0.8 C
Toronto
Wednesday, December 3, 2025
spot_img
Homeਕੈਨੇਡਾਪਰਵਾਸੀ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਉਨਟਾਰੀਓ ਦੀ ਸਾਲਾਨਾ ਜਨਰਲ ਬਾਡੀ ਮੀਟਿੰਗ ਸਫਲ ਰਹੀ

ਪਰਵਾਸੀ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਉਨਟਾਰੀਓ ਦੀ ਸਾਲਾਨਾ ਜਨਰਲ ਬਾਡੀ ਮੀਟਿੰਗ ਸਫਲ ਰਹੀ

ਵੱਡੀ ਗਿਣਤੀ ‘ਚ ਸਾਮਲ ਹੋਏ ਮੈਂਬਰ

ਬਰੈਂਪਟਨ/ਡਾ. ਝੰਡ : ਪਰਵਾਸੀ ਪੰਜਾਬ ਪੈਨਸ਼ਨਰਜ਼ ਐਸੋਸਿਏਸ਼ਨ ਉਨਟਾਰੀਓ (ਕੈਨੇਡਾ) ਦੀ ਸਾਲਾਨਾ ਜਨਰਲ ਬਾਡੀ ਮੀਟਿੰਗ ਲੰਘੇ ਐਤਵਾਰ ਬਰੈਂਪਟਨ ਸੌਕਰ ਸੈਂਟਰ ਵਿਚ ਹੋਈ ਜਿਸ ਵਿਚ 150 ਦੇ ਕਰੀਬ ਮੈਬਰਾਂ ਨੇ ਹਿੱਸਾ ਲਿਆ। ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਦੱਸਿਆ ਕਿ ਸੱਭ ਤੋਂ ਪਹਿਲਾਂ ਜਨਰਲ ਸਕੱਤਰ ਵੱਲੋਂ ਐਸੋਸੀਏਸ਼ਨ ਦੀਆਂ ਪਿਛਲੇ ਸਾਲ ਦੀਆਂ ਸਰਗ਼ਰਮੀਆਂ ਦੀ ਜਾਣਕਾਰੀ ਦਿੱਤੀ ਗਈ ਕਿ ਕਿਵੇਂ ਐਸੋਸੀਏਸ਼ਨ ਦੀਆਂ ਪ੍ਰਮੁੱਖ ਮੰਗਾਂ ਦੇ ਅਧਾਰ ‘ਤੇ ਮੰਗ-ਪੱਤਰ ਤਿਆਰ ਕਰਕੇ ਪ੍ਰੈੱਸ, ਈ-ਮੇਲ ਅਤੇ ਹੋਰ ਸਾਧਨਾਂ ਰਾਹੀਂ ਪ੍ਰਚਾਰਿਆ ਗਿਆ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਛੇਤੀ ਪ੍ਰਾਪਤ ਕਰਕੇ ਲਾਗੂ ਕੀਤੀ ਜਾਵੇ ਅਤੇ ਡੀ.ਏ. ਦੀਆਂ ਬਕਾਇਆ ਕਿਸ਼ਤਾਂ ਦੀ ਅਦਾਇਗੀ ਤੁਰੰਤ ਕੀਤੀ ਜਾਵੇ।

ਉਪ-ਪ੍ਰਧਾਨ ਇੰਜੀਨੀਅਰ ਬਲਦੇਵ ਸਿੰਘ ਬਰਾੜ ਨੇ ਫ਼ੈਡਰਲ ਸਰਕਾਰ ਨਾਲ ਸਬੰਧਿਤ ਮੰਗਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਓਲਡ ਏਜ ਸਕਿਉਰਿਟੀ ਅਤੇ ਜੀ.ਆਈ.ਐੱਸ. ਦੀ ਦਰ ‘ਚ ਵਰਤਮਾਨ ਮਹਿੰਗਾਈ ਅਨੁਸਾਰ ਮੌਜੂਦਾ $3500 ਸਾਲਾਨਾ ਦੀ ਹੱਦ ਵਿਚ ਵਾਧਾ, ਗਰੀਬੀ-ਰੇਖਾ ਦੀ ਹੱਦ ਵਿਚ ਵਾਧਾ ਅਤੇ ਵਿਦੇਸ਼ੀ ਜਾਇਦਾਦ ਦੀ ਹੱਦ ਵਿਚ ਵਾਧਾ ਇਕ ਲੱਖ ਡਾਲਰ ਤੋਂ ਦੋ ਮਿਲੀਅਨ ਡਾਲਰ ਹੋਣਾ ਚਾਹੀਦਾ ਹੈ। ਜਦੋਂ ਕੋਈ ਵਿਅੱਕਤੀ ਕੈਨੇਡਾ ਦੀ ਨਾਗਰਿਕਤਾ ਹਾਸਿਲ ਕਰ ਲੈਂਦਾ ਹੈ ਤਾਂ ਉਸ ਨੂੰ 65 ਸਾਲ ਦੀ ਉਮਰ ਹੋਣ ‘ਤੇ ਕੈਨੇਡੀਅਨ ਨਾਗਰਿਕ ਵਾਲੇ ਸਾਰੇ ਹੀ ਲਾਭ ਮਿਲਣੇ ਚਾਹੀਦੇ ਹਨ ਜਿਸ ਵਿਚ ਓਲਡ ਏਜ ਸਕਿਉਰਿਟੀ ਵੀ ਸ਼ਾਮਲ ਹੋਵੇ।

ਚੇਅਰਮੈਨ ਡਾ. ਪਰਮਜੀਤ ਸਿੰਘ ਢਿੱਲੋਂਂ ਨੇ ਪ੍ਰੋਵਿੰਸ਼ੀਅਲ ਸਰਕਾਰ ਨਾਲ ਸਬੰਧਿਤ ਮੰਗਾਂ ਦਾ ਵਿਸਥਾਰ ਦਿੰਦੇ ਹੋਏ ਕਿਹਾ ਕਿ ਸਰਕਾਰ ਵਲੋਂ ਇਹ ਨੀਤੀ ਬਣਾਈ ਜਾਵੇ ਕਿ ਡਿਵੈੱਲਪਰਾਂ ਲਈ ਇਹ ਲਾਜ਼ਮੀ ਕੀਤਾ ਜਾਵੇ ਕਿ ਇਕ ਜਾਂ ਦੋ ਕਮਰਿਆਂ ਵਾਲੇ 15% ਘਰ ਸੀਨੀਅਰਜ਼ ਨੂੰ ਰਿਆਇਤੀ ਦਰ ‘ਤੇ ਦੇਣ ਲਈ ਉਸਾਰੇ ਜਾਣ ਅਤੇ ਇਨ੍ਹਾਂ ਦੀ ਇਨਸ਼ੋਰੈਂਸ ਦਾ ਖ਼ਰਚਾ ਵੀ ਸਰਕਾਰ ਵਲੋਂ ਅਦਾ ਕੀਤਾ ਜਾਵੇ, ਕਮਿਊਨਿਟੀ ਘਰਾਂ ਅਤੇ ਅਫ਼ੋਰਡੇਬਲ ਘਰਾਂ ਦੀ ਗਿਣਤੀ ਵਧਾਈ ਜਾਵੇ, ਅਫ਼ੋਰਡੇਬਲ ਰੈਂਟਲ ਘਰਾਂ ਵਿਚ ਰਹਿ ਰਹੇ ਵਸਨੀਕਾਂ ਦੀ ਦੇਸੋਂ ਬਾਹਰ ਰਹਿਣ ਦੀ ਸਮਾਂ ਸੀਮਾ 3 ਮਹੀਨਿਆਂ ਤੋਂ ਵਧਾ ਕੇ 6 ਮਹੀਨੇ ਕੀਤੀ ਜਾਵੇ ਅਤੇ ਅਲਬਰਟਾ ਵਾਂਗ ਉਨਟਾਰੀਓ ਵਿਚ ਵੀ ਸੀਨੀਅਰਜ਼ ਵਾਸਤੇ ਦੰਦਾਂ ਅਤੇ ਅੱਖਾਂ ਦੇ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾਵੇ ਅਤੇ ਬੱਸਾਂ ਵਿਚ ਸਫਰ ਕਰਨ ਲਈ $50 ਸਾਲਾਨਾ ਅਤੇ $15 ਮਹੀਨਾਵਾਰ ਪਾਸ ਦੀ ਸਹੂਲਤ ਦਿੱਤੀ ਜਾਵੇ।

