ਵੱਖੋ-ਵੱਖ ਖੇਤਰਾਂ ‘ਚ ਮੱਲਾਂ ਮਾਰਨ ਵਾਲੇ ਪਿੰਡ ਚਨਾਰਥਲ ਕਲਾਂ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦਾ ਕੀਤਾ ਗਿਆ ਸਨਮਾਨ
ਸਕੂਲ ‘ਚ ਸਾਇੰਸ ਲੈਬ ਬਣਾਉਣ ਲਈ ਟਿਵਾਣਾ ਫੀਡ ਦੇ ਮਾਲਕ ਮਲਕੀਤ ਸਿੰਘ ਟਿਵਾਣਾ ਨੇ 2.50 ਲੱਖ ਰੁਪਏ ਦੀ ਮਾਲੀ ਮਦਦ ਦੇਣ ਦਾ ਕੀਤਾ ਐਲਾਨ
ਫਤਿਹਗੜ੍ਹ ਸਾਹਿਬ/ਬਿਊਰੋ ਨਿਊਜ਼ : ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਚਨਾਰਥਲ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਇਆ ਸਾਲਾਨਾ ਇਨਾਮ ਵੰਡ ਸਮਾਰੋਹ ਬਹੁਤ ਹੀ ਸ਼ਾਨਦਾਰ ਰਿਹਾ।
ਇਸ ਸਮਾਗਮ ਵਿੱਚ ਪਿੰਡ ਦੇ ਸਰਪੰਚ ਅਤੇ ਸਮੂਹ ਪੰਚਾਇਤ ਮੈਂਬਰ, ਐਨਆਰਆਈ ਸਭਾ ਪਿੰਡ ਚਨਾਰਥਲ ਕਲਾਂ ਦੇ ਮੈਂਬਰ, ਐਸਬੀਆਈ ਬੈਂਕ, ਸਹਿਕਾਰਤਾ ਬੈਂਕ ਦੇ ਮੈਨੇਜਰ ਅਤੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਸ਼ਿਰਕਤ ਕੀਤੀ ਗਈ।
ਸਕੂਲ ਵਿਚੋਂ ਸੇਵਾਮੁਕਤ ਹੋਏ ਅੰਗਰੇਜ਼ੀ ਦੇ ਲੈਕਚਰਾਰ ਸੁੱਚਾ ਸਿੰਘ ਅਤੇ ਇਸੇ ਸਕੂਲ ਤੋਂ ਪੜ੍ਹੇ ਨਾਮਵਰ ਲੇਖਕ ਅਤੇ ਪੱਤਰਕਾਰ ਦੀਪਕ ਸ਼ਰਮਾ ਵੀ ਇਨਾਮ ਵੰਡ ਸਮਾਰੋਹ ਵਿਚ ਉਚੇਚੇ ਤੌਰ ਸ਼ਾਮਿਲ ਹੋਏ। ਪਿੰਡ ਦੀ ਐਨਆਰਆਈ ਸਭਾ ਵੱਲੋਂ ਵਿੱਦਿਅਕ, ਖੇਡ ਮੁਕਾਬਲਿਆਂ ਅਤੇ ਹੋਰ ਗਤੀਵਿਧੀਆਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਉਣ ਵਾਲ਼ੇ ਵਿਦਿਆਰਥੀਆਂ ਨੂੰ ਨਕਦ ਇਨਾਮ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੀ ਰੱਸਾਕਸ਼ੀ ਟੀਮ ਦੇ ਕੋਚ ਰਣਜੀਤ ਸਿੰਘ ਅਤੇ ਤਲਵਿੰਦਰ ਸਿੰਘ ਨੂੰ ਵੀ ਸਕੂਲ ਮੁਖੀ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਪੰਜਾਬੀ ਸੱਭਿਆਚਾਰ ਦੀ ਝਲਕ ਗਿੱਧਾ, ਭੰਗੜਾ ਅਤੇ ਬੁੱਤ ਜਾਗ ਪਿਆ ਵਰਗੇ ਦੇਸ਼ ਭਗਤੀ ਦੇ ਨਾਟਕਾਂ ਰਾਹੀਂ ਪੇਸ਼ ਕੀਤੀ ਗਈ ਅਤੇ ਆਏ ਹੋਏ ਮਹਿਮਾਨਾਂ ਦਾ ਦਿਲ ਜਿੱਤ ਲਿਆ। ਸਕੂਲ ਦੀ ਪ੍ਰਿੰਸੀਪਲ ਹਰਦੀਪ ਕੌਰ ਨੇ ਸਕੂਲ ਦੀਆਂ ਸਾਲ ਭਰ ਦੀਆਂ ਵਿੱਦਿਅਕ ਅਤੇ ਖੇਡ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਇਸ ਦਾ ਸਿਹਰਾ ਸਮੂਹ ਸਟਾਫ਼ ਨੂੰ ਦਿੱਤਾ। ਸਕੂਲ ਪ੍ਰੋਗਰਾਮ ਵਿੱਚ ਸ਼ਾਮਿਲ ਸਾਰੇ ਮਹਿਮਾਨਾਂ ਦਾ ਪਹੁੰਚਣ ‘ਤੇ ਧੰਨਵਾਦ ਕੀਤਾ ਅਤੇ ਸਕੂਲ ਦੀ ਬੇਹਤਰੀ ਵਾਸਤੇ ਟਿਵਾਣਾ ਆਇਲ ਮਿੱਲ ਦੇ ਮਾਲਿਕ ਮਲਕੀਤ ਸਿੰਘ ਟਿਵਾਣਾ ਵੱਲੋਂ ਸਕੂਲ ਨੂੰ ਢਾਈ ਲੱਖ ਰੁਪਏ ਦੀ ਮਦਦ ਦੇਣ ‘ਤੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ।