ਪੰਜਾਬ ਸਰਕਾਰ ਨੇ ਘਰ-ਘਰ ਮੁਫ਼ਤ ਰਾਸ਼ਨ ਵੰਡਣ ਦੀ ਰਸਮੀ ਸ਼ੁਰੂਆਤ ਭਾਵੇਂ ਖੰਨਾ ਵਿੱਚ ਕਰਨੀ ਸੀ ਪਰ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਬਾ ਮਾੜੂ ਦਾਸ ਸਟੇਡੀਅਮ ਸਲਾਣਾ ‘ਚ ਹੈਲੀਪੈਡ ‘ਤੇ ਉਤਰਨ ਤੋਂ ਬਾਅਦ ਅਮਲੋਹ ਸਬ-ਡਿਵੀਜ਼ਨ ਦੇ ਪਿੰਡ ਸਲਾਣਾ ਦੂਲਾ ਸਿੰਘ ਵਾਲਾ ਵਿਚ 14 ਪਰਿਵਾਰਾਂ ਦੇ ਘਰਾਂ ਵਿਚ ਜਾ ਕੇ 5 ਕਿਲੋ ਪ੍ਰਤੀ ਜੀਅ ਦੇ ਹਿਸਾਬ ਨਾਲ ਆਟੇ ਦੇ ਪੈਕੇਟ ਵੰਡੇ। ਇਸ ਮੌਕੇ ਉਨ੍ਹਾਂ ਨਾਲ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਬੜਿੰਗ, ਜਗਰਾਉਂ ਦੀ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਉਨ੍ਹਾਂ ਨੇ ਇਨ੍ਹਾਂ ਪਰਿਵਾਰਾਂ ਦੇ ਮੈਬਰਾਂ ਦਾ ਹਾਲ ਪੁੱਛਿਆ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣ ਕੇ ਹੱਲ ਕਰਨ ਦਾ ਭਰੋਸਾ ਦਿਤਾ। ਉਨ੍ਹਾਂ ਕਿਹਾ ਕਿ ਹੁਣ ਹਰ ਮਹੀਨੇ ਲੋਕਾਂ ਦੇ ਘਰ ਤਾਜ਼ਾ ਰਾਸ਼ਨ ਆਵੇਗਾ। ਉਨ੍ਹਾਂ ਕੈਂਸਰ ਪੀੜਤ ਇਕ ਪਰਿਵਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਲਾਜ ਲਈ ਦਵਾਈਆਂ ‘ਤੇ ਪੈਸਾ ਖਰਚ ਕਰਨ ਦੀ ਲੋੜ ਨਹੀਂ ਕਿਉਂਕਿ ਸਰਕਾਰ ਵੱਲੋਂ ਦਵਾਈਆਂ ਹਸਪਤਾਲਾਂ ‘ਚੋ ਮੁਫ਼ਤ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਪ੍ਰੋਗਰਾਮ ਦੌਰਾਨ ਮੀਡੀਆ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ।
ਰੈਲੀ ਵਿੱਚ ਲਾਰੀਆਂ, ਖੁਆਰ ਹੋਈਆਂ ਸਵਾਰੀਆਂ
ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਲੁਧਿਆਣਾ ਵਿੱਚ ‘ਆਪ’ ਦੀ ਰੈਲੀ ‘ਚ ਭੇਜੇ ਜਾਣ ਕਾਰਨ ਸਵਾਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸ਼ਹਿਰਾਂ ਦੇ ਮੁੱਖ ਅੱਡਿਆਂ ਸਮੇਤ ਪੇਂਡੂ ਬੱਸ ਸਟੈਂਡ ‘ਤੇ ਲੋਕ ਲੰਮਾ ਸਮਾਂ ਬੱਸਾਂ ਉਡੀਕਦੇ ਰਹੇ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਅਤੇ ਪੰਜਾਬ ਰੋਡਵੇਜ਼ ਦੇ ਬਠਿੰਡਾ, ਬੁਢਲਾਡਾ, ਬਰਨਾਲਾ, ਪਟਿਆਲਾ, ਲੁਧਿਆਣਾ, ਸੰਗਰੂਰ ਅਤੇ ਫਰੀਦਕੋਟ ਡਿਪੂਆਂ ਨੂੰ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਪਿੰਡਾਂ ਵਿੱਚ ‘ਆਪ’ ਵਰਕਰਾਂ ਨੂੰ ਰੈਲੀ ‘ਚ ਲਿਜਾਣ ਲਈ ਭੇਜਿਆ ਗਿਆ ਜਿਸ ਕਾਰਨ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਕਰਨ ਵਾਲੀਆਂ ਔਰਤਾਂ ਨੂੰ ਆਪਣੀ ਮੰਜ਼ਿਲ ‘ਤੇ ਜਾਣ ਲਈ ਪ੍ਰਾਈਵੇਟ ਬੱਸਾਂ ‘ਤੇ ਸਫ਼ਰ ਕਰਨ ਪਿਆ।