ਦੋ ਤਿਹਾਈ ਸੀਟਾਂ ਜਿੱਤ ਕੇ ਸਰਕਾਰ ਬਣਾਉਣ ਦਾ ਕੀਤਾ ਦਾਅਵਾ
ਸ੍ਰੀ ਆਨੰਦਪੁਰ ਸਾਹਿਬ : ਕਾਂਗਰਸ ਹਾਈਕਮਾਂਡ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮੰਦਰ ਮਾਤਾ ਨੈਣਾ ਦੇਵੀ ਨਤਮਸਤਕ ਹੋਏ। ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਚੰਨੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕ ਕੇ ਕੀਰਤਨ ਵੀ ਸਰਵਣ ਕੀਤਾ।
ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਕਾਂਗਰਸੀ ਉਮੀਦਵਾਰ ਰਾਣਾ ਕੇਪੀ ਸਿੰਘ ਵੀ ਉਨ੍ਹਾਂ ਨਾਲ ਸਨ। ਮੱਥਾ ਟੇਕਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਚੰਨੀ ਨੇ ਦਾਅਵਾ ਕੀਤਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੋ ਤਿਹਾਈ ਸੀਟਾਂ ਲੈ ਕੇ ਸਰਕਾਰ ਬਣਾਵੇਗੀ। ਉਨ੍ਹਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਗੁਰੂਆਂ-ਪੀਰਾਂ ਦੀ ਧਰਤੀ ਹੈ, ਜਿੱਥੇ ਹਰ ਇੱਕ ਵਿਅਕਤੀ ਦਾ ਸਿਰ ਝੁਕਦਾ ਹੈ। ਸਰਕਾਰ ਬਣਨ ‘ਤੇ ਇਸ ਇਤਿਹਾਸਕ ਸ਼ਹਿਰ ਨੂੰ ਆਈਟੀ ਹੱਬ ਵਜੋਂ ਉਭਾਰਿਆ ਜਾਵੇਗਾ। ਰਾਣਾ ਕੇਪੀ ਸਿੰਘ ਵੱਲ ਇਸ਼ਾਰਾ ਕਰਦਿਆਂ ਚੰਨੀ ਨੇ ਕਿਹਾ ਕਿ ਇਸ ਹਲਕੇ ਤੋਂ ਜਿੱਤ ਕੇ ਵਿਧਾਇਕ ਬਣਨ ਵਾਲੇ ਆਗੂ ਨੂੰ ਸਰਕਾਰ ਵਿੱਚ ਯੋਗ ਥਾਂ ਦੇ ਕੇ ਨਿਵਾਜਿਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਬੰਸ ਲਾਲ ਮਹਿੰਦਲੀ, ਸੁਖਵਿੰਦਰ ਸਿੰਘ ਵਿਸਕੀ, ਵਪਾਰ ਮੰਡਲ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗੰਡਾ ਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ।