ਸੈਂਟਰ ਫਾਰ ਪਾਲਿਸੀ ਰਿਸਰਚ ਸੈਂਟਰ ’ਤੇ ਵੀ ਪਿਆ ਛਾਪਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਇਨਕਮ ਟੈਕਸ ਵਿਭਾਗ ਵੱਲੋਂ ਅੱਜ ਦੇਸ਼ ਭਰ ’ਚ ਇਕੱਠਿਆਂ 100 ਥਾਵਾਂ ’ਤੇ ਰੇਡ ਕੀਤੀ ਗਈ। ਇਹ ਕਾਰਵਾਈ ਮਿਡ ਡੇਅ ਮੀਲ ’ਚ ਕਮਾਈ, ਪੋਲੀਟੀਕਲ ਫੰਡਿੰਗ ’ਚ ਟੈਕਸ ਚੋਰੀ ਅਤੇ ਸ਼ਰਾਬ ਘੋਟਾਲਿਆਂ ਦੇ ਸਬੰਧ ’ਚ ਕੀਤੀ ਗਈ ਹੈ। ਦਿੱਲੀ, ਰਾਜਸਥਾਨ, ਮਹਾਰਾਸ਼ਟਰ, ਉਤਰ ਪ੍ਰਦੇਸ਼, ਛੱਤੀਸਗੜ੍ਹ ਅਤੇ ਉਤਰਾਖੰਡ ਸਮੇਤ 12 ਰਾਜਾਂ ’ਚ ਇਨਕਮ ਟੈਕਸ ਵਿਭਾਗ ਕੀਤੀ ਗਈ ਛਾਪੇਮਾਰੀ ਜਾਰੀ ਹੈ। ਦਿੱਲੀ ਸਥਿਤ ਸੁਤੰਤਰ ਥਿੰਕਟੈਂਕ ਸੈਂਟਰ ਫਾਰ ਪਾਲਿਸੀ ਰਿਸਰਚ ਸੈਂਟਰ ’ਚ ਵੀ ਛਾਪੇਮਾਰੀ ਕੀਤੀ ਗਈ। ਉਧਰ ਰਾਜਸਥਾਨ ਦੇ ਰਾਜ ਮੰਤਰੀ ਰਾਜੇਂਦਰ ਯਾਦਵ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ 53 ਤੋਂ ਜ਼ਿਆਦਾ ਟਿਕਾਣਿਆਂ ’ਤੇ ਇਨਕਮ ਟੈਕਸ ਦੀ ਰੇਡ ਪਈ। ਅੱਜ ਸਵੇਰੇ ਸਾਢੇ ਪੰਜ ਵਜੇ ਤੋਂ ਇਹ ਛਾਪੇਮਾਰੀ ਚੱਲ ਰਹੀ ਹੈ। ਮਾਮਲਾ ਮਿਡ ਡੇਅ ਮੀਲ ਦੀ ਸਪਲਾਈ ’ਚ ਗੜਬੜੀ ਨਾਲ ਜੁੜਿਆ ਹੋਇਆ ਹੈ। ਕੋਟਪੁਤਲੀ ’ਚ ਮਿਡ ਡੇਅ ਮੀਲ ਦਾ ਰਾਸ਼ਨ ਸਪਲਾਈ ਕਰਨ ਵਾਲੀ ਜਿਸ ਫੈਕਟਰੀ ’ਚ ਛਾਪਾ ਪਿਆ ਹੈ, ਉਹ ਵੀ ਰਾਜੇਂਦਰ ਯਾਦਵ ਦੀ ਦੱਸੀ ਜਾ ਰਹੀ ਹੈ। ਮਿਡ ਡੇਅ ਮੀਲ ਮਾਮਲੇ ’ਚ ਹੀ ਇਨਕਮ ਟੈਕਸ ਵਿਭਾਗ ਦੀ ਟੀਮ ਵੱਲੋਂ ਮਹਾਰਾਸ਼ਟਰ ’ਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ।