਾਰੇ ਮੈਂਬਰਾਂ ਨੂੰ ਜਾਣੂ ਕਰਵਾਉਂਦਿਆਂ, ਸਾਰੀ ਕਾਰਵਾਈ ਨੂੰ ਪਾਸ ਕਰਵਾਇਆ ਗਿਆ।
ਜਨਰਲ ਸਕੱਤਰ ਕੈਪਟਨ ਰਣਜੀਤ ਸਿੰਘ ਧਾਲੀਵਾਲ ਵਲੋਂ ਮੈਂਬਰਾਂ ਨੂੰ ਐਸੋਸੀਏਸ਼ਨ ਦੀ ਆਮਦਨ ਖਰਚ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਸੰਸਥਾ ਦੇ ਮੀਤ ਪ੍ਰਧਾਨ ਲੈਫਟੀਨੈਂਟ ਕਰਨਲ ਨਰਵੰਤ ਸਿੰਘ ਵਲੋਂ ਸਿਹਤ ਠੀਕ ਨਾ ਰਹਿਣ ਕਾਰਨ ਦਿੱਤੇ ਅਸਤੀਫੇ ਬਾਰੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਅਗਸਤ-ਨਵੰਬਰ ਵਿਚ ਪਿਕਨਿਕ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿਚ ਪ੍ਰਧਾਨ ਕਰਨਲ ਗੁਰਮੇਲ ਸਿੰਘ ਸੋਹੀ ਵਲੋਂ ਇੱਕ ਰੈਂਕ ਇੱਕ ਪੈਂਨਸ਼ਨ ਬਾਰੇ ਮੈਂਬਰਾਂ ਨੂੰ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ ਅਤੇ ਸੇਵਾ ਮੁਕਤ ਫੌਜੀਆਂ ਦੀ ਪੈਨਸ਼ਨ ਬਾਰੇ ਸੁਪਰੀਮ ਕੋਰਟ ਵਲੋਂ ਦਿੱਤੇ ਗਏ ਫੈਸਲੇ ਨੂੰ ਭਾਰਤ ਸਰਕਾਰ ਵਲੋਂ ਪਹਿਲੀ ਜੁਲਾਈ 2019 ਤੋਂ ਬਕਾਇਆ ਰਾਸ਼ੀ ਦੇਣ ਲਈ ਦਿੱਤੇ ਗਏ ਆਦੇਸ਼ਾਂ ਬਾਰੇ ਚਾਨਣਾ ਪਾਇਆ ਗਿਆ। ਇਹ ਬਕਾਇਆ ਰਾਸ਼ੀ ਜੂਨ ਮਹੀਨੇ ਦੀ ਪੈਨਸ਼ਨ ਨਾਲ ਖਾਤਿਆਂ ਵਿਚ ਜਮਾਂ ਕਰਵਾ ਦਿੱਤੀ ਜਾਣੀ ਹੈ।
ਉਨ੍ਹਾਂ ਵਲੋਂ ਸੁਰਗਵਾਸ ਹੋ ਚੁੱਕੇ ਸੇਵਾ ਨਵਿਰਤ ਸੈਨਕਾਂ ਤੇ ਨਿਰਭਰ ਤਲਾਕ ਸ਼ੁਧਾ ਲੜਕੀਆਂ ਜਾਂ ਵਿਕਲਾਂਗ ਬੱਚਿਆਂ ਦੀ ਪੈਂਨਸ਼ਨ ਸਕੀਮ ਬਾਰੇ ਵੀ ਜਾਣਕਾਰੀ ਦਿੱਤੀ।
ਚੇਅਰਮੈਨ ਬਰਗੇਡੀਅਰ ਨਵਾਬ ਸਿੰਘ ਹੀਰ ਵਲੋਂ ਭਾਰਤ ਦੇ ਕੌਂਸਲੇਟ ਜਨਰਲ ਨਾਲ ਸਮੇਂ ਸਮੇਂ ਤੇ ਰਾਬਤਾ ਕਾਇਮ ਕੀਤਾ ਜਾਂਦਾ ਹੈ। ਉਨ੍ਹਾਂ ਨੇ ਨਵੇਂ ਆ ਰਹੇ ਵਿਦਿਆਰਥੀਆਂ, ਖਾਸ ਕਰ ਲੜਕੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਨਵੇਂ ਆਏ ਵਿਦਿਆਰਥੀਆਂ ਦਾ ਵਿਦਿਅਕ ਅਦਾਰਿਆਂ ਵਲੋਂ ਕੀਤੇ ਜਾ ਰਹੇ ਸ਼ੋਸ਼ਣ ਅਤੇ ਇਸ ਤਰ੍ਹਾਂ ਵਿਦਿਆਰਥੀਆਂ ਵਲੋਂ ਆਤਮ ਹੱਤਿਆ ਦਾ ਰੁਝਾਨ ਵਧਣ ਬਾਰੇ ਖਾਸ ਤੌਰ ਤੇ ਕੌਂਸਲੇਟ ਜਨਰਲ ਨਾਲ ਹੋਏ ਵਿਚਾਰ ਵਟਾਂਦਰੇ ਬਾਰੇ ਦੱਸਿਆ। ਉਨ੍ਹਾਂ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਵਿਦਿਆਥੀਆਂ ਦੀਆਂ ਮੁਸ਼ਕਲਾਂ ਸਮਝਣ ਅਤੇ ਸਹਾਇਤਾ ਕਰਨ ਲਈ ਕਿਹਾ। ਸੰਸਥਾ ਦੇ ਇੱਕ ਮੈਂਬਰ ਵਲੋਂ ਸੰਸਥਾ ਦਾ ਅਨੁਸਾਸ਼ਨ ਭੰਗ ਕਰਨ ਕਾਰਨ ਮੁਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰਨ ਬਾਰੇ ਜਾਣਕਾਰੀ ਦਿੱਤੀ ਅਤੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਸੰਸਥਾ ਦੇ ਸੰਵਿਧਾਨ ਦੇ ਦਾਇਰੇ ਵਿਚ ਰਹਿ ਕੇ ਗਤੀਵਿਧੀਆਂ ਕਰਨ।
ਜਨਰਲ ਬੀ ਪੀ ਐਸ ਗਰੇਵਾਲ ਨੇ ਭਾਰਤ ਸਰਕਾਰ ਦੇ ਇੰਨਟਰਨੈਟ ਤੇ ਜਾਣਕਾਰੀ ਲਈ ਖੋਲ੍ਹੇ ਸਪਾਰਸ਼ ਪੋਰਟਲ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤ ਦੀ ਨਵੀਂ ਨੀਤੀ ਅਨੁਸਾਰ ਸੇਵਾ ਮੁਕਤ ਸੁਰੱਖਿਆ ਕਰਮਚਾਰੀਆਂ ਅਤੇ ਉਨ੍ਹਾਂ ਦੀਆਂ ਪਰਿਵਾਰਕ ਪੈਨਸ਼ਨ ਧਾਰਕਾਂ ਨੂੰ ਸੀ ਡੀ ਏ ਅਲਾਹਾਬਾਦ ਵਲੋਂ ਸਿੱਧੇ ਹੀ ਬੈਂਕ ਖਾਤਿਆਂ ਵਿਚ ਪੈਨਸ਼ਨ ਜਮ੍ਹਾਂ ਕੀਤੀ ਜਾਇਆ ਕਰੇਗੀ।
ਇਹ ਸਕੀਮ ਅਜੇ 2016 ਤੋਂ ਪਿੱਛੋਂ ਪੈਨਸ਼ਨ ਤੇ ਆਏ ਸੇਵਾ ਮੁਕਤ ਸੁਰੱਖਿਆ ਕਰਮਚਾਰੀਆਂ ਲਈ ਲਾਗੂ ਕੀਤੀ ਗਈ ਹੈ। ਉਨ੍ਹਾਂ ਇਸ ਸਕੀਮ ਵਿਚ ਆ ਰਹੀਆਂ ਦਿਕੱਤਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਅਤੇ ਲੋੜੀਂਦੀ ਕਾਰਵਾਈ ਕਰਨ ਲਈ ਜਾਣਕਾਰੀ ਦਿੱਤੀ।
ਜੋ ਪੈਨਸ਼ਨ ਧਾਰਕ ਪੁਰਾਣੀ ਨੀਤੀ ਅਨੁਸਾਰ ਪੈਨਸ਼ਨ ਚਾਲੂ ਰਖਣਾ ਚਾਹੁੰਦੇ ਹਨ ਤਾਂ ਨਵੀਂ ਨੀਤੀ ਨਾ ਅਪਣਾਉਣ ਬਾਰੇ ਲਿਖ ਕੇ ਦੇ ਸਕਦੇ ਹਨ। ਇਹ ਫਾਰਮ ਸੰਸਥਾ ਦੇ ਸਕੱਤਰ ਕੋਲੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਐਸੋਸੀਏਸ਼ਨ ਦੀ ਮੌਜੂਦਾ ਕਾਰਜਕਰਨੀ ਦਾ ਕਾਰਜਕਾਲ ਸਤੰਬਰ 2022 ਵਿਚ ਪੂਰਾ ਹੋਣ ਵਾਲਾ ਹੈ ਅਤੇ ਨਵੀ ਕਮੇਟੀ ਦੀ ਚੋਣ ਕੀਤੀ ਜਾਣੀ ਹੈ। ਵੱਖ-ਵੱਖ ਅਹੁਦਿਆਂ ਦੀ ਜ਼ਿੰਮੇਵਾਰੀ ਸੰਭਾਲਣ ਲਈ ਮੈਂਬਰ ਅਪਣੇ ਨਾਂ ਕਰਨਲ ਗੁਰਮੇਲ ਸਿੰਘ ਸੋਹੀ ਨੂੰ ਦੇ ਸਕਦੇ ਹਨ ਤਾਂ ਜੋ ਉਹ ਸੰਵਿਧਾਨ ਮੁਤਾਬਿਕ ਉਨ੍ਹਾਂ ਦੀ ਯੋਗਤਾ ਬਾਰੇ ਪੜਤਾਲ ਕਰ ਸਕਣ।
ਅਗਲੀ ਇਕੱਤਰਤਾ ਵਿਚ ਨਵੀਂ ਕਮੇਟੀ ਦੀ ਚੋਣ ਕੀਤੀ ਜਾਵੇਗੀ। ਪ੍ਰੋਗਰਾਮ ਦੇ ਆਖਰ ‘ਤੇ ਚੇਅਰਮੈਨ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਆਈਆਂ ਲੇਡੀਜ਼ ਨੇ ਅਲੱਗ ਹਾਲ ਵਿਚ ਗੀਤ ਸੰਗੀਤ ਗਾ ਕੇ ਅਪਣਾ ਮਨਪ੍ਰਚਾਵਾ ਕੀਤਾ ਅਤੇ ਤੰਬੋਲੇ ਦਾ ਅਨੰਦ ਮਾਣਿਆਂ। ਮੀਟਿੰਗ ਦੌਰਾਨ ਖਾਣ ਪੀਣ ਦਾ ਵਧੀਆਂ ਪ੍ਰਬੰਧ ਸੀ, ਜਿਸ ਦਾ ਹਰ ਇੱਕ ਨੇ ਭਰਪੂਰ ਆਨੰਦ ਮਾਣਿਆਂ।
ਐਸੋਸੀਏਸ਼ਨ ਵਲੋਂ ਸਤੰਬਰ ਮਹੀਨੇ ਵਿਚ ਇੱਕ ਪਰਿਵਾਰਕ ਪ੍ਰੋਗਰਾਮ ਕਰਨ ਦਾ ਫੈਸਲਾ ਵੀ ਕੀਤਾ ਗਿਆ, ਜਿਸ ਦੇ ਥਾਂ ਅਤੇ ਤਾਰੀਖ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ। ਸੰਸਥਾ ਬਾਰੇ ਹੋਰ ਜਾਣਕਾਰੀ ਲਈ ਕਰਨਲ ਗੁਰਮੇਲ ਸਿੰਘ ਸੋਹੀ (647 878 7644) ਜਾਂ ਕੈਪਟਨ ਰਣਜੀਤ ਸਿੰਘ ਧਾਲੀਵਾਲ ( 647 760 9001) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …