Breaking News
Home / ਨਜ਼ਰੀਆ / ਤੁਰ ਗਿਆ ਪਿਆਰਾ ਜਸਜੀਤ ਭੁੱਲਰ

ਤੁਰ ਗਿਆ ਪਿਆਰਾ ਜਸਜੀਤ ਭੁੱਲਰ

ਪਿਆਰੇ ਜਸਜੀਤ ਸਿੰਘ ਭੁੱਲਰ ਦਾ ਬੇਵਕਤੇ ਤੁਰ ਜਾਣਾ, ਦੁੱਖਾਂ ਦਾ ਵਹਿ ਤੁਰਨਾ, ਦਰਦ ਵਿਚ ਰੰਗੇ ਜਾਣਾ, ਉਸਦੀ ਪਿਆਰੀਆਂ ਯਾਦਾਂ ਵਿਚੋਂ ਉਸਦੇ ਨਕਸ਼ਾਂ ਨੂੰ ਪੜ੍ਹਨਾ ਅਤੇ ਉਸ ਨਾਲ ਬਿਤਾਏ ਵੇਲਿਆਂ ਨੂੰ ਯਾਦ ਕਰਦਿਆਂ, ਅੱਖਾਂ ਨੂੰ ਖਾਰਾ ਕਰਨਾ ਹੈ। ਜਸਜੀਤ ਨੂੰ ਟੋਰਾਂਟੋ ਵਿਚ ਤਾਂ 2004 ਵਿਚ ਪਹਿਲੀ ਵਾਰ ਮਿਲਿਆ ਸਾਂ। ਪਰ ਅਸੀਂ ਦੋਵੇਂ ਸੱਤਰਵਿਆਂ ਵਿਚ ਰਣਧੀਰ ਕਾਲਜ ਵਿਚ ਇਕੱਠੇ ਪੜ੍ਹਦੇ ਰਹੇ ਸਾਂ। ਬੇਟ ਦੇ ਗਰਾਈਂ, ਚੀਕਣੀ ਮਿੱਟੀ ਦੇ ਜਾਏ। ਕੱਚੇ ਰਾਹਾਂ ਤੇ ਸਾਈਕਲਾਂ ‘ਤੇ ਕਾਲਜ ਜਾਣਾ ਅਤੇ ਆਪੋ-ਆਪਣੀਆਂ ਕਿਸਮਤਾਂ ਨੂੰ ਘੜਦਿਆਂ, ਕਾਲਜ ਦੇ ਪਲਾਂ ਨੂੰ ਭਰਪੂਰਤਾ ਨਾਲ ਜਿਊਣਾ। ਬੜਾ ਪੁਰ-ਖਲੂਸ ਅਤੇ ਹੱਸਮੁੱਖ ਸੀ ਜਸਜੀਤ। ਵਿਲੱਖਣ ਸੀ ਉਸਦੀ ਮਿੱਤਰ-ਮੰਡਲੀ ਜਿਹੜੀ ਬੇਟ ਦੇ ਸਾਰੇ ਵਿਦਿਆਰਥੀਆਂ ਨੂੰ ਆਪਣੀ ਬੁੱਕਲ ਵਿਚ ਲੈ, ਕਾਲਜ ਦੇ ਰਾਂਗਲੇ ਦਿਨਾਂ ਨੂੰ ਜੀਵਨ-ਬੁਲੰਦੀਆਂ ‘ਤੇ ਪਹੁੰਚਾਉਣ ਵਿਚ ਸਹਾਈ ਹੋਈ। ਗੋਰਾ ਨਿਛੋਹ, ਕੱਕੀ ਫੁੱਟਦੀ ਲੂੰਈਂ, ਛੇ ਫੁੱਟ ਲੰਮਾ ਅਤੇ ਸੁੰਦਰ ਨਕਸ਼ਾਂ ਵਾਲਾ ਜਸਜੀਤ ਹਰੇਕ ਦਾ ਦਿਲ-ਅਜ਼ੀਜ਼ ਸੀ।
ਪਤਾ ਤਾਂ ਸੀ ਕਿ ਉਹ ਕਈ ਸਾਲਾਂ ਤੋਂ ਪਰੈਸਟੇਟ ਕੈਂਸਰ ਨਾਲ ਪੀੜਤ ਹੈ। ਪਰ ਉਹ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦਾ ਸੀ। ਪਿਛਲੇ ਸਾਲ ਜਨਵਰੀ ਵਿਚ ਮੇਰੀਆਂ ਪੁਸਤਕਾਂ ਦੇ ਰੀਲੀਜ਼ ਮੌਕੇ ਉਹ ਸਾਰੇ ਬੰਦੋਬਸਤਾਂ ਦਾ ਮੋਹਰੀ ਸੀ। ਉਸਨੂੰ ਬਹੁਤ ਚਾਅ ਤੇ ਮਾਣ ਹੁੰਦਾ ਸੀ ਅਜੇਹੇ ਮੌਕੇ ‘ਤੇ। ਉਸਦੀ ਹਰ ਸੰਭਵ ਕੋਸ਼ਿਸ ਹੁੰਦੀ ਕਿ ਸਾਹਿਤਕ ਸਮਾਗਮ ਬਹੁਤ ਸਫਲ ਹੋਵੇ ਕਿਉਂਕਿ ਉਹ ਆਪ ਵੀ ਸਾਹਿਤ ਦਾ ਵਿਦਿਅਰਥੀ ਸੀ। ਅਕਸਰ ਹੀ ਮੈਂ ਫ਼ੋਨ ਤੇ ਹਾਲ-ਚਾਲ ਪੁੱਛਣਾ ਤਾਂ ਉਸ ਨੇ ਕਹਿਣਾ ਕਿ ਕਮਜ਼ੋਰੀ ਹੈ ਪਰ ਠੀਕ ਹਾਂ ਅਤੇ ਘਰ ਵਿਚ ਬੇਟੀ ਦੇ ਬੱਚਿਆਂ ਨਾਲ ਖੇਡਦਿਆਂ ਵਧੀਆ ਦਿਨ ਲੰਘਦਾ ਹੈ। ਪਰ ਦਿਲ ਵਿਚ ਧੁੜਕੂ ਹੁੰਦਾ ਸੀ ਕਿ ਕੋਈ ਮਨਹੂਸ ਖਬਰ ਨਾ ਮਿਲੇ ਤੇ ਸੱਚੀਂ ਉਹ ਮਨਹੂਸ ਖਬਰ ਮਿਲੀ ਤਾਂ ਮਨ ਬਹੁਤ ਪੀੜਤ ਹੋਇਆ। ਇਕ ਮਿੱਤਰ ਪਿਆਰੇ ਦਾ ਸਦਾ ਲਈ ਤੁਰ ਜਾਣਾ ਤੇ ਪੁਰਾਣੀਆਂ ਸਾਝਾਂ ਤੋਂ ਰੁੱਖਸਤਗੀ, ਦੁੱਖ ਤਾਂ ਬਹੁਤ ਦਿੰਦੀ ਆ। ਜਸਜੀਤ ਭੁੱਲਰ ਇਕ ਵਧੀਆ ਇਨਸਾਨ, ਯਾਰਾਂ ਦਾ ਯਾਰ, ਬਿਹਤਰੀਨ ਜੀਵਨ-ਸਾਥੀ, ਬੇਟੀਆਂ ਦੇ ਸਾਹੀਂ ਜਿਊਣ ਵਾਲਾ ਬਾਪ, ਪਿਤਾ ਵਰਗਾ ਭਰਾ, ਮਾਪਿਆਂ ਦਾ ਹੋਣਹਾਰ ਪੁੱਤਰ ਅਤੇ ਸਮਾਜਿਕ ਸੇਵਕ ਸੀ। ਦਰਅਸਲ ਜਸਜੀਤ ਇਕ ਸੰਸਥਾ ਸੀ। ਉਹ ਇਕ ਹੀ ਸਮੇਂ ਓਨਟਾਰੀਓ ਖਾਲਸਾ ਦਰਬਾਰ ਦਾ ਪੰਦਰਾਂ ਸਾਲ ਪ੍ਰਧਾਨ ਰਿਹਾ। ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਮੋਢੀ ਮੈਂਬਰਾਂ ਵਿਚੋਂ ਇਕ ਸੀ। ਰਾਜਸੀ ਗੁਲਿਆਰਿਆਂ ਵਿਚ ਉਸਦੀ ਹਾਜਰੀ ਮਹੱਤਵਪੂਰਨ ਸੀ ਅਤੇ ਲੋਕਲ ਪੱਧਰ ਤੇ ਭਾਈਚਾਰਕ/ਸਮਾਜਿਕ/ਸਾਹਿਤਕ/ਧਾਰਮਿਕ/ਰਾਜਸੀ ਖੇਤਰਾਂ ਵਿਚ ਉਸਦਾ ਮਜ਼ਬੂਤ ਅਧਾਰ ਸੀ। ਡਿਕਸੀ ਗੁਰੂਘਰ ਨੂੰ ਧਾਰਮਿਕ ਗਤੀਵਿਧੀਆਂ ਦਾ ਕੇਂਦਰ ਬਣਾਉਣ ਵਿਚ ਉਸਦਾ ਰੋਲ ਅਹਿਮ ਸੀ। ਭਾਵੇਂ ਡਾ. ਗੁਰਨਾਮ ਸਿੰਘ ਵਰਗੇ ਮਹਾਨ ਕੀਰਤਨੀਏ ਨੂੰ ਡਿਕਸੀ ਗੁਰੂਘਰ ਬੁਲਾਉਣਾ ਹੋਵੇ, ਡਾ ਹਰਸ਼ਿੰਦਰ ਕੌਰ ਨੂੰ ਵਿਸਾਖੀ ਦੇ ਮੌਕੇ ‘ਤੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਨ ਲਈ ਸੱਦਣਾ ਹੋਵੇ ਜਾਂ ਅਜੇਹੇ ਮੌਕਿਆਂ ‘ਤੇ ਰਾਜਸੀ ਲੀਡਰਾਂ ਰਾਹੀਂ ਪੰਜਾਬੀਆਂ ਤੇ ਸਿੱਖਾਂ ਨਾਲ ਸਬੰਧਤ ਮਸਲਿਆਂ ਨੂੰ ਹੱਲ ਕਰਨ ਵਿਚ ਪਹਿਲ ਕਰਨੀ ਹੋਵੇ। ਵਿਸਾਖੀ ਤੇ ਕੱਢੇ ਜਾਣ ਵਾਲੇ ਸੋਵੀਨਾਰ ਵਿਚ ਵੱਖ-ਵੱਖ ਆਰਟੀਕਲਾਂ ਦੀ ਗੁੱਣਤਾ ਨੂੰ ਉਚਤਮ ਰੱਖਣਾ ਉਸਦੀ ਤਰਜ਼ੀਹ ਹੁੰਦੀ ਅਤੇ ਉਹ ਇਸ ਬਾਰੇ ਜਨਵਰੀ ਵਿਚ ਹੀ ਸਲਾਹਾਂ ਕਰਨ ਲੱਗਦਾ। ਮਹਾਨ ਵਿਦਵਾਨਾਂ ਕੋਲੋਂ ਅੰਗਰੇਜ਼ੀ ਤੇ ਪੰਜਾਬੀ ਵਿਚ ਸਿੱਖ ਧਰਮ ਦੇ ਵੱਖ-ਵੱਖ ਪਹਿਲੂਆਂ ਬਾਰੇ ਲੇਖ ਲਿਖਵਾਉਂਦਾ ਸੀ। ਡਿਕਸੀ ਗੁਰੂਘਰ ਨੂੰ ਉਤਰੀ ਅਮਰੀਕਾ ਦੀ ਬਿਹਤਰੀਨ ਸੰਸਥਾ ਬਣਾਉਣ ਵਿਚ ਉਸ ਦਾ ਮਹੱਤਵਪੁਰਨ ਯੋਗਦਾਨ ਸੀ।
ਟੋਰਾਂਟੋ ਵਿਚ 2006-2008 ਦੌਰਾਨ ਪਰਵਾਸੀ ਅਖਬਾਰ ਵਿਚ ਕੰਮ ਕਰਦਿਆਂ ਅਕਸਰ ਹੀ ਜਸਜੀਤ ਸਿੰਘ ਨਾਲ ਬਹੁਤ ਹੀ ਨਿੱਘੇ ਸਬੰਧ ਰਹੇ। ਕੈਨੇਡਾ ਵਿਚ ਪੰਜਾਬੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਉਸਦੀ ਰਾਏ ਬਹੁਤ ਹੀ ਨਿੱਗਰ, ਨਿਰਪੱਖ, ਨਿਰਲੇਪ, ਸੰਤੁਲਤ ਅਤੇ ਸੰਵੇਦਨਸ਼ੀਲ ਹੁੰਦੀ ਸੀ। ਨਵੇਂ ਸਾਲ ‘ਤੇ ਸਾਰਿਆਂ ਦੀ ਸਲਾਮਤੀ ਲਈ ਕਪੂਰਥਲਾ ਵਾਸੀਆਂ ਵਲੋਂ ਹਰ ਸਾਲ ਅਖੰਠ ਪਾਠ ਕਰਵਾਉਣ ਅਤੇ ਕਪੂਰਥਲਾ ਪਿਕਨਿਕ ਅਤੇ ਨਾਈਟ ਮਨਾਉਣ ਵਿਚ ਉਸਦੀ ਮੋਹਰੀ ਭੂਮਿਕਾ ਹੁੰਦੀ ਸੀ। ਅਸੀਂ ਅਕਸਰ ਹੀ ਕਾਲਜ ਦੇ ਪੁਰਾਣੇ ਦਿਨਾਂ, ਸਾਥੀਆਂ ਜਾਂ ਇਲਾਕੇ ਬਾਰੇ ਗੱਲਾਂ ਕਰਦਿਆਂ ਕਈ ਘੰਟੇ ਬਤੀਤ ਦਿੰਦੇ ਸਾਂ।
ਆਪਣੀ ਮਾਂ ਦੇ ਜਿਊਂਦੇ ਜੀਅ, ਜਸਜੀਤ ਭੁੱਲਰ ਦਾ ਇਸ ਤਰ੍ਹਾਂ ਵਿਛੋੜਾ ਦੇ ਜਾਣਾ, ਮਾਂ ਲਈ ਅਸਹਿ ਅਤੇ ਅਕਹਿ ਪੀੜਾ। ਕੌਣ ਪਾਵੇਗਾ ਉਸਦੇ ਦਰਦ ਦੀ ਥਾਅ ਜਿਸਨੂੰ ਆਪਣੇ ਅੱਖਾਂ ਦੇ ਤਾਰੇ ਨੂੰ ਆਪਣੇ ਹੱਥੀਂ ਅੱਗ ਦੇ ਹਵਾਲੇ ਕਰਨਾ ਪਵੇਗਾ? ਕਾਸ਼! ਮਾਵਾਂ ਨੂੰ ਅਜੇਹੇ ਦਿਨ ਕਦੇ ਨਾ ਦੇਖਣੇ ਪੈਣ।
ਜਸਜੀਤ ਯਾਰ! ਤੂੰ ਕਿਹੜੇ ਵਕਤ ਜੁਦਾ ਹੋਇਆ ਕਿ ਬੰਦ ਸਰਹਦਾਂ ਦੌਰਾਨ, ਤੈਨੂੰ ਆਖਰੀ ਅਲਵਿਦਾ ਵੀ ਨਹੀਂ ਕਹਿ ਸਕਦਾ। ਦੋਸਤ! ਅੱਖਰੀ ਅਕੀਦਤ ਰਾਹੀਂ ਤੈਨੂੰ ਨਤਸਮਤਕ ਹੁੰਦਿਆਂ, ਦੁਆ ਹੀ ਕਰ ਸਕਦਾ ਕਿ ਪ੍ਰਮਾਤਮਾ ਤੇਰੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਤੇਰੀਆਂ ਬੇਟੀਆਂ, ਜੀਵਨ-ਸਾਥਣ, ਭਰਾ ਅਤੇ ਤੇਰੀਆਂ ਮੰਨਤਾਂ ਮੰਗਣ ਵਾਲੀ ਮਾਂ ਨੂੰ ਹੌਸਲਾ ਦੇਵੇ ਕਿ ਉਹ ਇਸ ਸਦਮੇ ਨੂੰ ਸਹਿ ਸਕਣ। ਪਰ ਯਾਰਾ! ਇਹ ਔਖਾ ਬਹੁਤ ਆ।
ਭਰੀਆਂ ਅੱਖਾਂ ਨਾਲ ਤੈਂਨੂੰ ਆਖਰੀ ਅਲਵਿਦਾ ਕਹਿੰਦਿਆਂ, ਤੇਰੇ ਗਰਾਈਆਂ, ਮਿੱਤਰਾਂ ਅਤੇ ਬੇਟ ਦੇ ਇਲਾਕੇ ਵਲੋਂ ਤੈਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ।
-ਡਾ. ਗੁਰਬਖ਼ਸ਼ ਸਿੰਘ ਭੰਡਾਲ

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …