ਪਠਾਨਕੋਟ ’ਚ ਡੀਸੀ ਨੇ ਜੰਮੂ-ਕਸ਼ਮੀਰ ਤੋਂ ਰੇਤਾ ਲੈ ਕੇ ਆ ਰਹੇ ਟਰੱਕਾਂ ਨੂੰ ਕੀਤਾ ਕਾਬੂ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ’ਚ ਹੁਣ ਰੇਤੇ ਅਤੇ ਬਜਰੀ ਦੀ ਵੀ ਤਸਕਰੀ ਹੋਣ ਲੱਗੀ ਹੈ। ਇਸੇ ਦੌਰਾਨ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਨੇ ਜੰਮੂ-ਕਸ਼ਮੀਰ ਤੋਂ ਰੇਤਾ ਲੈ ਕੇ ਆ ਰਹੇ ਟਰੱਕਾਂ ਨੂੰ ਕਾਬੂ ਕੀਤਾ ਹੈ। ਸ਼ੁਰੂਆਤੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਇਨ੍ਹਾਂ ਟਰੱਕਾਂ ਵਾਲਿਆਂ ਕੋਲ ਕੋਈ ਬਿਲ ਵੀ ਨਹੀਂ ਸੀ। ਉਥੇ ਹੀ ਕੁੱਝ ਟਰੱਕਾਂ ਵਾਲਿਆਂ ਕੋਲ 5 ਟਨ ਤੱਕ ਮਾਲ ਲੋਡ ਕਰਨ ਦੀ ਮਨਜ਼ੂਰੀ ਸੀ ਪ੍ਰੰਤੂ ਉਨ੍ਹਾਂ ਕੋਲ ਲੋਡ ਕੀਤੇ ਗਏ ਰੇਤੇ ਅਤੇ ਬਜਰੀ ਦੀ ਮਾਤਰਾ 30 ਤੋਂ 40 ਟਨ ਤੱਕ ਸੀ। ਇਸ ਸਬੰਧੀ ਡੀਸੀ ਨੇ ਪਠਾਨਕੋਟ ਦੇ ਐਸ ਐਸ ਪੀ ਨੂੰ ਤੁਰੰਤ ਕਾਰਵਾਈ ਕਰਨ ਦੇ ਲਈ ਹੁਕਮ ਵੀ ਜਾਰੀ ਕਰ ਦਿੱਤੇ ਹਨ। ਰੇਤਾ ਲਿਆਉਣ ਵਾਲੇ ਇਨ੍ਹਾਂ ਟਰੱਕਾਂ ਨੂੰ ਦੂਰੋਂ ਦੇਖ ਕੇ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਇਨ੍ਹਾਂ ਵਿਚ ਰੇਤਾ ਜਾਂ ਬਜਰੀ ਹੋਵੇਗਾ। ਇਸੇ ਦੌਰਾਨ ਇਕ ਟਰੱਕ ਵਾਲਾ ਭੱਜਣ ਵਿਚ ਕਾਮਯਾਬ ਵੀ ਹੋ ਗਿਆ ਜਦਕਿ ਅਸੀਂ ਟਰੱਕ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।