ਪੰਜਾਬ ਦੀ ‘ਆਪ’ ਸਰਕਾਰ ‘ਤੇ ਚੁੱਕੇ ਸਵਾਲ
ਬੰਗਾ/ਬਿਊਰੋ ਨਿਊਜ਼ : ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਬੰਗਾ ਅਤੇ ਗੜ੍ਹਸ਼ੰਕਰ ਵਿੱਚ ਕੀਤੀਆਂ ਸਿਆਸੀ ਮੀਟਿੰਗਾਂ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਈ। ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਆਗੂ ਡਾ: ਸੁਭਾਸ਼ ਸ਼ਰਮਾ ਨੇ ਪੰਜਾਬ ‘ਚ ਵੱਧ ਰਹੇ ਨਸ਼ੇ ਲਈ ਭਗਵੰਤ ਮਾਨ ਸਰਕਾਰ ‘ਤੇ ਸਿਆਸੀ ਨਿਸ਼ਾਨਾ ਸਾਧਿਆ।
ਡਾ: ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸ਼ਰਾਬ ਦੇ ਸ਼ੌਕੀਨ ਭਗਵੰਤ ਮਾਨ ਦਾ ਕਦੇ ਵੀ ਪੰਜਾਬ ‘ਚੋਂ ਨਸ਼ਾ ਖਤਮ ਕਰਨ ਦਾ ਕੋਈ ਇਰਾਦਾ ਨਹੀਂ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਨਸ਼ੇ ਸੂਬੇ ਵਿੱਚ ਲੁਕ-ਛਿਪ ਕੇ ਵਿਕਦੇ ਸਨ ਪਰ ਅੱਜ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਕਮਜ਼ੋਰੀ ਕਾਰਨ ਉਹੀ ਨਸ਼ਾ ਹਰ ਗਲੀ ਵਿੱਚ ਪਹੁੰਚ ਗਿਆ ਹੈ।
ਅੱਜ ਪੰਜਾਬ ਦਾ ਕੋਈ ਵੀ ਸ਼ਹਿਰ ਜਾਂ ਪਿੰਡ ਅਜਿਹਾ ਨਹੀਂ ਬਚਿਆ ਜਿੱਥੇ ਨਸ਼ੇ ਦੇ ਸੌਦਾਗਰ ਨਾ ਹੋਣ ਅਤੇ ਇਹ ਲੋਕ ਸਰਕਾਰਾਂ ਦੀ ਸ਼ਹਿ ਨਾਲ ਸਾਡੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਰਹੇ ਹਨ। ਦੋ ਸਾਲ ਪਹਿਲਾਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਗਵੰਤ ਮਾਨ ਹੀ ਨਹੀਂ, ਸਗੋਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਵੀ ਸੂਬੇ ਦੇ ਲੋਕਾਂ ਨੂੰ ਨਸ਼ਾ ਖਤਮ ਕਰਨ ਦੀ ਗਾਰੰਟੀ ਦਿੱਤੀ ਸੀ, ਪਰ ਅੱਜ ਗਾਰੰਟੀ ਦੇਣ ਵਾਲਿਆਂ ਤੋਂ ਕੋਈ ਗਾਰੰਟੀ ਲੈਣ ਨੂੰ ਤਿਆਰ ਨਹੀਂ। ਸ਼ਰਮਾ ਨੇ ਨਸਿਆਂ ਦੇ ਮੁੱਦੇ ‘ਤੇ ਕਾਂਗਰਸ ਅਤੇ ਅਕਾਲੀਆਂ ਨੂੰ ਗੱਦਾਰ ਕਰਾਰ ਦਿੰਦਿਆਂ ਕਿਹਾ ਕਿ ਦੋਵਾਂ ਪਾਰਟੀਆਂ ਦੇ ਆਗੂਆਂ ਨੇ ਇਸ ਮੁੱਦੇ ‘ਤੇ ਸਿਆਸਤ ਕਰਨ ਤੋਂ ਇਲਾਵਾ ਕੁਝ ਨਹੀਂ ਕੀਤਾ।
ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਰ, ਜੰਮੂ-ਕਸ਼ਮੀਰ ਵਿੱਚ ਧਾਰਾ 370 ਨੂੰ ਖਤਮ ਕਰਨ, ਤਿੰਨ ਤਲਾਕ, ਗਰੀਬੀ ਨੂੰ ਖਤਮ ਕਰਨ ਦੇ ਅਜਿਹੇ ਵਾਅਦੇ ਦੇਸ਼ ਵਾਸੀਆਂ ਨਾਲ ਪੂਰੇ ਕੀਤੇ, ਜੋ ਹੁਣ ਤੱਕ ਭਾਰਤੀ ਰਾਜਨੀਤੀ ਵਿੱਚ ਅਸੰਭਵ ਮੰਨੇ ਜਾਂਦੇ ਸਨ। ਕੇਂਦਰ ਦੀ ਭਾਜਪਾ ਸਰਕਾਰ ਦਾ 10 ਸਾਲਾਂ ਦਾ ਕਾਰਜਕਾਲ ਇਸ ਗੱਲ ਦਾ ਗਵਾਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਅਸੰਭਵ ਨੂੰ ਸੰਭਵ ਕਰ ਦਿੱਤਾ ਹੈ।
ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ 4 ਜੂਨ ਨੂੰ ਉਨ੍ਹਾਂ ਦੀ ਜਿੱਤ ਨਾਲ ਇਸ ਇਤਿਹਾਸਕ ਅਤੇ ਪਵਿੱਤਰ ਧਰਤੀ ਤੋਂ ਨਸ਼ਿਆਂ ਵਿਰੁੱਧ ਜੰਗ ਸ਼ੁਰੂ ਹੋਵੇਗੀ।
ਉਨ੍ਹਾਂ ਨਸ਼ੇ ਦੇ ਸੌਦਾਗਰਾਂ ਨੂੰ ਆਪਣੇ ਦਿਨ ਗਿਣਨ ਦੀ ਚੇਤਾਵਨੀ ਦਿੱਤੀ। ਬੰਗਾ ਅਤੇ ਗੜ੍ਹਸ਼ੰਕਰ ਵਿੱਚ ਹੋਈਆਂ ਜਨਤਕ ਮੀਟਿੰਗਾਂ ਵਿੱਚ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਅਤੇ ਲੋਕ ਹਾਜ਼ਰ ਸਨ।
ਮੋਹਾਲੀ ਤੋਂ ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਲਈ ਉਡਾਣਾਂ ਸ਼ੁਰੂ ਕਰਾਵਾਂਗਾਂ : ਡਾ: ਸੁਭਾਸ਼ ਸ਼ਰਮਾ
ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਜੇਕਰ ਉਹ ਐਮ.ਪੀ ਬਣਦੇ ਹਨ ਤਾਂ ਉਹ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਸਰਕਾਰ ਨਾਲ ਗੱਲ ਕਰਨਗੇ ਅਤੇ ਮੋਹਾਲੀ ਹਵਾਈ ਅੱਡੇ ਤੋਂ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਆਦਿ ਦੇਸ਼ਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣਗੇ। ਤਾਂ ਜੋ ਪੰਜਾਬੀਆਂ ਨੂੰ ਦਿੱਲੀ ਨਾ ਜਾਣਾ ਪਵੇ। ਉਡਾਣਾਂ ਸ਼ੁਰੂ ਹੋਣ ਨਾਲ ਹਰ ਕਿਸੇ ਦੇ ਪੈਸੇ ਅਤੇ ਸਮੇਂ ਦੀ ਬੱਚਤ ਹੋਵੇਗੀ। ਇਸ ਨਾਲ ਮੁਹਾਲੀ ਨੂੰ ਫਾਇਦਾ ਹੋਵੇਗਾ ਅਤੇ ਸਾਡੇ ਪਰਵਾਸੀ ਭਾਰਤੀ ਵੀਰਾਂ-ਭੈਣਾਂ ਨੂੰ ਵੀ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਦਰਸ਼ਨਾਂ ਲਈ ਆਸਾਨੀ ਹੋਵੇਗੀ।