Breaking News
Home / ਕੈਨੇਡਾ / ਸਿੱਖਾਂ ਨੂੰ ਅੱਤਵਾਦੀ ਕਹਿਣ ‘ਤੇ ਠੇਸ ਪੁੱਜੀ : ਰੂਬੀ ਸਹੋਤਾ

ਸਿੱਖਾਂ ਨੂੰ ਅੱਤਵਾਦੀ ਕਹਿਣ ‘ਤੇ ਠੇਸ ਪੁੱਜੀ : ਰੂਬੀ ਸਹੋਤਾ

ਰਿਪੋਰਟ ਦੀ ਸਮੀਖਿਆ ਕਰਨ ਦੀ ਮੰਗ
ਬਰੈਂਪਟਨ/ਬਿਊਰੋ ਨਿਊਜ਼ : ਐੱਮਪੀ ਰੂਬੀ ਸਹੋਤਾ ਨੇ ਹਾਲ ਹੀ ਵਿੱਚ ‘ਪਬਲਿਕ ਸੇਫਟੀ ਕੈਨੇਡਾ’ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਸਿੱਖਾਂ ਪ੍ਰਤੀ ਵਰਤੀ ਗਈ ਸ਼ਬਦਾਵਲੀ ‘ਤੇ ਗਹਿਰਾ ਇਤਰਾਜ਼ ਕੀਤਾ ਹੈ। ਉਨ੍ਹਾਂ ਨੇ ਸੰਬਧਿਤ ਮੰਤਰੀ ਨੂੰ ਇਸ ਰਿਪੋਰਟ ਦੀ ਸਮੀਖਿਆ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਲੰਘੇ ਹਫ਼ਤੇ ਹੀ ‘ਪਬਲਿਕ ਸੇਫਟੀ ਕੈਨੇਡਾ’ ਨੇ ‘ਕੈਨੇਡਾ ਉਤੇ ਅੱਤਵਾਦੀ ਖਤਰਿਆਂ ‘ਤੇ ਜਨਤਕ ਰਿਪੋਰਟ 2018: ਸੁਰੱਖਿਅਤ ਅਤੇ ਸਥਿਰ ਕੈਨੇਡਾ ਦਾ ਨਿਰਮਾਣ’ ਨਾਂ ਦੀ ਰਿਪੋਰਟ ਜਾਰੀ ਕੀਤੀ ਸੀ। ਇਸਦਾ ਮਕਸਦ ਕੈਨੇਡਾ ਨੂੰ ਅੱਤਵਾਦ ਤੋਂ ਖਤਰਾ ਹੋਣ ਸਬੰਧੀ ਖੁੱਲ੍ਹਾ ਅਤੇ ਪਾਰਦਰਸ਼ੀ ਅਪਡੇਟ ਪ੍ਰਦਾਨ ਕਰਨਾ ਹੈ। ਰੂਬੀ ਸਹੋਤਾ ਨੇ ਕਿਹਾ ਕਿ ਰਿਪੋਰਟ ਵਿੱਚ ‘ਸਿੱਖ (ਖਾਲਿਸਤਾਨੀ) ਅੱਤਵਾਦ ਸਮੇਤ ‘ਸੁੰਨੀ ਇਸਲਾਮਕ ਅੱਤਵਾਦੀ’ ਅਤੇ ‘ਸ਼ੀਆ ਅੱਤਵਾਦੀ’ ਸ਼ਬਦਾਂ ਦੀ ਵਰਤੋਂ ਪੜ੍ਹਕੇ ਉਨ੍ਹਾਂ ਨੂੰ ਗਹਿਰੀ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਇੱਕ ਮਿਲੀਅਨ ਤੋਂ ਜ਼ਿਆਦਾ ਸਿੱਖਾਂ, ਸੁੰਨੀ ਮੁਸਲਮਾਨਾਂ ਅਤੇ ਸ਼ੀਆ ਮੁਸਲਮਾਨਾਂ ਦਾ ਘਰ ਹੈ ਅਤੇ ਇਨ੍ਹਾਂ ਦਾ ਕੈਨੇਡਾ ਦੇ ਵਿਕਾਸ ਦੇ ਹਰ ਪੱਖ ਵਿੱਚ ਵਿਸ਼ੇਸ਼ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨੋਂ ਸਮੁੱਚੇ ਭਾਈਚਾਰਿਆਂ ਨੂੰ ਹੀ ਅਤਿਵਾਦੀ ਕਹਿਣਾ ਗਲਤ ਹੈ ਜਦੋਂ ਕਿ ਕੈਨੇਡਾ ਦੇ ਅਧਿਕਾਰਾਂ ਅਤੇ ਆਜ਼ਾਦੀ ਦੇ ਚਾਰਟਰ ਵਿੱਚ ਇਨ੍ਹਾਂ ਨੂੰ ਹਰ ਤਰ੍ਹਾਂ ਦੇ ਅਧਿਕਾਰ ਮੁਹੱਈਆ ਕਰਾਏ ਗਏ ਹਨ। ਉਨ੍ਹਾਂ ਨੇ ਇਸ ਸਬੰਧੀ ਇਤਰਾਜ਼ ਪ੍ਰਗਟਾਉਣ ਲਈ ਜਨਤਕ ਸੁਰੱਖਿਆ ਅਤੇ ਐਮਰਜੈਂਸੀ ਤਿਆਰੀ ਮੰਤਰੀ ਰਾਲਫ ਗੱਡੇਲ ਨਾਲ ਤੁਰੰਤ ਮੀਟਿੰਗ ਤੈਅ ਕੀਤੀ। ਸਹੋਤਾ ਨੇ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਇਸ ਰਿਪੋਰਟ ਅਤੇ ਵਰਤੀ ਗਈ ਸ਼ਬਦਾਵਲੀ ਦੀ ਸਮੀਖਿਆ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜਨਤਕ ਸੁਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਮੈਂਬਰ ਹੋਣ ਵਜੋਂ ਉਨ੍ਹਾਂ ਦੀ ਕਮੇਟੀ ਵੱਲੋਂ ਇਸ ਰਿਪੋਰਟ ਦਾ ਨਾ ਤਾਂ ਅਧਿਐਨ ਕੀਤਾ ਗਿਆ ਤੇ ਨਾ ਹੀ ਕੋਈ ਪ੍ਰਵਾਨਗੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਮੁੱਚੇ ਧਰਮ ਨੂੰ ਅੱਤਵਾਦ ਨਾਲ ਨਹੀਂ ਜੋੜਿਆ ਜਾ ਸਕਦਾ। ਉਨ੍ਹਾਂ ਨੇ ਜਨਤਕ ਸੁਰੱਖਿਆ ਵਿਭਾਗ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਵਿੱਚ ਸੰਭਵ ਤਬਦੀਲੀਆਂ ਕਰਨ।
ਮੰਤਰੀ ਗੁਡੇਲ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਸ ਰਿਪੋਰਟ ਵਿੱਚ ਵਰਤੀ ਗਈ ਸ਼ਬਦਾਵਲੀ ਦਾ ਉਦੇਸ਼ ਪੂਰੇ ਧਰਮਾਂ ਨੂੰ ਇਸ ਵਿੱਚ ਸ਼ਾਮਲ ਕਰਨ ਦਾ ਇਰਾਦਾ ਨਹੀਂ ਸੀ, ਫਿਰ ਵੀ ਉਹ ਸਬੰਧਿਤ ਭਾਈਚਾਰਿਆਂ ਤੋਂ ਮੁਆਫ਼ੀ ਮੰਗਦਾ ਹੈ ਜਿਨ੍ਹਾਂ ਨੂੰ ਇਸ ਵਿੱਚ ਵਰਤੀ ਗਈ ਸ਼ਬਦਾਵਲੀ ਤੋਂ ਠੇਸ ਪੁੱਜੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …