Breaking News
Home / ਪੰਜਾਬ / ਸਿਆਸੀ ਆਗੂਆਂ ਦੀ ਦਲ-ਬਦਲੀ ਖਤਰਨਾਕ ਵਰਤਾਰਾ : ਉਗਰਾਹਾਂ

ਸਿਆਸੀ ਆਗੂਆਂ ਦੀ ਦਲ-ਬਦਲੀ ਖਤਰਨਾਕ ਵਰਤਾਰਾ : ਉਗਰਾਹਾਂ

ਕਿਹਾ : ਵੱਡੇ ਸਿਆਸੀ ਆਗੂਆਂ ਦੀ ਤਕਰੀਰਾਂ ਵਿਚੋਂ ਵਿਕਾਸ ਦਾ ਮੁੱਦਾ ਗਾਇਬ
ਡੱਬਵਾਲੀ/ਬਿਊਰੋ ਨਿਊਜ਼ : ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਕੌਮੀ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਮੌਜੂਦਾ ਲੋਕ ਸਭਾ ਚੋਣਾਂ ‘ਚ ਦਲ-ਬਦਲਣ ਨੂੰ ਦੇਸ਼ ਤੇ ਸਮਾਜ ਲਈ ਖਤਰਨਾਕ ਵਰਤਾਰਾ ਦੱਸਿਆ ਹੈ। ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਦੇਸ਼ ਚਲਾਉਣ ਵਾਲੇ ਵੱਡੇ ਆਗੂਆਂ ਦੀਆਂ ਤਕਰੀਰਾਂ ਵਿੱਚੋਂ ਵਿਕਾਸ ਦਾ ਮੁੱਦਾ ਗਾਇਬ ਹੈ। ਉਗਰਾਹਾਂ ਨੇ ਪਿੰਡ ਸਕਤਾਖੇੜਾ ਵਿੱਚ ਜਥੇਬੰਦੀ ਦੀ ਜ਼ਿਲ੍ਹਾ ਕਨਵੈਨਸ਼ਨ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਇਸ ਵਰਤਾਰੇ ਨੂੰ ਵਿਸ਼ਵ ਭਰ ਦੇ ਸਿਆਸੀ, ਆਰਥਿਕ ਤੇ ਸਮਾਜਿਕ ਸੰਕਟ ਦਾ ਹਿੱਸਾ ਦੱਸਿਆ। ਕਿਸਾਨ ਆਗੂ ਨੇ ਕਿਹਾ ਕਿ ਸਿਆਸੀ ਆਗੂ ਤਿੰਨ-ਤਿੰਨ ਪਾਰਟੀਆਂ ਬਦਲ ਕੇ ਪਲਾਂ ਵਿੱਚ ਘਰ ਵਾਪਸੀ ਵੀ ਕਰ ਜਾਂਦੇ ਹਨ ਜੋ ਕਿ ਗਲਤ ਹੈ। ਉਗਰਾਹਾਂ ਨੇ ਕਿਹਾ ਕਿ ਦਿੱਲੀ ਅੰਦੋਲਨ ਮਗਰੋਂ ਕਿਸਾਨਾਂ ਦੇ ਸਵਾਲਾਂ ਤੋਂ ਸਿਆਸੀ ਪਾਰਟੀਆਂ ਘਬਰਾਹਟ ਵਿੱਚ ਹਨ। ਸਿਆਸੀ ਆਗੂ ਲੋਕ ਸੱਥਾਂ ‘ਚ ਆਉਣ ਤੋਂ ਝਿਜਕਣ ਲੱਗੇ ਹਨ। ਉਨ੍ਹਾਂ ਕਿਸਾਨਾਂ ਨੂੰ ਸਿਆਸੀ ਲੋਕਾਂ ਨੂੰ ਲਗਾਤਾਰ ਸਵਾਲ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਜਥੇਬੰਦੀ ਦਾ ਸੰਘਰਸ਼ ਹਰਿਆਣਾ ‘ਚ ਹਾਲੇ ਮੁੱਢਲੇ ਪੜਾਅ ‘ਤੇ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹੱਕ ਸਿਰਫ਼ ਏਕੇ ਅਤੇ ਸੰਘਰਸ਼ ਨਾਲ ਹੀ ਲਏ ਜਾ ਸਕਦੇ ਹਨ।
ਇਸ ਮੌਕੇ ਹਰਿਆਣਾ ਇਕਾਈ ਦੇ ਸੂਬਾ ਪ੍ਰਧਾਨ ਮਾਸਟਰ ਕੰਵਰਜੀਤ ਸਿੰਘ ਤੇ ਹਰਿਆਣਾ ਇਕਾਈ (ਮਹਿਲਾ) ਦੀ ਸੂਬਾ ਪ੍ਰਧਾਨ ਚਰਨਜੀਤ ਕੌਰ ਨੇ ਆਪਣੇ ਵਿਚਾਰ ਰੱਖੇ। ਇਸ ਮੌਕੇ ਸੂਬਾ ਜਨਰਲ ਸਕੱਤਰ ਬਲਜੀਤ ਸਿੰਘ ਸਿੰਘਪੁਰਾ, ਜ਼ਿਲ੍ਹਾ ਪ੍ਰਧਾਨ ਰਘਬੀਰ ਸਿੰਘ ਨਕੌੜਾ, ਜ਼ਿਲ੍ਹਾ ਜਨਰਲ ਸਕੱਤਰ ਭੁਪਿੰਦਰ ਸਿੰਘ ਡੱਬਵਾਲੀ, ਜਸਵੰਤ ਸਿੰਘ, ਸੁੰਦਰਪਾਲ, ਮਨਦੀਪ ਸਿੰਘ ਵੀ ਮੌਜੂਦ ਸਨ। ਉਗਰਾਹਾਂ ਨੇ ਲੋਕਾਂ ਨੂੰ ਸਿਹਤ ਸੰਭਾਲ ਤੇ ਮਾਰੂ ਬਿਮਾਰੀ ਕੈਂਸਰ ਤੋਂ ਬਚਾਅ ਲਈ ਫਰਿੱਜ ਤੇ ਮੋਬਾਈਲ ਦੀ ਸੰਜਮ ਨਾਲ ਵਰਤੋਂ ਕਰਨ ਲਈ ਕਿਹਾ।

Check Also

ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ

ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …