Breaking News
Home / ਪੰਜਾਬ / ਭਾਰਤ-ਪਾਕਿ ਸਰਕਾਰਾਂ ਸਿੱਖਾਂ ਦੀ ਹਿਫਾਜ਼ਤ ਕਰਨ : ਗਿਆਨੀ ਹਰਪ੍ਰੀਤ ਸਿੰਘ

ਭਾਰਤ-ਪਾਕਿ ਸਰਕਾਰਾਂ ਸਿੱਖਾਂ ਦੀ ਹਿਫਾਜ਼ਤ ਕਰਨ : ਗਿਆਨੀ ਹਰਪ੍ਰੀਤ ਸਿੰਘ

ਸਿੱਖਾਂ ਨੂੰ ਧਮਕੀਆਂ ਮਿਲਣ ਦੇ ਮਾਮਲੇ ‘ਤੇ ਚਿੰਤਾ ਪ੍ਰਗਟਾਈ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ ਵਿੱਚ ਖਾਸ ਕਰ ਕੇ ਰਾਵਲਪਿੰਡੀ ਅਤੇ ਪੰਜਾ ਸਾਹਿਬ ਵਿੱਚ ਸਿੱਖਾਂ ਨੂੰ ਧਮਕੀਆਂ ਦਿੱਤੇ ਜਾਣ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਪਾਕਿਸਤਾਨ ਅਤੇ ਭਾਰਤ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਪਾਕਿਸਤਾਨ ਵਿੱਚ ਵਸਦੇ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਇਆ ਜਾਵੇ।
ਜਾਣਕਾਰੀ ਮੁਤਾਬਕ ਸਿੱਖਾਂ ਨੂੰ ਧਮਕੀ ਭਰੇ ਪੱਤਰ ਭੇਜੇ ਜਾਣ ਦਾ ਖੁਲਾਸਾ ਬੀਤੇ ਦਿਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਤਵੰਤ ਸਿੰਘ ਵੱਲੋਂ ਵੀ ਮੀਡੀਆ ਰਾਹੀਂ ਕੀਤਾ ਗਿਆ ਸੀ। ਉਨ੍ਹਾਂ ਨੇ ਅਜਿਹੇ ਧਮਕੀ ਭਰੇ ਪੱਤਰ ਵੀ ਮੀਡੀਆ ਵਿੱਚ ਜਨਤਕ ਕੀਤੇ ਸਨ। ਪਰ ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਧਮਕੀ ਭਰੇ ਪੱਤਰਾਂ ‘ਤੇ ਕਿਸੇ ਦੇ ਦਸਤਖ਼ਤ ਨਹੀਂ ਹਨ ਅਤੇ ਨਾ ਹੀ ਕਿਸੇ ਨੇ ਇਸਦੀ ਜ਼ਿੰਮੇਵਾਰੀ ਲਈ ਹੈ। ਭਾਵੇਂ ਸਿੱਖ ਆਗੂ ਨੇ ਕਿਹਾ ਕਿ ਇਹ ਧਮਕੀ ਪੱਤਰ ਸ਼ਰਾਰਤ ਵੀ ਹੋ ਸਕਦੇ ਹਨ ਪਰ ਪਾਕਿਸਤਾਨ ਵਿੱਚ ਵੱਸਦੇ ਸਿੱਖ ਇਸ ਨਾਲ ਖੌਫਜ਼ਦਾ ਹਨ।
ਇਸ ਮਾਮਲੇ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਹਿਲਾਂ ਅਫਗਨਿਸਤਾਨ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਹੁਣ ਪਾਕਿਸਤਾਨ ਵਿੱਚ ਅਜਿਹਾ ਵਰਤਾਰਾ ਸ਼ੁਰੂ ਹੋਇਆ ਹੈ।
ਸਿੱਖ ਪੇਸ਼ਾਵਰ ਤੋਂ ਪੰਜਾ ਸਾਹਿਬ ਤੋਂ ਲਹਿੰਦੇ ਪੰਜਾਬ ਵਿੱਚ ਆ ਕੇ ਵੱਸ ਰਹੇ ਹਨ। ਹੁਣ ਪਿਛਲੇ ਦਿਨੀਂ ਰਾਵਲਪਿੰਡੀ ਤੇ ਪੰਜਾ ਸਾਹਿਬ ਵਿੱਚ ਸਿੱਖਾਂ ਨੂੰ ਧਮਕੀਆਂ ਭਰੇ ਪੱਤਰ ਮਿਲੇ ਹਨ। ਪੱਤਰ ਵਿੱਚ ਸਿੱਖਾਂ ਨੂੰ ਮੁਸਲਮਾਨ ਬਣ ਜਾਣ ਜਾਂ ਪਕਿਸਤਾਨ ਛੱਡ ਕੇ ਚਲੇ ਜਾਣ ਵਾਸਤੇ ਧਮਕੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗਾ ਵਰਤਾਰਾ ਹੈ ਅਤੇ ਨਿੰਦਣਯੋਗ ਹੈ।
ਪਾਕਿਸਤਾਨ ਵਿੱਚ ਸਿੱਖਾਂ ਦੇ ਕਾਰੋਬਾਰ, ਘਰ ਪਰਿਵਾਰ ਅਤੇ ਵੱਡੀ ਗਿਣਤੀ ਵਿੱਚ ਗੁਰੂ ਘਰ ਵੀ ਹਨ। ਉਨ੍ਹਾਂ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਸਿੱਖਾਂ ਦੇ ਜਾਨ ਮਾਲ ਦੀ ਰਾਖੀ ਕਰਨੀ ਚਾਹੀਦੀ ਹੈ। ਉਨ੍ਹਾਂ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿੱਚ ਦਖਲਅੰਦਾਜ਼ੀ ਕਰੇ ਅਤੇ ਪਾਕਿਸਤਾਨ ਸਰਕਾਰ ਨੂੰ ਸਿੱਖਾਂ ਅਤੇ ਘੱਟ ਗਿਣਤੀਆਂ ਦੀ ਜਾਨ ਮਾਲ ਦੀ ਰਾਖੀ ਕਰਨ ਲਈ ਆਖੇ।
ਉਨ੍ਹਾਂ ਕਿਹਾ ਕਿ ਅਜਿਹੀਆ ਧਮਕੀਆਂ ਨਾਲ ਸਿੱਖਾਂ ਦੇ ਕਾਰੋਬਾਰ ਪ੍ਰਭਾਵਿਤ ਹੋਣਗੇ। ਇਸ ਕਾਰਨ ਬੱਚਿਆਂ ਤੇ ਬਜ਼ੁਰਗਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਵੇ।

Check Also

ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਆਦਰਸ਼ ਸਕੂਲਾਂ ਦੇ ਪ੍ਰਬੰਧਾਂ ਦੀ ਸਮੀਖਿਆ ਕਰਵਾਉਣ ਦਾ ਦਿੱਤਾ ਹੁਕਮ

ਕਿਹਾ : ਸਰਕਾਰੀ ਸਕੂਲ ਦੇ ਬਰਾਬਰ ਕੀਤੀ ਜਾਵੇ ਆਦਰਸ਼ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਚੰਡੀਗੜ੍ਹ/ਬਿਊਰੋ …