ਇਸੇ ਤਰ੍ਹਾਂ ਸਿਟੀ ਨਾਲ ਸਬੰਧਿਤ ਮੰਗਾਂ ਸਬੰਧੀ ਵਿਸਥਾਰ ਦਿੰਦੇ ਹੋਏ ਪ੍ਰਧਾਨ ਪਰਮਜੀਤ ਸਿੰਘ ਬੜਿੰਗ ਨੇ ਕਿਹਾ ਕਿ ਜਦੋਂ ਡਿਵੈੱਲਪਰਾਂ ਨੂੰ ਪਰਮਿੱਟ ਦੇਣ ਸਮੇਂ ਇਹ ਸ਼ਰਤ ਲਾਈ ਜਾਵੇ ਕਿ 15% ਘਰ ਸੀਨੀਅਰਜ਼ ਲਈ ਰਾਖਵੇਂ ਰੱਖੇ ਜਾਣ, ਅਫ਼ੋਰਡੇਬਲ ਰੈਂਟਲ ਘਰਾਂ ਦੀ ਸੰਖਿਆ ਵਧਾਈ ਜਾਵੇ, ਬੱਸਾਂ ਦੇ ਸਫ਼ਰ ਲਈ $1 ਦਾ ਪਾਸ ਦਿੱਤਾ ਜਾਵੇ ਜਿਸ ਦੀ ਮਿਆਦ 8 ਘੰਟੇ ਹੋਵੇ, $15 ਵਿਚ ਮਾਸਿਕ ਅਤੇ $50 ਵਿਚ ਸਾਲਾਨਾ ਪਾਸ ਦਿੱਤਾ ਜਾਵੇ ਜਿਵੇਂ ਕਿ ਕੁਝ ਹੋਰ ਸੂਬਿਆਂ ਵਿਚ ਦਿੱਤਾ ਜਾ ਰਿਹਾ ਹੈ ਅਤੇ ਪਾਰਕਾਂ ਵਿਚ ਪੱਕੇ ਵਾਸ਼-ਰੂਮ ਅਤੇ ਪੀਣ ਵਾਲੇ ਪਾਣੀ ਦੇ ਪ੍ਰਬੰਧ ਦੇ ਨਾਲ ਹੀ ਪੱਕੇ ਵਾਕ-ਵੇਅ ਬਣਾਏ ਜਾਣ। ਹੋਰ ਬੁਲਾਰਿਆਂ ਵਿਚ ਮੱਲ ਸਿੰਘ ਬਾਸੀ, ਤਾਰਾ ਸਿੰਘ ਗਰਚਾ, ਪੀ. ਐੱਸ ਪਸਰੀਚਾ, ਸੁਰਿੰਦਰ ਸਿੰਘ ਪਾਮਾ, ਐੱਚ.ਐੱਸ ਮਿਨਹਾਸ, ਗੁਰਬਚਨ ਸਿੰਘ ਧਾਲੀਵਾਲ, ਇਕਬਾਲ ਕੌਰ ਛੀਨਾ ਅਤੇ ਪ੍ਰਤਾਪ ਸਿੰਘ ਸੈਣੀ ਵੀ ਸਾਮਲ ਸਨ। ਮੁਹਿੰਦਰ ਸਿਘ ਮੋਹੀ ਵਲੋਂ ਐਸੋਸੀਏਸ਼ਨ ਦਾ ਹਿਸਾਬ-ਕਿਤਾਬ ਪੇਸ਼ ਕੀਤਾ ਗਿਆ ਜੋ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਚਾਹ-ਪਾਣੀ ਦੀ ਸੇਵਾ ਬਾਖ਼ੂਬੀ ਕਰਨ ਲਈ ਸੀਨੀਅਰ ਮੈਂਬਰ ਬਲਵਿੰਦਰ ਸਿੰਘ ਬਰਾੜ ਦਾ ਵਿਸੇਸ਼ ਧੰਨਵਾਦ ਕੀਤਾ ਗਿਆ।

ਇਸ ਮੀਟਿੰਗ ਦਾ ਇਕ ਦਿਲਚਸਪ ਪਹਿਲੂ ਇਹ ਵੀ ਸੀ ਕਿ ਇਸ ਵਿਚ ਇਨ੍ਹਾਂ ਚੋਣਾਂ ਵਿਚ ਮੇਅਰ-ਪਦ ਲਈ ਖੜੇ ਉਮੀਦਵਾਰ ਬਲ ਗੌਸਲ ਅਤੇ ਵਾਰਡ 9-10 ਤੋਂ ਰੀਜਨਲ ਕਾਊਸਲ ਲਈ  ਉਮੀਦਵਾਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਵੀ ਕੁਝ ਸਮੇਂ ਲਈ ਸ਼ਿਰਕਤ ਕੀਤੀ। ਐਸੋਸੀਏਸ਼ਨ ਦੀ ਕਾਰਜਕਾਰਨੀ ਵੱਲੋਂ ਉਨ੍ਹਾਂ ਨੂੰ ਮੈਮੋਰੈਂਡਮ ਦੀ ਕਾਪੀ ਦੇ ਕੇ ਇਹ ਮੰਗਾਂ ਵੱਖ-ਵੱਖ ਪੱਧਰ ‘ਤੇ ਮਨਵਾਉਣ ਲਈ ਬੇਨਤੀ ਕੀਤੀ ਗਈ ਜਿਸ ਦੇ ਬਾਰੇ ਉਨ੍ਹਾਂ ਦੋਹਾਂ ਵੱਲੋਂ ਯਕੀਨ ਦਿਵਾਇਆ ਗਿਆ।  ਐਸੋਸੀਏਸ਼ਨ ਨਾਲ ਸਬੰਧਿਤ ਹੋਰ ਜਾਣਕਾਰੀ ਵਾਸਤੇ ਪਰਮਜੀਤ ਸਿੰਘ ਬੜਿੰਗ (647-963-0331), ਜਗੀਰ ਸਿੰਘ ਕਾਹਲੋਂ (647-533-8297), ਡਾ. ਪਰਮਜੀਤ ਸਿੰਘ ਢਿੱਲੋਂ (416-527-1040), ਮੱਲ ਸਿੰਘ ਬਾਸੀ (437-980-7015), ਬਲਦੇਵ ਸਿੰਘ ਬਰਾੜ (647-621-8413), ਤਾਰਾ ਸਿੰਘ  ਗਰਚਾ (905-794-2235), ਮੁਹਿੰਦਰ ਸਿੰਘ ਮੋਹੀ (426-659-1232), ਸੁਰਿੰਦਰ ਸਿੰਘ ਪਾਮਾ (647-949-6738), ਹਰੀ ਸਿੰਘ(647-515-4752), ਪੀ. ਐੱਸ. ਸਚਦੇਵਾ (647-709-6115) ਅਤੇ ਹਰਪ੍ਰੀਤ ਸਿੰਘ (702-937-7491) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

RELATED ARTICLES
POPULAR POSTS