-11.8 C
Toronto
Wednesday, January 21, 2026
spot_img
Homeਕੈਨੇਡਾਰੈਡ ਵਿੱਲੋ ਕਲੱਬ ਵਲੋਂ ਕੈਨੇਡਾ ਡੇਅ ਤੇ ਭਾਰਤ ਦਾ ਅਜ਼ਾਦੀ ਦਿਵਸ ਮਨਾਇਆ...

ਰੈਡ ਵਿੱਲੋ ਕਲੱਬ ਵਲੋਂ ਕੈਨੇਡਾ ਡੇਅ ਤੇ ਭਾਰਤ ਦਾ ਅਜ਼ਾਦੀ ਦਿਵਸ ਮਨਾਇਆ ਗਿਆ

ਬਰੈਂਪਟਨ/ਹਰਜੀਤ ਬੇਦੀ : ਬਰੈਂਪਟਨ ਦੀ ਰੈੱਡ ਵਿੱਲੋ ਕਲੱਬ ਵਲੋਂ ਪਿਛਲੇ ਹਫਤੇ ਕੈਨੇਡਾ ਡੇਅ ਅਤੇ ਭਾਰਤ ਦਾ ਆਜਾਦੀ ਦਿਹਾੜਾ ਐਨ ਐਸ ਪਾਰਕ ਵੈਲੀਕਰੀਕ ਵਿੱਚ ਮਨਾਇਆ ਗਿਆ। ਮਹਿਮਾਨਾਂ ਦੇ ਚਾਹ ਪਾਣੀ ਪੀਣ ਤੋਂ ਬਾਅਦ ਪ੍ਰੋਗਰਾਮ ਦੀ ਸ਼ੁਰੂਆਤ ਕੈਨੇਡਾ ਅਤੇ ਭਾਰਤ ਦੇ ਝੰਡੇ ਝੁਲਾ ਕੇ ਕੀਤੀ ਗਈ। ਇਸ ਤੋਂ ਬਾਅਦ ‘ਓ ਕੈਨੇਡਾ’ ਅਤੇ ‘ਜਨ ਗਨ ਮਨ’ ਰਾਸ਼ਟਰੀ ਗੀਤ ਗਾਏ ਗਏ। ਕਲੱਬ ਦੇ ਸਕੱਤਰ ਕੁਲਵੰਤ ਸਿੰਘ ਨੇ ਸਟੇਜ ਦੀ ਕਾਰਵਾਈ ਸੰਭਾਲਦਿਆਂ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਗਿੱਲ ਨੂੰ ਆਏ ਮਹਿਮਾਨਾਂ ਨੂੰ ਜੀ ਆਇਆਂ ਕਹਿਣ ਲਈ ਸੱਦਾ ਦਿੱਤਾ। ਪ੍ਰਧਾਨ ਜੀ ਨੇ ਜੀ ਆਇਆਂ ਕਹਿਣ ਦੇ ਨਾਲ ਹੀ ਆਉਣ ਵਾਲੇ ਬੁਲਾਰਿਆਂ ਨੂੰ ਬੇਨਤੀ ਕੀਤੀ ਕਿ ਕੈਨੇਡਾ ਡੇਅ, ਭਾਰਤ ਦੇ ਆਜਾਦੀ ਦਿਵਸ, ਅਤੇ ਸੀਨੀਅਰਜ਼ ਬਾਰੇ ਹੀ ਵਿਚਾਰ ਪੇਸ਼ ਕੀਤੇ ਜਾਣ।
ਰੀਜਨਲ ਕੌਂਸਲਰ ਪੈਟ ਫਰੋਟੀਨੀ, ਗੁਰਪਰੀਤ ਢਿੱਲੋਂ, ਕੌਂਸਲਰ ਹਰਕੀਰਤ ਸਿੰਘ ਅਤੇ ਵਿਲੀਅਮ ਨੇ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਦੱਸਿਆ ਕਿ ਉਹ ਸੀਨੀਅਰਜ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਨ ਕਰਦੇ ਰਹਿੰਦੇ ਹਨ। ਉਹਨਾਂ ਇਹ ਸੂਚਨਾ ਸਾਂਝੀ ਕੀਤੀ ਕਿ ਨਵੰਬਰ ਤੋਂ ਸੀਨੀਅਰਜ਼ ਲਈ ਬੱਸ ਸੇਵਾ ਫਰੀ ਹੋ ਜਾਵੇਗੀ। ਗੁਰਰਤਨ ਸਿੰਘ ਐਮ ਪੀ ਪੀ ਨੇ ਆਪਣੀ ਹਾਜ਼ਰੀ ਲਵਾਉਂਦਿਆਂ ਪ੍ਰਧਾਨ ਜੀ ਨੂੰ ਪ੍ਰਸ਼ੰਸ਼ਾ ਪੱਤਰ ਭੇਟ ਕੀਤਾ। ਮਨਿੰਦਰ ਸਿੱਧੂ ਐਮ ਪੀ ਨੇ ਦੱਸਿਆ ਕਿ 75 ਸਾਲ ਦੀ ਉਮਰ ਵਾਲੇ ਸੀਨੀਅਰਜ਼ ਨੂੰ ਜੁਲਾਈ 2022 ਤੋਂ 10 ਪ੍ਰਤੀਸ਼ਤ ਦੇ ਵਾਧੇ ਨਾਲ ਪੈਨਸ਼ਨ ਮਿਲੇਗੀ। ਪਰਮਜੀਤ ਬੜਿੰਗ ਨੇ ਸਵਾਲ ਉਠਾਇਆ ਕਿ ਪੈਨਸ਼ਨ ਸਲੈਬ ਵਿੱਚ ਅਜਿਹਾ ਵਾਧਾ ਹਰ ਪੰਜ ਸਾਲ ਬਾਅਦ ਹੋਣਾ ਚਾਹੀਦਾ ਹੈ। ਉਹਨਾਂ ਇਹ ਮੰਗ ਵੀ ਕੀਤੀ ਕਿ 10 ਸਾਲ ਤੋਂ ਘੱਟ ਸਟੇਅ ਵਾਲੇ ਸੀਨੀਅਰਜ਼ ਨੂੰ ਘੱਟੋ ਘੱਟ 500 ਡਾਲਰ ਗੁਜਾਰਾ ਭੱਤਾ ਮਿਲਣਾ ਚਾਹੀਦਾ ਹੈ।
ਬਰੈਂਪਟਨ ਵਿੱਚ ਮੈਰੀਜੁਆਨਾਂ (ਸੁੱਖੇ) ਦੇ ਧੜਾਧੜ ਖੁੱਲ੍ਹ ਰਹੇ ਸਟੋਰਾਂ ਬਾਰੇ ਹੋਈ ਗੱਲ ਵਿੱਚ ਹਰਕੀਰਤ ਸਿੰਘ, ਗੁਰਪ੍ਰੀਤ ਢਿੱਲੋਂ ਅਤੇ ਵਿਲੀਅਮ ਨੇ ਦੱਸਿਆ ਕਿ ਉਹਨਾਂ ਨੇ ਇਸ ਦੇ ਵਿਰੋਧ ਵਿੱਚ ਵੋਟ ਪਾਈ। ਬਲਵੀਰ ਸੋਹੀ ਨੇ ਸੀਨੀਅਰਜ਼ ਨੂੰ ਕਿਹਾ ਕਿ ਸਾਡੇ ਬੱਚੇ ਸਾਡੇ ਵਿਰਸੇ ਤੋਂ ਟੁੱਟ ਰਹੇ ਹਨ। ਇਹ ਸਾਡੀ ਜਿੰਮੇਵਾਰੀ ਹੈ ਕਿ ਉਹਨਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਦੀ ਕੋਸ਼ਿਸ਼ ਕਰੀਏ।
ਪ੍ਰੋਗਰਾਮ ਵਿੱਚ ਸ਼ਾਮਲ ਸੰਭੂ ਦੱਤ ਸ਼ਰਮਾ, ਜੰਗੀਰ ਸਿੰਘ ਸੈਂਭੀ, ਪ੍ਰੋ. ਬਲਵੰਤ ਸਿੰਘ,ਅਮਰੀਕ ਸਿੰਘ ਕੁਮਰੀਆ ਆਦਿ ਨੇ ਸੀਨੀਅਰਜ਼ ਦੀਆਂ ਸਮੱਸਿਆਵਾਂ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਸਮੱਸਿਆਵਾਂ ਦਾ ਹੱਲ ਏਕੇ ਨਾਲ ਹੀ ਹੋ ਸਕਦਾ ਹੈ ਤੇ ਸਾਨੂੰ ਪੇਸ਼ ਸਮੱਸਿਆਵਾਂ ਦੇ ਹੱਲ ਲਈ ਏਕਾ ਬਣਾ ਕੇ ਰੱਖਣਾ ਚਾਹੀਦਾ ਹੈ। ਸੁਖਦੇਵ ਸਿੰਘ ਗਿੱਲ ਨੇ ਟੈਗੋਰ ਦੀ ਕਵਿਤਾ ਸਾਂਝੀ ਕੀਤੀ ਜਿਸ ਦਾ ਤੱਤਸਾਰ ਸੀ ਕਿ ਅਸੀਂ ਆਦਮੀ ਦੇ ਮਰਨ ਬਾਦ ਜੋ ਕਰਦੇ ਹਾਂ ਉਸ ਦੇ ਜਿਊਂਦੇ ਜੀਅ ਉਸ ਵਾਸਤੇ ਕਰਨਾ ਚਾਹੀਦਾ ਹੈ। ਨਿਰਮਲਾ ਪਰਾਸ਼ਰ ਨੇ ਕਵਿਤਾ ਸੁਣਾ ਕੇ ਆਪਣੀ ਹਾਜਰੀ ਲਵਾਈ।
ਨਵੀ ਔਜਲਾ ਨੇ ਰੁਜਗਾਰ ਨਾਲ ਸਬੰਧਤ ਔਕੜਾਂ ਬਾਰੇ ਜਾਣਕਾਰੀ ਦਿੱਤੀ। ਕੰਮ ਸਮੇਂ ਸੱਟ ਲੱਗਣੀ, ਪੇਅ ਸਬੰਧੀ ਮੁਸ਼ਕਲਾਂ ਵਗੈਰਾ ਦੇ ਹੱਲ ਲਈ ਸਾਥ ਦੇਣ ਦਾ ਭਰੋਸਾ ਦਿਵਾਇਆ। ਚਾਹ ਪਾਣੀ ਦੇ ਸਮਾਨ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਅਮਰਜੀਤ ਸਿੰਘ, ਕੁਲਵੰਤ ਸਿੰਘ , ਜੋਗਿੰਦਰ ਪੱਡਾ ਅਤੇ ਬਣਾਉਣ ਦੀ ਸੇਵਾ ਕਲੱਬ ਮੈਂਬਰ ਗੁਰਬਿੰਦਰ ਸਿੰਘ ਨੇ ਨਿਭਾਈ। ਪ੍ਰੋਗਰਾਮ ਦੇ ਸਮੁੱਚੇ ਪਰਬੰਧ ਲਈ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਗਿੱਲ ਦੀ ਅਗਵਾਈ ਵਿੱਚ ਸ਼ਿਵਦੇਵ ਸਿੰਘ ਰਾਏ, ਬਲਵੰਤ ਸਿੰਘ ਕਲੇਰ, ਹਿੰਮਤ ਸਿੰਘ ਲੱਛੜ ਨੇ ਵਿਸ਼ੇਸ਼ ਹਿੰਮਤ ਕੀਤੀ।
ਮਹਿੰਦਰ ਕੌਰ ਪੱਡਾ, ਬਲਜੀਤ ਕੌਰ ਸੇਖੋਂ, ਪ੍ਰਕਾਸ਼ ਕੌਰ, ਨਿਰਮਲਾ ਪਰਾਸ਼ਰ, ਸ਼ਰਨਜੀਤ ਕੌਰ ਨੇ ਚਾਹ ਪਾਣੀ ਵਰਤਾਉਣ ਦਾ ਕੰਮ ਬੜੇ ਸਲੀਕੇ ਨਾਲ ਨੇਪਰੇ ਚਾੜ੍ਹਿਆ। ਕਲੱਬ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਸਦਕਾ ਇਹ ਪ੍ਰੋਗਰਾਮ ਬਹੁਤ ਸਫਲ ਰਿਹਾ। ਇਸ ਪ੍ਰੋਗਰਾਮ ਨੂੰ ਸਟੇਜ ਸਕੱਤਰ ਕੁਲਵੰਤ ਸਿੰਘ ਨੇ ਲੜੀਬੱਧ ਤਰੀਕੇ ਨਾਲ ਚਲਾਇਆ ਤੇ ਅੰਤ ਵਿੱਚ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ।

RELATED ARTICLES
POPULAR POSTS