-4.7 C
Toronto
Wednesday, December 3, 2025
spot_img
Homeਕੈਨੇਡਾਸਟੈਟਿਸਟਿਕਸ ਕੈਨੇਡਾ' ਅਨੁਸਾਰ ਸਤੰਬਰ ਮਹੀਨੇ ਵਿਚ ਕੈਨੇਡਾ ਦੇ ਅਰਥਚਾਰੇ ਵਿਚ 63,000 ਨਵੀਆਂ...

ਸਟੈਟਿਸਟਿਕਸ ਕੈਨੇਡਾ’ ਅਨੁਸਾਰ ਸਤੰਬਰ ਮਹੀਨੇ ਵਿਚ ਕੈਨੇਡਾ ਦੇ ਅਰਥਚਾਰੇ ਵਿਚ 63,000 ਨਵੀਆਂ ਨੌਕਰੀਆਂ ਦਾ ਵਾਧਾ ਹੋਇਆ

ਬਰੈਂਪਟਨ : ‘ਸਟੈਟਿਸਟਿਕਸ ਕੈਨੇਡਾ’ ਦੇ ‘ਲੇਬਰ ਫ਼ੋਰਸ ਸਰਵੇ’ ਨੇ ਸਤੰਬਰ ਮਹੀਨੇ ਵਿਚ ਨੌਕਰੀਆਂ ਵਿਚ 63,000 ਨਵੀਆਂ ਨੌਕਰੀਆਂ ਦਾ ਵਾਧਾ ਵਿਖਾਇਆ ਹੈ, ਜਦਕਿ ਪਿਛਲੇ ਮਹੀਨੇ ਅਗਸਤ ਵਿਚ ਇਹ ਵਾਧਾ 51,600 ਸੀ। ਇਸ ਦੇ ਨਾਲ ਹੀ ਲੇਬਰ ਫ਼ੋਰਸ ਸਰਵੇ ਅਨੁਸਾਰ ਦੇਸ਼ ਵਿਚ ਬੇਰੋਜ਼ਗਾਰੀ ਦਰ 0.1% ਘਟ ਕੇ 5.9% ਹੋ ਗਈ ਹੈ।  ਇਸ ਦੇ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਸਾਡੀ ਸਰਕਾਰ ਦੇਸ਼ ਦੇ ਅਰਥਚਾਰੇ ਨੂੰ ਉੱਚਾ ਚੁੱਕਣ ਅਤੇ ਮਿਡਲ ਕਲਾਸ ਦੀ ਬਿਹਤਰੀ ਦੇ ਪਲੇਟਫ਼ਾਰਮ ਨੂੰ ਮੁੱਖ ਰੱਖਦਿਆਂ ਹੋਇਆਂ ਚੁਣੀ ਗਈ ਸੀ ਅਤੇ ਸਾਡੀ ਪਲੈਨ ਸਹੀ ਕੰਮ ਕਰ ਰਹੀ ਹੈ। ਅਕਤੂਬਰ 2015 ਵਿਚ ਜਦੋਂ ਤੋਂ ਸਾਡੀ ਸਰਕਾਰ ਨੇ ਵਾਗ-ਡੋਰ ਸੰਭਾਲੀ ਹੈ, ਦੇਸ਼ ਵਿਚ ਅੱਧਾ ਮਿਲੀਅਨ ਪੂਰੇ ਸਮੇਂ ਦੀਆਂ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ। ਸਾਨੂੰ ਪਤਾ ਹੈ ਕਿ ਅਜੇ ਹੋਰ ਬੜਾ ਕੰਮ ਕਰਨ ਵਾਲਾ ਹੈ। ਅਸੀਂ ਦੇਸ਼-ਵਾਸੀਆਂ ਲਈ ਹੋਰ ਪੂੰਜੀ ਲਗਾਤਾਰ ਨਿਵੇਸ਼ ਕਰ ਰਹੇ ਹਾਂ ਤਾਂ ਜੋ ਇੱਥੇ ਮਿਡਲ ਕਲਾਸ ਮਜ਼ਬੂਤ ਹੋਵੇ ਅਤੇ ਸਖ਼ਤ ਕੰਮ ਕਰਨ ਵਾਲੇ ਲੋਕਾਂ ਦੇ ਇਸ ਵਿਚ ਸ਼ਾਮਲ ਹੋਣ ਨਾਲ ਇਹ ਹੋਰ ਵਧੇ ਫੁੱਲੇ।” ਉਨਟਾਰੀਓ ਸੂਬੇ ਵਿਚ ਰੋਜ਼ਗਾਰਾਂ ਵਿਚ 36,000 ਦਾ ਵਾਧਾ ਹੋਇਆ ਜੋ ਪਿਛਲੇ ਚਾਰ ਮਹੀਨਿਆਂ ਵਿਚ ਤੀਸਰਾ ਵਾਧਾ ਹੈ। ਸਾਲੋ-ਸਾਲ ਹੋਏ ਵਾਧੇ ਨਾਲ ਪੂਰੇ ਸਮੇਂ ਦੀਆਂ 103,000 ਨੌਕਰੀਆਂ ਵਧੀਆਂ ਹਨ ਅਤੇ ਇਸ ਦੇ ਨਾਲ ਹੀ ਪਾਰਟ-ਟਾਈਮ ਨੌਕਰੀਆਂ ਵਿਚ ਵੀ ਥੋੜ੍ਹਾ ਜਿਹਾ ਵਾਧਾ ਹੋਇਆ ਹੈ। ਇਹ ਲੇਬਰ ਫ਼ੋਰਸ ਸਰਵੇ ਇਕ ਮਹੀਨਾਵਾਰ ਸਰਵੇਖਣ ਹੈ ਜੋ ਕੈਨੇਡੀਅਨ ਲੇਬਰ ਮਾਰਕੀਟ ਦੀ ਗਿਣਤੀ-ਮਿਣਤੀ ਕਰਦਾ ਹੈ ਅਤੇ ਕਈ ਹੋਰ ਗੱਲਾਂ ਤੋਂ ਇਲਾਵਾ ਨੈਸ਼ਨਲ, ਪ੍ਰੋਵਿੰਸ਼ੀਅਲ ਅਤੇ ਟੈਰੀਟੋਰੀਅਲ ਤੇ ਰੀਜਨਲ ਪੱਧਰ ‘ਤੇ ਰੋਜ਼ਗਾਰ ਅਤੇ ਬੇਰੋਜ਼ਗਾਰੀ ਦਰਾਂ ਦਾ ਹਿਸਾਬ-ਕਿਤਾਬ ਰੱਖਦਾ ਹੈ। ਇਸ ਸਰਵੇ ਦੇ ਨਤੀਜੇ ਨਵੀਆਂ ਨੌਕਰੀਆਂ ਪੈਦਾ ਕਰਨ, ਸਿੱਖਿਆ, ਸਿਖਲਾਈ, ਰਿਟਾਇਰਮੈਂਟ ਪੈੱਨਸ਼ਨ ਅਤੇ ਇਨਕਮ ਸਪੋਰਟ, ਆਦਿ ਲਈ ਫ਼ੈਸਲੇ ਕਰਨ ਲਈ ਵਰਤੋਂ ਵਿਚ ਲਿਆਂਦੇ ਜਾਂਦੇ ਹਨ।

RELATED ARTICLES
POPULAR POSTS