ਕੈਪਟਨ ਅਮਰਿੰਦਰ ਸਿੰਘ ਕੋਲੋਂ ਵੀ ਹੋ ਸਕਦੀ ਹੈ ਪੁੱਛਗਿੱਛ
ਚੰਡੀਗੜ੍ਹ/ਬਿੳੂਰੋ ਨਿੳੂਜ਼
ਪੰਜਾਬ ਵਿਚ ਖੇਤੀ ਮਸ਼ੀਨਰੀ ਖਰੀਦ ਵਿਚ 150 ਕਰੋੜ ਰੁਪਏ ਦਾ ਘੁਟਾਲਾ ਉਜਾਗਰ ਹੋਇਆ ਹੈ। ਸੂਬੇ ਵਿਚ ਤਿੰਨ ਸਾਲਾਂ ’ਚ ਖਰੀਦੀਆਂ 11,275 ਮਸ਼ੀਨਾਂ ਦਾ ਕੁਝ ਪਤਾ ਨਹੀਂ ਚੱਲ ਰਿਹਾ। ਇਨ੍ਹਾਂ ਮਸ਼ੀਨਾਂ ਦੀ ਖਰੀਦ ਲਈ ਕੇਂਦਰ ਸਰਕਾਰ ਕੋਲੋਂ 1178 ਕਰੋੜ ਰੁਪਏ ਦੀ ਸਬਸਿਡੀ ਆਈ ਸੀ। ਵਿਭਾਗੀ ਜਾਂਚ ਵਿਚ ਘੁਟਾਲੇ ਦੇ ਸਬੂਤ ਮਿਲਣ ਤੋਂ ਬਾਅਦ ਸੂਬੇ ਦੇ ਖੇਤੀ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵਿਜੀਲੈਂਸ ਜਾਂਚ ਦੀ ਸਿਫਾਰਸ਼ ਕਰ ਦਿੱਤੀ ਹੈ। ਇਸ ਤੋਂ ਬਾਅਦ ਉਸ ਸਮੇਂ ਖੇਤੀ ਮੰਤਰਾਲਾ ਸੰਭਾਲ ਰਹੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਜਾਂਚ ਦੇ ਘੇਰੇ ਵਿਚ ਆ ਸਕਦੇ ਹਨ। ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚ 2018-19 ਤੋਂ 2021-22 ਦੌਰਾਨ ਕਿਸਾਨਾਂ ਨੂੰ 90,422 ਮਸ਼ੀਨਾਂ ਵੰਡੀਆਂ ਗਈਆਂ ਸਨ। ਖੇਤੀ ਨਾਲ ਸਬੰਧਤ ਇਨ੍ਹਾਂ ਮਸ਼ੀਨਾਂ ਦੀ ਖਰੀਦ ਲਈ ਕੇਂਦਰ ਸਰਕਾਰ ਕੋਲੋਂ ਸਬਸਿਡੀ ਆਈ ਸੀ ਅਤੇ ਇਸ ਵਿਚ ਹੋਏ ਘੁਟਾਲੇ ਦੀ ਪੁਸ਼ਟੀ ਹੋਣ ਤੋਂ ਬਾਅਦ ਮੰਤਰੀ ਧਾਲੀਵਾਲ ਨੇ ਜਾਂਚ ਵਿਜੀਲੈਂਸ ਨੂੰ ਸੌਂਪ ਦਿੱਤੀ ਹੈ। ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਕੈਪਟਨ ਅਮਰਿੰਦਰ ਸਿੰਘ ਦੀ ਜ਼ਿੰਮੇਵਾਰੀ ਵੀ ਸੀ ਕਿ ਮਸ਼ੀਨਾਂ ਸਹੀ ਢੰਗ ਨਾਲ ਵੰਡੀਆਂ ਜਾਣ। ਇਸ ਮਾਮਲੇ ਵਿਚ ਕੈਪਟਨ ਵੀ ਜਾਂਚ ਦੇ ਘੇਰੇ ਵਿਚ ਰਹਿਣਗੇ। ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ 150 ਕਰੋੜ ਰੁਪਏ ਰਿਕਵਰ ਕਰੇਗੀ ਅਤੇ ਜਾਂਚ ਵਿਚ ਕਸੂਰਵਾਰ ਵਿਅਕਤੀਆਂ ’ਤੇ ਕਾਰਵਾਈ ਜ਼ਰੂਰ ਹੋਵੇਗੀ।

