Breaking News
Home / ਕੈਨੇਡਾ / ਮੀਡੀਆ ਜੇਕਰ ਸੱਤਾ ਨੂੰ ਸੁਆਲ ਨਹੀਂ ਕਰਦਾ ਤਾਂ ਪੱਤਰਕਾਰ ਨੂੰ ‘ਪੱਤਰਕਾਰ’ ਅਖਵਾਉਣ ਦਾ ਕੋਈ ਹੱਕ ਨਹੀਂ : ਡਾ. ਅਨੂਪ ਸਿੰਘ

ਮੀਡੀਆ ਜੇਕਰ ਸੱਤਾ ਨੂੰ ਸੁਆਲ ਨਹੀਂ ਕਰਦਾ ਤਾਂ ਪੱਤਰਕਾਰ ਨੂੰ ‘ਪੱਤਰਕਾਰ’ ਅਖਵਾਉਣ ਦਾ ਕੋਈ ਹੱਕ ਨਹੀਂ : ਡਾ. ਅਨੂਪ ਸਿੰਘ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਮਈ-ਸਮਾਗ਼ਮ ‘ਬਿਰਹਾ ਦੇ ਸੁਲਤਾਨ’ ਸ਼ਿਵ ਕੁਮਾਰ ਬਟਾਲਵੀ ਨੂੰ ਕੀਤਾ ਸਮੱਰਪਿਤ
ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮਈ ਮਹੀਨੇ ਦਾ ਸਮਾਗ਼ਮ ‘ਬਿਰਹਾ ਦੇ ਸੁਲਤਾਨ’ ਸ਼ਿਵ ਕੁਮਾਰ ਬਟਾਲਵੀ ਦੀ ਨਿੱਘੀ ਯਾਦ ਨੂੰ ਸਮੱਰਪਿਤ ਕੀਤਾ ਗਿਆ। ਇਸ ਮੌਕੇ ਬੀਤੇ ਦਿਨੀਂ ਪੰਜਾਬ ਦੇ ਸ਼ਹਿਰ ਬਟਾਲਾ ਤੋਂ ਆਏ ਉੱਘੇ ਵਿਦਵਾਨ ਡਾ. ਅਨੂਪ ਸਿੰਘ ਨੇ ਸ਼ਿਵ ਕੁਮਾਰ ਬਟਾਲਵੀ ਅਤੇ ਆਪਣੇ ਬਾਰੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਮੁੱਖ-ਮਹਿਮਾਨ ਡਾ. ਅਨੂਪ ਸਿੰਘ, ਆਏ ਮਹਿਮਾਨਾਂ ਅਤੇ ਮੈਂਬਰਾਂ ਨੂੰ ਜੀ-ਆਇਆਂ ਕਿਹਾ ਗਿਆ। ਕੋਆਰਡੀਨੇਟਰ ਮਲੂਕ ਸਿੰਘ ਕਾਹਲੋਂ ਨੇ ਮੁੱਖ-ਮਹਿਮਾਨ ਬਾਰੇ ਮੁੱਢਲੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਵਾਨ ਡਾ. ਅਨੂਪ ਸਿੰਘ ਸਾਢੇ ਤਿੰਨ ਦਰਜਨ ਪੁਸਤਕਾਂ ਦੇ ਲੇਖਕ/ਸੰਪਾਦਕ ਹਨ। ਸਰਕਾਰੀ ਅਧਿਆਪਕ ਵਜੋਂ ਆਪਣੇ ਕਾਰਜਕਾਲ ਦੌਰਾਨ ਉਹ ਪੰਜਾਬ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸਰਗ਼ਰਮ ਆਗੂ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਤੇ ਸਾਹਿਤ ਅਕੈਡਮੀ ਲੁਧਿਆਣਾ ਦੇ ਉਚੇਰੇ ਜ਼ਿੰਮੇਵਾਰ ਅਹੁਦਿਆਂ ‘ਤੇ ਕੰਮ ਕਰਦੇ ਰਹੇ ਹਨ।
ਉਪਰੰਤ, ਆਪਣੇ ਬਾਰੇ ਦੱਸਦਿਆਂ ਡਾ.ਅਨੂਪ ਸਿੰਘ ਨੇ ਕਿਹਾ ਕਿ ਉਹ ਗੁਰਦਾਸਪੁਰ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਖ਼ਾਨੋਵਾਲ ਵਿਚ ਪੈਦਾ ਹੋਏ ਅਤੇ ਉਨ੍ਹਾਂ ਨੇ ਮੁੱਢਲੀ ਵਿੱਦਿਆ ਸਰਕਾਰੀ ਹਾਈ ਸਕੂਲ ਭਾਗੋਵਾਲ ਤੋਂ ਪ੍ਰਾਪਤ ਕੀਤੀ। ਬਟਾਲੇ ਕਾਲਜ ਤੋਂ ਬੀ.ਐੱਸ.ਸੀ. (ਨਾਲ-ਮੈਡੀਕਲ) ਕਰਕੇ ਬੀ.ਐੱਡ. ਕਰਨ ਤੋਂ ਬਾਅਦ ਇਕ ਸਕੂਲ ਵਿਚ ਸਾਇੰਸ ਮਾਸਟਰ ਲੱਗ ਗਏ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਪ੍ਰਾਈਵੇਟ ਵਿਦਿਆਰਥੀ ਵਜੋਂ ਐੱਮ.ਏ.(ਪੋਲਿਟੀਕਲ ਸਾਇੰਸ ਅਤੇ ਪੰਜਾਬੀ) ਕੀਤੀ। ਐੱਮ.ਏ.(ਪੰਜਾਬੀ) ਵਿੱਚ ਉਹ ਯੂਨੀਵਰਸਿਟੀ ਵਿੱਚੋਂ ਦੂਸਰੇ ਨੰਬਰ ‘ਤੇ ਰਹੇ ਅਤੇ ਫਿਰ ਇੱਥੋਂ ਹੀ ਪੰਜਾਬੀ ਨਾਵਲ ਦੇ ਇਕ ਅਹਿਮ ਵਿਸ਼ੇ ‘ਤੇ ਪੀਐੱਚ.ਡੀ. ਦੀ ਉਚੇਰੀ ਡਿਗਰੀ ਹਾਸਲ ਕੀਤੀ। ਆਪਣੇ ਅਧਿਆਪਨ ਕਾਰਜ ਦੌਰਾਨ ਸਕੂਲ ਅਧਿਆਪਕਾਂ ਦੀਆਂ ਮੰਗਾਂ ਸਮੇਂ-ਸਮੇਂ ਸਰਕਾਰ ਕੋਲੋਂ ਮੰਨਵਾਉਣ ਲਈ ਬਹੁਤ ਸਾਰੇ ਸੰਘਰਸ਼ਾਂ ਵਿਚ ਹਿੱਸਾ ਲਿਆ ਅਤੇ ਇਸ ਦੇ ਲਈ ਕਈ ਵਾਰ ਜੇਲ੍ਹ-ਯਾਤਰਾ ਵੀ ਕੀਤੀ। ਇਸ ਦੇ ਨਾਲ ਹੀ ਉਹ ਲਿਖਣ-ਪੜ੍ਹਨ ਦੇ ਆਪਣੇ ਕੰਮ ਵਿਚ ਨਿਰੰਤਰ ਕਾਰਜਸ਼ੀਲ ਰਹੇ। ਤੜਕੇ ਤਿੰਨ ਵਜੇ ਉੱਠ ਕੇ ਉਹ ਆਪਣੇ ਇਸ ‘ਨਿੱਤਨੇਮ’ ਵਿਚ ਰੁੱਝ ਜਾਂਦੇ। ਉਹ ਸਿੱਖ ਫ਼ਿਲਾਸਫ਼ੀ ਅਤੇ ਮਾਰਕਸੀ ਵਿਚਾਰਧਾਰਾ ਦੋਹਾਂ ਦੇ ਹੀ ਗਿਆਤਾ ਤੇ ਵਿਆਖਿਆਕਾਰ ਹਨ। ਇਸ ਲਈ ਉਨ੍ਹਾਂ ਦੇ ਕਈ ਸਾਥੀ ਉਨ੍ਹਾਂ ਨੂੰ ‘ਸਿੱਖ’ ਅਤੇ ਕਈ ‘ਕਮਿਊਨਿਸਟ’ ਕਹਿੰਦੇ ਹਨ। ਉਨ੍ਹਾਂ ਜ਼ੋਰਦਾਰ ਸ਼ਬਦਾਂ ਵਿਚ ਕਿਹਾ ਕਿ ਲੇਖਕ ਤੇ ਪੱਤਰਕਾਰ ਜੇਕਰ ਸੱਤਾ-ਸਥਾਪਤੀ ਦੀਆਂ ਵਧੀਕੀਆਂ ਦੇ ਵਿਰੁੱਧ ਆਪਣੀ ਆਵਾਜ਼ ਨਹੀਂ ਉਠਾਉਂਦੇ ਤਾਂ ਉਹ ਲੇਖਕ ਜਾਂ ਪੱਤਰਕਾਰ ਅਖਵਾਉਣ ਦੇ ਹੱਕਦਾਰ ਨਹੀਂ ਹਨ। ਆਪਣੀ ਇਸ ਦਲੀਲ ਦੀ ਪ੍ਰੋੜ੍ਹਤਾ ਲਈ ਉਨ੍ਹਾਂ ਉੱਘੇ ਟੀ.ਵੀ. ਪੱਤਰਕਾਰ ਰਵੀਸ਼ ਕੁਮਾਰ ਦੀ ਉਦਾਹਰਣ ਦਿੱਤੀ।
ਸ਼ਿਵ ਕੁਮਾਰ ਬਟਾਲਵੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ‘ਸ਼ਿਵ’ ਸ਼ਿਵ ਹੀ ਹੈ ਅਤੇ ਉਹ ਆਪਣੀ ਹੀ ਕਿਸਮ ਦਾ ਕਵੀ ਹੈ। ਅਜੇ ਤੱਕ ਨਾ ਕਿਸੇ ਕਵੀ ਨੇ ਉਸਦੇ ਵਰਗਾ ਲਿਖਿਆ ਹੈ ਅਤੇ ਸ਼ਾਇਦ ਅੱਗੋਂ ਵੀ ਨਾ ਲਿਖ ਸਕੇ। ਉਸ ਦੀ ਬਿੰਬਾਵਲੀ ਅਸੀਮ ਹੈ। ਬੁਘਾਟ, ਭੱਖੜਾ, ਕੰਡਿਆਲੀ ਥੋਹਰ, ਪੋਹਲੀ, ਕਿੱਕਰ, ਮਲ੍ਹੇ, ਆਦਿ ਬਿੰਬ ਪਹਿਲੀ ਵਾਰ ਸ਼ਿਵ ਵੱਲੋਂ ਹੀ ਵਰਤੇ ਗਏ ਹਨ ਜੋ ਮਾਨਸਿਕ ਪੀੜਾ, ਵੇਦਨਾ, ਗ਼ਮ, ਕਰੁਣਾ, ਦੁੱਖ, ਤਕਲੀਫ਼, ਆਦਿ ਦੇ ਖ਼ੂਬਸੂਰਤ ਪ੍ਰਤੀਕ ਬਣ ਗਏ ਹਨ। ਅਫ਼ਸੋਸ ਹੈ, ਸ਼ਿਵ ਕੇਵਲ 36 ਸਾਲ ਦੀ ਛੋਟੀ ਉਮਰੇ ਹੀ ਇਸ ਜਹਾਨ ਤੋਂ ਰੁਖ਼ਸਤ ਹੋ ਗਿਆ ਪਰ ਇਸ ਸੀਮਤ ਸਮੇਂ ਵਿਚ ਉਸ ਨੇ ਪੰਜਾਬੀ ਸਾਹਿਤ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ ਜਿਸ ਨੂੰ ਹਮੇਸ਼ਾ ਯਾਦ ਕੀਤਾ ਜਾਏਗਾ।
ਉਪਰੰਤ, ਉੱਘੇ ਚਿੰਤਕ ਸ਼ਮੀਲ ਜਸਵੀਰ, ਪ੍ਰੋ.ਜਗੀਰ ਸਿੰਘ ਕਾਹਲੋਂ, ਬਲਦੇਵ ਰਹਿਪਾ ਅਤੇ ਹੀਰਾ ਹੰਸਪਾਲ ਵੱਲੋਂ ਵੀ ਇਸ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਪ੍ਰੋ.ਤਲਵਿੰਦਰ ਮੰਡ ਵੱਲੋਂ ਸਮਾਗ਼ਮ ਦੇ ਇਸ ਪਹਿਲੇ ਸੈਸ਼ਨ ਨੂੰ ਬਾਖ਼ੂਬੀ ਨਿਭਾਇਆ ਗਿਆ। ਇਸ ਦੌਰਾਨ ਬਰੈਂਪਟਨ ਵਿਚ ਰਹਿੰਦੇ ਅਹਿਮਦੀਆ ਭਾਈਚਾਰੇ ਅਤੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਡਾ. ਅਨੂਪ ਸਿੰਘ ਨੂੰ ਸ਼ਾਨਦਾਰ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗ਼ਮ ਦੇ ਦੂਸਰੇ ਹਿੱਸੇ ਵਿਚ ਹੋਏ ਕਵੀ-ਦਰਬਾਰ ਵਿਚ ਸੱਭ ਤੋਂ ਪਹਿਲਾਂ ਇਕਬਾਲ ਬਰਾੜ ਵੱਲੋਂ ਆਪਣੀ ਖ਼ੂਬਸੂਰਤ ਆਵਾਜ਼ ਵਿਚ ਸ਼ਿਵ ਕੁਮਾਰ ਦੇ ਤਿੰਨ ਗੀਤ ਗਾਏ ਗਏ। ਉਪਰੰਤ, ਪਰਮਜੀਤ ਗਿੱਲ, ਹਰਜੀਤ ਬਾਜਵਾ, ਰਿੰਟੂ ਭਾਟੀਆ, ਪੂਨਮ ਆਹਲੂਵਾਲੀਆ, ਹਰਜੀਤ ਭਮਰਾ, ਮਲਵਿੰਦਰ ਸ਼ਾਇਰ, ਮਕਸੂਦ ਚੌਧਰੀ, ਕਰਨ ਅਜਾਇਬ ਸੰਘਾ, ਸੁਖਦੇਵ ਝੰਡ, ਤਲਵਿੰਦਰ ਮੰਡ, ਹੀਰਾ ਹੰਸਪਾਲ, ਚੰਡੀਗੜ੍ਹ ਤੋਂ ਡਾ. ਧੀਰ ਤੇ ਕਈ ਹੋਰਨਾਂ ਨੇ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਅਖ਼ੀਰ ਵਿਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵੱਲੋਂ ਸ਼ਿਵ ਕੁਮਾਰ ਬਟਾਲਵੀ ਨਾਲ ਆਪਣੀਆਂ ਹੋਈਆਂ ਯਾਦਗਾਰੀ ਮੁਲਾਕਾਤਾਂ ਦੇ ਬਾਖ਼ੂਬੀ ਵਰਨਣ ਦੇ ਨਾਲ ਨਾਲ ਉਸ ਦੀਆਂ ਕਵਿਤਾਵਾਂ ਦੀ ਗੰਭੀਰਤਾ ਬਾਰੇ ਗੱਲ ਕਰਦਿਆਂ ਹੋਇਆਂ ਸਮਾਗ਼ਮ ਦੇ ਮੁੱਖ-ਮਹਿਮਾਨ ਡਾ. ਅਨੂਪ ਸਿੰਘ ਅਤੇ ਸਮੂਹ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।

 

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …