ਨਵੀਂ ਦਿੱਲੀ : ਕਾਂਗਰਸ ਉਤੇ ‘ਸੱਤਾ ਦੀ ਭੁੱਖ’ ਵਿੱਚ ਗੁਜਰਾਤ ਵਿਚ ਜਾਤੀਵਾਦ ਦੇ ਬੀਜ ਬੀਜਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ ਉਨ੍ਹਾਂ ਦੀ ਸਰਕਾਰ ਦੇ ਸੁਧਾਰਾਂ ਨੂੰ ਲੋਕਾਂ ਵੱਲੋਂ ਸਵੀਕਾਰ ਕੀਤੇ ਜਾਣ ਉਤੇ ਮੋਹਰ ਹੈ। ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਵਿਕਾਸ ਵਾਲੇ ਏਜੰਡੇ ‘ਤੇ ਪਰਤਦਿਆਂ ਆਪਣੇ ਗ੍ਰਹਿ ਰਾਜ ਵਿਚ ਸਮਾਜਿਕ ਭਾਈਚਾਰੇ ਲਈ ਆਵਾਜ਼ ਬੁਲੰਦ ਕੀਤੀ, ਜਿਥੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਈ ਜਾਤੀਵਾਦੀ ਅੰਦੋਲਨ ਹੋਏ ਸਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬੀਤੇ ਨੂੰ ਭੁਲਾ ਕੇ ਇਕ ਦੂਜੇ ਨੂੰ ਗਲ ਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 2014 ਵਿਚ ਕੇਂਦਰ ‘ਚ ਸੱਤਾ ਸੰਭਾਲਣ ਬਾਅਦ ਭਾਜਪਾ ਨੇ ਵਿਕਾਸ ਲਈ ਮਾਹੌਲ ਤਿਆਰ ਕੀਤਾ ਅਤੇ ਕਿਸੇ ਨੂੰ ਵੀ ਇਸ ਮਾਹੌਲ ਨੂੰ ਖ਼ਰਾਬ ਨਹੀਂ ਕਰਨਾ ਚਾਹੀਦਾ ਕਿਉਂਕਿ ਉਨ੍ਹਾਂ ਦੀ ਸਰਕਾਰ ਸੰਘੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਕੰਮ ਕਰ ਰਹੀ ਹੈ। ਮੋਦੀ ਨੇ ਕਿਹਾ ਕਿ ਇਸ ਵਾਰ ਦੀ ਜਿੱਤ ‘ਆਮ’ ਨਹੀਂ ਹੈ। ਮੌਜੂਦਾ ਵਿਧਾਨ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ, ‘ਜ਼ਮੀਨ ‘ਤੇ ਭਾਵੇਂ ਇਕੱਲੀ ਕਾਂਗਰਸ ਦਿਖਾਈ ਦਿੰਦੀ ਸੀ ਪਰ ਉਸ ਤੋਂ ਇਲਾਵਾ ਹੋਰ ਕਈ ਤਾਕਤਾਂ ਭਾਜਪਾ ਨੂੰ ਇਕ ਵਾਰ ਹਰਾਉਣਾ ਚਾਹੁੰਦੀਆਂ ਸਨ। ਕਾਂਗਰਸ ਅਤੇ ਪਾਟੀਦਾਰ ਆਗੂ ਹਾਰਦਿਕ ਪਟੇਲ, ਜਿਨ੍ਹਾਂ ਵੱਲੋਂ ਭਾਜਪਾ ‘ਤੇ ਹਮਲੇ ਲਈ ‘ਵਿਕਾਸ ਪਾਗਲ ਹੋ ਗਿਆ’ ਮੁਹਿੰਮ ਚਲਾਈ ਗਈ ਸੀ, ਉਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਵਿਕਾਸ ਦੇ ਮੁੱਦੇ ਉਤੇ ਗੁੱਸਾ ਹੋ ਸਕਦਾ ਹੈ ਪਰ ਕੁੱਝ ਲੋਕ ਇਸ ਦਾ ਮਜ਼ਾਕ ਉਡਾ ਰਹੇ ਸਨ।
ਸ਼੍ਰੋਮਣੀ ਅਕਾਲੀ ਦਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਵਧਾਈ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਵਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਭਾਜਪਾ ਨੂੰ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਮਿਲੀਆਂ ਵੱਡੀਆਂ ਜਿੱਤਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਜਨਤਾ ਨੇ ਵਿਕਾਸ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਜ਼ਬੂਤ ਲੀਡਰਸ਼ਿਪ ਨੂੰ ਫਤਵਾ ਦਿੱਤਾ ਹੈ।
ਰਾਹੁਲ ਗਾਂਧੀ ਨੇ ਲੋਕ ਫਤਵੇ ਨੂੰ ਸਵੀਕਾਰਿਆ
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੂਰੀ ਮਾਣ-ਮਰਿਆਦਾ ਨਾਲ ਚੋਣਾਂ ਲੜਨ ਲਈ ਪਾਰਟੀ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਪਾਰਟੀ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿੱਚ ਲੋਕ ਫਤਵੇ ਨੂੰ ਸਵੀਕਾਰ ਕਰਦੀ ਹੈ। ਉਨ੍ਹਾਂ ਦੋਵਾਂ ਰਾਜਾਂ ਦੇ ਲੋਕਾਂ ਵੱਲੋਂ ਆਪਣੇ ਨਾਲ ਦਿਖਾਏ ਸਨੇਹ ਲਈ ਵੀ ਧੰਨਵਾਦ ਕੀਤਾ। ਰਾਹੁਲ ਨੇ ਟਵੀਟ ਕੀਤਾ ਕਿ ”ਮੇਰੀਆਂ ਕਾਂਗਰਸੀ ਭੈਣਾਂ ਤੇ ਭਰਾਵਾਂ ਉਤੇ ਮੈਨੂੰ ਮਾਣ ਹੈ। ਤੁਸੀਂ ਆਪਣੇ ਖ਼ਿਲਾਫ਼ ਲੜਨ ਵਾਲਿਆਂ ਨਾਲੋਂ ਵੱਖ ਹੋ ਕਿਉਂਕਿ ਤੁਸੀਂ ਪੂਰੀ ਮਾਣ-ਮਰਿਆਦਾ ਨਾਲ ਚੋਣਾਂ ਲੜੀਆਂ। ਤੁਸੀਂ ਹਰੇਕ ਨੂੰ ਇਹ ਦਿਖਾ ਦਿੱਤਾ ਕਿ ਸ਼ਰਾਫ਼ਤ ਤੇ ਹੌਸਲਾ ਹੀ ਕਾਂਗਰਸ ਦੀ ਸਭ ਤੋਂ ਵੱਡੀ ਤਾਕਤ ਹੈ।”
ਹਿਮਾਚਲ ਦੇ ਦੂਨ ਹਲਕੇ ਤੋਂ ਚੋਣ ਜਿੱਤ ਕੇ ਸਿੱਖ ਉਮੀਦਵਾਰ ਨੇ ਸਿਰਜਿਆ ਇਤਿਹਾਸ
ਸ੍ਰੀ ਅਨੰਦਪੁਰ ਸਾਹਿਬ : ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿਚ ਦੂਨ ਵਿਧਾਨ ਸਭਾ ਹਲਕੇ ਤੋਂ ਇਕੋ-ਇਕ ਭਾਜਪਾ ਦੇ ਸਿੱਖ ਉਮੀਦਵਾਰ 52 ਸਾਲਾ ਪਰਮਜੀਤ ਸਿੰਘ ਪੰਮੀ ਨੇ 4300 ਵੋਟਾਂ ਨਾਲ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ ਤੇ ਉਹ ਹਿਮਾਚਲ ਪ੍ਰਦੇਸ਼ ਦੇ ਇਕੋ-ਇਕ ਸਿੱਖ ਵਿਧਾਇਕ ਬਣ ਗਏ ਹਨ। ਦੱਸਣਯੋਗ ਹੈ ਕਿ ਟਰਾਂਸਪੋਰਟ ਕਿੱਤੇ ਨਾਲ ਜੁੜੇ ਹੋਏ ਗੁੱਜਰ ਬਰਾਦਰੀ ਨਾਲ ਸਬੰਧਿਤ ਪਰਮਜੀਤ ਸਿੰਘ ਪੰਮੀ ਪਹਿਲਾਂ ਕਾਂਗਰਸ ਨਾਲ ਜੁੜੇ ਹੋਏ ਸਨ, ਤੇ ਉਹ ਜ਼ਿਲ੍ਹਾ ਕਾਂਗਰਸ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਰਹੇ ਹਨ, ਤੇ ਉਨ੍ਹਾਂ ਦੇ ਪਿਤਾ ਗਿਆਨ ਸਿੰਘ 24 ਸਾਲ ਨਾਲਾਗੜ੍ਹ ਟਰੱਕ ਯੂਨੀਅਨ ਦੇ ਪ੍ਰਧਾਨ ਰਹੇ। ਲਹੀਕੜਿਆਣਾ ਪਿੰਡ ਦੇ ਜੰਮਪਲ ਪੰਮੀ ਵਲੋਂ 2012 ਦੀ ਵਿਧਾਨ ਸਭਾ ਚੋਣ ਵਿਚ ਬਤੌਰ ਅਜ਼ਾਦ ਉਮੀਦਵਾਰ ਕਿਸਮਤ ਅਜ਼ਮਾਈ ਸੀ ਤੇ 10,500 ਵੋਟਾਂ ਹਾਸਲ ਕੀਤੀਆਂ ਸਨ। ਇਸ ਤੋਂ ਬਾਅਦ ਉਹ 2016 ਵਿਚ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਏ।
ਹਿਮਾਚਲ ‘ਚ ਵੀ ਖਿੜ੍ਹਿਆ ਕਮਲ, ਕਾਂਗਰਸ 21 ਸੀਟਾਂ ‘ਤੇ ਸਿਮਟੀ
ਸ਼ਿਮਲਾ : ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਕਾਂਗਰਸ ਨੂੰ ਹਰਾ ਕੇ ਸੱਤਾ ਵਿੱਚ ਵਾਪਸੀ ਕੀਤੀ ਹੈ। 68 ਮੈਂਬਰੀ ਵਿਧਾਨ ਸਭਾ ਵਿੱਚ ਭਾਜਪਾ ਨੇ 44 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ ਹੈ। ਵੀਰਭੱਦਰ ਸਿੰਘ ਦੀ ਅਗਵਾਈ ਵਿੱਚ ਚੋਣ ਲੜਨ ਵਾਲੀ ਕਾਂਗਰਸ ਪਾਰਟੀ ਨੇ 21 ਸੀਟਾਂ ਉਤੇ ਜਿੱਤ ਹਾਸਲ ਕੀਤੀ ਹੈ ਅਤੇ ਤਿੰਨ ਹੋਰ ਉਮੀਦਵਾਰ ਜਿੱਤੇ ਹਨ। ਭਾਜਪਾ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਪ੍ਰੇਮ ਕੁਮਾਰ ਧੂਮਲ ਨੂੰ ਸੁਜਾਨਪੁਰ ਹਲਕੇ ਤੋਂ ਕਾਂਗਰਸ ਦੇ ਰਾਜਿੰਦਰ ਸਿੰਘ ਰਾਣਾ ਨੇ 3500 ਵੋਟਾਂ ਦੇ ਫਰਕ ਨਾਲ ਧੂੜ ਚਟਾ ਦਿੱਤੀ। ਇਸ ਪਹਾੜੀ ਰਾਜ ਵਿਚ 75.28 ਫ਼ੀਸਦ ਮਤਦਾਨ ਹੋਇਆ ਸੀ। ਪਿਛਲੀਆਂ ਚੋਣਾਂ ਵਿੱਚ ਕਾਂਗਰਸ ਨੂੰ 36 ਅਤੇ ਭਾਜਪਾ ਨੂੰ 26 ਸੀਟਾਂ ਉਤੇ ਜਿੱਤ ਮਿਲੀ ਸੀ। ਜ਼ਿਕਰਯੋਗ ਹੈ ਕਿ 1990 ਵਿੱਚ ਭਾਜਪਾ ਨੇ ਕਾਂਗਰਸ ਨੂੰ ਸੱਤਾ ਤੋਂ ਬਾਹਰ ਕੀਤਾ ਸੀ। ਕਾਂਗਰਸ ਨੇ 1993 ਵਿੱਚ ਭਾਜਪਾ ਨੂੰ ਇਸ ਹਾਰ ਦੀ ਭਾਜੀ ਮੋੜ ਦਿੱਤੀ ਸੀ। 1998 ਵਿੱਚ ਭਾਜਪਾ ਨੇ ਹਿਮਾਚਲ ਵਿਕਾਸ ਕਾਂਗਰਸ ਦੀ ਮਦਦ ਨਾਲ ਸਰਕਾਰ ਬਣਾਈ ਸੀ ਅਤੇ 2003 ਵਿੱਚ ਕਾਂਗਰਸ ਮੁੜ ਸੱਤਾ ਉਤੇ ਕਾਬਜ਼ ਹੋ ਗਈ ਸੀ। 2007 ਵਿੱਚ ਭਾਜਪਾ ਨੇ ਸੱਤਾ ਵਿੱਚ ਵਾਪਸੀ ਕੀਤੀ ਸੀ ਪਰ 2012 ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੇ ਉਸ ਨੂੰ ਹਰਾ ਦਿੱਤਾ ਸੀ।
ਹਿਮਾਚਲ ‘ਚ ਭਾਜਪਾ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਧੂਮਲ ਹਾਰੇ
ਵੀਰਭੱਦਰ ਸਿੰਘ ਜਿੱਤੇ ਪਰ 7ਵੀਂ ਵਾਰ ਮੁੱਖ ਮੰਤਰੀ ਬਣਨ ਦਾ ਸੁਪਨਾ ਟੁੱਟਾ
ਚੰਡੀਗੜ੍ਹ : ਭਾਜਪਾ ਭਾਵੇਂ ਹਿਮਾਚਲ ਪ੍ਰਦੇਸ਼ ਵਿਚ ਜਿੱਤ ਗਈ ਹੈ, ਪਰ ਮੁੱਖ ਮੰਤਰੀ ਦੇ ਅਹੁਦੇ ਲਈ ਐਲਾਨੇ ਉਮੀਦਵਾਰ ਪ੍ਰੇਮ ਕੁਮਾਰ ਧੂਮਲ ਆਪਣੀ ਚੋਣ ਹਾਰ ਗਏ ਹਨ। ਪ੍ਰੇਮ ਕੁਮਾਰ ਧੂਮਲ ਸੁਜਾਨਪੁਰ ਵਿਧਾਨ ਸਭਾ ਹਲਕੇ ਤੋਂ ਚੋਣ ਹਾਰ ਗਏ ।ઠਧੂਮਲ ਨੂੰ ਉਨ੍ਹਾਂ ਦੇ ਵਿਰੋਧੀ ਕਾਂਗਰਸੀ ਉਮੀਦਵਾਰ ਰਜਿੰਦਰ ਰਾਣਾ ਨੇ ਕਰੀਬ 3500 ਵੋਟਾਂ ਨਾਲ ਮਾਤ ਦਿੱਤੀ ਹੈ ।ઠਪ੍ਰੇਮ ਕੁਮਾਰ ਧੂਮਲ ਦੋ ਵਾਰ ਹਿਮਾਚਲ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ ਤੇ ਇਸ ਵਾਰ ਵੀ ਭਾਜਪਾ ਵੱਲੋਂ ਧੂਮਲ ਨੂੰ ਹੀ ਮੁੱਖ ਮੰਤਰੀ ਅਹੁਦੇ ਦਾ ਦਾਅਵੇਦਾਰ ਐਲਾਨਿਆ ਗਿਆ ਸੀ । ਇਸ ਕਰਕੇ ਪ੍ਰੇਮ ਕੁਮਾਰ ਧੂਮਲ ਨੂੰ ਭਾਜਪਾ ਦੀ ਜਿੱਤ ਥੋੜ੍ਹੀ ਫਿੱਕੀ ਜਿਹੀ ਲੱਗੇਗੀ। ਇਸੇ ਦੌਰਾਨ ਕਾਂਗਰਸ ਵਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵੀਰਭੱਦਰ ਸਿੰਘ ਨੇ ਆਪਣੀ ਸੀਟ ਜਿੱਤ ਲਈ ਹੈ ਪਰ ਉਨ੍ਹਾਂ ਦਾ 7ਵੀਂ ਵਾਰ ਮੁੱਖ ਮੰਤਰੀ ਬਣਨ ਦਾ ਸੁਪਨਾ ਟੁੱਟ ਗਿਆ ਹੈ ਕਿਉਂਕਿ ਹਿਮਾਚਲ ਵਿਚ ਹੁਣ ਮੁੱਖ ਮੰਤਰੀ ਭਾਜਪਾ ਦਾ ਹੀ ਬਣੇਗਾ।
ਭਾਜਪਾ ਦੀ ਮੀਟਿੰਗ ਵਿਚ ਭਾਵੁਕ ਹੋਈ ਮੋਦੀ
ਕਿਹਾ, ਇੰਦਰਾ ਗਾਂਧੀ ਦੀ 18 ਰਾਜਾਂ ਸਰਕਾਰ ਸੀ, ਸਾਡੀ 19 ਰਾਜਾਂ ਵਿਚ
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੇ ਪਾਰਲੀਮੈਂਟਰੀ ਬੋਰਡ ਦੀ ਅੱਜ ਮੀਟਿੰਗ ਹੋਈ। ਮੀਟਿੰਗ ਵਿਚ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਭਾਜਪਾ ਦੀ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਦਾ ਸਨਮਾਨ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਪਾਰਟੀ ਨੇਤਾਵਾਂ ਨਾਲ 2019 ਦੀਆਂ ਲੋਕ ਸਭਾ ਚੋਣਾਂ ਲਈ ਬੂਥ ਪੱਧਰ ‘ਤੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਨਵੇਂ ਚਿਹਰਿਆਂ ਨੂੰ ਪਾਰਟੀ ਵਿਚ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾਣ। ਇਸ ਦੌਰਾਨ ਗੁਜਰਾਤ ਵਿਚ ਪਾਰਟੀ ਦੇ ਸੰਘਰਸ਼ ਦੇ ਦਿਨਾਂ ਅਤੇ ਅਟਲ ਬਿਹਾਰੀ ਵਾਜਪਾਈ ਦੇ ਕੰਮਕਾਜ ਨੂੰ ਯਾਦ ਕਰਦੇ ਹੋਏ ਨਰਿੰਦਰ ਮੋਦੀ ਕੁਝ ਦੇਰ ਲਈ ਭਾਵੁਕ ਵੀ ਹੋ ਗਏ। ਮੋਦੀ ਨੇ ਕਿਹਾ ਕਿ ਇਕ ਸਮੇਂ ਇੰਦਰਾ ਗਾਂਧੀ ਦੀ 18 ਰਾਜਾਂ ਵਿਚ ਸਰਕਾਰ ਸੀ, ਹੁਣ ਸਾਡੀ 19 ਰਾਜਾਂ ਵਿਚ ਸਰਕਾਰ ਹੈ।
ਗੁਜਰਾਤ ‘ਚ 2014 ਤੋਂ ਬਾਅਦ ਭਾਜਪਾ ਦੀ ਵੋਟ ਫ਼ੀਸਦ ਘਟੀ
ਨਵੀਂ ਦਿੱਲੀ: 2014 ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ 60 ਫ਼ੀਸਦ ਵੋਟਾਂ ਪਈਆਂ ਸਨ ਜਦੋਂ ਕਿ ਮੌਜੂਦਾ ਵਿਧਾਨ ਸਭਾ ਚੋਣਾਂ ਵਿਚ ਇਸ ਪਾਰਟੀ ਹਿੱਸੇ 49.1 ਫ਼ੀਸਦ ਵੋਟਾਂ ਆਈਆਂ ਹਨ। ਦੱਸਣਯੋਗ ਹੈ ਕਿ 2012 ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਤਕਰੀਬਨ 48 ਫ਼ੀਸਦ ਵੋਟਾਂ ਪਈਆਂ ਸਨ। ਮੌਜੂਦਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦਾ ਵੋਟ ਹਿੱਸਾ ਵਧ ਕੇ 41.4 ਫ਼ੀਸਦ ਹੋ ਗਿਆ ਹੈ, ਜੋ 2014 ਲੋਕ ਸਭਾ ਚੋਣਾਂ ਵਿੱਚ 33 ਫ਼ੀਸਦ ਸੀ। 2012 ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਤਕਰੀਬਨ 39 ਫ਼ੀਸਦ ਵੋਟਾਂ ਪਈਆਂ ਸਨ।
ਹਿਮਾਚਲ ਭਾਜਪਾ ਪ੍ਰਧਾਨ ਵੀ ਚੋਣ ਹਾਰੇ
ਊਨਾ : ਹਿਮਾਚਲ ਵਿਚ ਵਿਧਾਨ ਸਭਾ ਹਲਕਾ ਊਨਾ ਤੋਂ ਲਗਾਤਾਰ ਤਿੰਨ ਵਾਰ ਜਿੱਤੇ ਭਾਜਪਾ ਦੇ ਸੂਬਾਈ ਪ੍ਰਧਾਨ ਸਤਪਾਲ ਸੱਤੀ ਇਸ ਵਾਰ ਆਪਣੀ ਸੀਟ ਬਚਾਉਣ ਵਿੱਚ ਨਾਕਾਮ ਰਹੇ ਹਨ। ਦੱਸਣਯੋਗ ਹੈ ਕਿ ਸੱਤੀ ਦੇ ਹੱਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਊਨਾ ਫੇਰੀ ਉਤੇ ਆਏ ਸਨ। ਸੱਤੀ ਨੂੰ ਕਾਂਗਰਸ ਦੇ ਉਮੀਦਵਾਰ ਸਤਪਾਲ ਰਾਇਜ਼ਾਦਾ ਨੇ 3169 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ ਹੈ।
Check Also
ਦੇਵੇਂਦਰ ਫੜਨਵੀਸ ਹੋਣਗੇ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ
ਭਲਕੇ 5 ਦਸੰਬਰ ਨੂੰ ਮੰੁਬਈ ਦੇ ਅਜ਼ਾਦ ਮੈਦਾਨ ਵਿਚ ਚੁੱਕਣਗੇ ਅਹੁਦੇ ਦੀ ਸਹੰੁ ਮੁੰਬਈ/ਬਿਊਰੋ ਨਿਊਜ਼ …