ਬਰੈਂਪਟਨ : ਪਿਛਲੇ ਦਿਨੀਂ ਰੋਬਰਟ ਪੋਸਟ ਸੀਨੀਅਰ ਕਲੱਬ ਤੇ ਜੇਮਜ਼ ਪੌਟਰ ਸੀਨੀਅਰਜ਼ ਕਲੱਬ ਵਲੋਂ ਸਾਂਝੇ ਤੌਰ ‘ਤੇ ਸੀਨੀਅਰਜ਼ ਦਾ ਬਹੁਤ ਹੀ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਮਸਕੋਕਾ ਏਰੀਏ ਦਾ ਟੂਰ ਲਗਵਾਇਆ ਗਿਆ।
ਕੋਵਿਡ-19 ਦੇ ਸਤਾਏ ਹੋਏ ਸੀਨੀਅਰਜ਼ ਲਗਭਗ ਡੇਢ ਸਾਲ ਤੋਂ ਘਰਾਂ ਵਿਚ ਮਜਬੂਰੀ ਬਸ ਬੰਦ ਬੈਠੇ ਸਨ। ਉਹਨਾਂ ਦੀ ਉਦਾਸੀ ਨੂੰ ਦੂਰ ਕਰਨ ਲਈ ਤੇ ਵੱਡੀ ਗਿਣਤੀ ਵਿਚ ਵੈਕਸੀਨ ਲੱਗ ਜਾਣ ਕਾਰਨ ਸਰਕਾਰੀ ਨਿਯਮਾਂ ਵਿਚ ਛੋਟਾਂ ਮਿਲ ਜਾਣ ਕਾਰਨ ਰੋਬਰਟ ਪੋਸਟ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਸਿੱਧੂ ਤੇ ਜੇਮਜ਼ ਪੌਟਰ ਸੀਨੀਅਰਜ਼ ਕਲੱਬ ਦੇ ਪ੍ਰਧਾਨ ਪ੍ਰੀਤਮ ਸਿੰਘ ਸਰਾਂ ਦੀ ਅਗਵਾਈ ਵਿਚ, ਲੰਘਦੇ ਜਾ ਰਹੇ ਵਧੀਆ ਮੌਸਮ ਦਾ ਲਾਹਾ ਲੈਣ ਲਈ ਤੇ ਸੀਨੀਅਰਜ਼ ਦੇ ਉਮਰਾਂ ਦੇ ਢਲਦੇ ਜਾ ਰਹੇ ਪਰਛਾਵੇਂ ਵਿਚ ਨਵਾਂ ਰੰਗ ਭਰਨ ਲਈ ਇਸ ਟੂਰ ਦਾ ਪ੍ਰਬੰਧ ਕੀਤਾ ਗਿਆ। ਨਿਸ਼ਚਿਤ ਸਮੇਂ ‘ਤੇ ਡੀਲਕਸ ਬੱਸ ਪਾਰਕ ਵਿਚ ਪਹੁੰਚ ਗਈ ਤੇ ਆਪਣੇ ਪੂਰੇ ਜਲੌਅ ਵਿਚ ਮੁਸਕਰਾਉਂਦੇ ਹੋਏ ਤੇ ਪੂਰੇ ਸਜ ਧਜ ਕੇ ਤਿਆਰ ਹੋ ਕੇ ਸੀਨੀਅਰਜ਼ ਡਿਸਪਲਿਨ ਨੂੰ ਮੰਨਦੇ ਹੋਏ ਪਹਿਲਾਂ ਹੀ ਪਹੁੰਚ ਚੁੱਕੇ ਸਨ।
ਲਗਭਗ ਤਿੰਨ ਘੰਟੇ ਤੱਕ ਦਾ ਸਫਰ ਵਧੀਆ ਅਰਾਮਦਾਇਕ ਸੀਟਾਂ ਕਾਰਨ ਤੇ ਹਾਸੇ ਮਜ਼ਾਕ ਕਰਦਿਆਂ ਪਲਾਂ ਵਿਚ ਹੀ ਮੁੱਕ ਗਿਆ। ਸੈਲਾਨੀਆਂ ਦੀ ਗਿਣਤੀ ਘੱਟ ਹੋਣ ਕਰਕੇ ਵੱਡੇ ਸਟੀਮਰ ਕਰੂਜ਼ ਦੀ ਥਾਂ ਛੋਟੇ ਬੋਟ ਹੀ ਚੱਲ ਰਹੇ ਸਨ। ਅਸੀਂ ਡੈਕ ‘ਤੇ ਬੈਠੇ ਅਥਾਹ, ਵਿਸ਼ਾਲ ਪਾਣੀਆਂ ਵਿਚ ਬੇਸ਼ੁਮਾਰ ਛੋਟੇ-ਛੋਟੇ ਆਈਲੈਂਡ, ਜਿਨ੍ਹਾਂ ਦੇ ਪੱਥਰਾਂ ਵਿਚ ਉਗੇ ਉਚੇ ਲੰਮੇ ਹਵਾਵਾਂ ਨਾਲ ਝੂਲਦੇ ਰੁੱਖ ਵੇਖ ਕੇ ਕੁਦਰਤ ਦੇ ਇਸ ਅਦਭੁਤ ਨਜ਼ਾਰੇ ਤੇ ਅਸ਼-ਅਸ਼ ਕਰ ਰਹੇ ਸਾਂ।
ਪਾਣੀਆਂ ਵਿਚ ਬੇਸ਼ੁਮਾਰ ਛੋਟੀਆਂ ਬੋਟਾਂ ਦੀ ਭਰਮਾਰ ਸੀ, ਜਿਨ੍ਹਾਂ ਦੀਆਂ ਰੇਸਾਂ ਲਵਾ ਰਹੀ ਜੁਆਨੀ ਸੋਹਣੇ ਮੌਸਮ ਦਾ ਅਨੰਦ ਮਾਣਦਿਆਂ ਸਾਨੂੰ ਵੀ ਹੈਲੋ ਹਾਏ ਕਰਦੀ ਹੋਈ ਪਾਣੀ ਵਿਚ ਉਡਦੀ ਹੋਈ ਪ੍ਰਤੀਤ ਹੁੰਦੀ ਸੀ। ਹੁਣ ਸੀਨੀਅਰਜ਼ ਵੀ ਹਾਈ ਟਿਕ ਹੋ ਗਏ ਸਨ। ਉਹ ਆਪਸ ਵਿਚ ਸੈਲਫੀਆਂ ਵੀ ਲੈ ਰਹੇ ਸਨ ਤੇ ਕੁਦਰਤ ਦੇ ਇਸ ਸੁੰਦਰ ਮਨਮੋਹਕ ਨਜ਼ਾਰੇ ਨੂੰ ਆਪੋ ਆਪਣੇ ਫੋਨ ਕੈਮਰੇ ਵਿਚ ਕੈਦ ਵੀ ਕਰੀ ਜਾ ਰਹੇ ਸਨ। ਅਸੀਂ ਸਾਰੇ ਧਰਤੀ ਤੇ ਸਚਮੁੱਚ ਦੇ ਸਵਰਗ ਵਿਚ ਵਿਚਰ ਰਹੇ ਮਹਿਸੂਸ ਕਰ ਰਹੇ ਸਾਂ। ਵਾਪਸੀ ਵੇਲੇ ਬਸ ਬੈਠੇ ਵੀ ਕੁਦਰਤ ਦੇ ਇਸ ਕ੍ਰਿਸ਼ਮੇ ਦਾ ਅਹਿਸਾਸ ਤੇ ਪਾਣੀਆਂ ਦੀਆਂ ਉਚੀਆਂ ਉਠਦੀਆਂ ਲਹਿਰਾਂ ਦਾ ਮਿੱਠਾ ਸ਼ੋਰ ਮਨ ਨੂੰ ਹੁਲਾਰਾ ਦੇਈ ਜਾ ਰਿਹਾ ਸੀ।
ਰਸਤੇ ਵਿਚ ਕਾਫੀ ਪੀਣ ਲਈ ਲਗਭਗ ਅੱਧਾ ਘੰਟਾ ਰੁਕ ਗਏ ਤੇ ਹਨ੍ਹੇਰਾ ਹੋਣ ਤੋਂ ਪਹਿਲਾਂ ਟਰਿੱਪ ਦੀਆਂ ਮਿੱਠੀਆਂ ਯਾਦਾਂ ਲੈ ਕੇ ਘਰ ਪਹੁੰਚ ਗਏ।
ਇਸ ਟੂਰ ਨੂੰ ਕਾਮਯਾਬ ਕਰਨ ਤੇ ਇਸਦਾ ਪ੍ਰਬੰਧ ਕਰਨ ਵਿਚ ਹੋਰਾਂ ਤੋਂ ਇਲਾਵਾ ਸੂਬੇਦਾਰ ਮਹਿੰਦਰ ਸਿੰਘ ਤਿਹਾੜਾ, ਹਰਵਿੰਦਰ ਸਿੰਘ ਬੈਨੀਪਾਲ, ਮਹਿੰਦਰ ਸਿੰਘ ਮੋਹੀ ਨੇ ਆਪਣਾ ਮੁੱਖ ਯੋਗਦਾਨ ਪਾਇਆ। ਹੋਰ ਜਾਣਕਾਰੀ ਲਈ ਮਹਿੰਦਰ ਸਿੰਘ ਮੋਹੀ ਨਾਲ ਫੋਨ ਨੰਬਰ 416-659-1232 ‘ਤੇ ਗੱਲ ਕੀਤੀ ਜਾ ਸਕਦੀ ਹੈ।