Breaking News
Home / ਮੁੱਖ ਲੇਖ / ਗੁਰੂ ਗ੍ਰੰਥ ਸਾਹਿਬ ਜੀ ਦੇ 420ਵੇਂ ਪਹਿਲੇ ਪ੍ਰਕਾਸ਼ ਦਿਹਾੜੇ ‘ਤੇ ਵਿਸ਼ੇਸ਼

ਗੁਰੂ ਗ੍ਰੰਥ ਸਾਹਿਬ ਜੀ ਦੇ 420ਵੇਂ ਪਹਿਲੇ ਪ੍ਰਕਾਸ਼ ਦਿਹਾੜੇ ‘ਤੇ ਵਿਸ਼ੇਸ਼

ਪੋਥੀ ਪਰਮੇਸਰ ਕਾ ਥਾਨੁ॥
ਡਾ. ਗੁਰਵਿੰਦਰ ਸਿੰਘ
ਗੁਰੂ ਗ੍ਰੰਥ ਸਾਹਿਬ ਜੀ ਦੇ 420ਵੇਂ ਪਹਿਲੇ ਪ੍ਰਕਾਸ਼ ਦਿਹਾੜੇ ‘ਤੇ ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਐਬਟਸਫੋਰਡ ਵੱਲੋਂ ਪਹਿਲੀ ਸਤੰਬਰ ਨੂੰ ਨਗਰ ਕੀਰਤਨ ਸਜਾਏ ਜਾ ਰਹੇ ਹਨ। ਇਸ ਮੁਬਾਰਕ ਮੌਕੇ ‘ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਇਤਿਹਾਸ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਬਾਰੇ ਇਹ ਲੇਖ ਸਾਂਝਾ ਕਰਨ ਦੀ ਖੁਸ਼ੀ ਲੈ ਰਹੇ ਹਾਂ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਦਾ ਮੁੱਢ ਬੱਝਦਾ ਹੈ, ਜਿਹਨਾਂ ਆਪਣੀ ਬਾਣੀ ਸਮੇਤ, ਵੱਖ-ਵੱਖ ਭਗਤਾਂ ਦੀਆਂ ਬਾਣੀਆਂ ਇਕੱਤਰ ਕੀਤੀਆਂ ਅਤੇ ਦੂਜੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਨੂੰ ਸੌਂਪੀਆਂ। ਇਸੇ ਤਰ੍ਹਾਂ ਦੂਜੇ ਗੁਰੂ ਨਾਨਕ ਤੋਂ ਲੈ ਕੇ ਪੰਜਵੇਂ ਗੁਰੂ ਨਾਨਕ ਤੱਕ, ਇਹ ਬਾਣੀਆਂ ਪੋਥੀ ਸਰੂਪ ਵਿੱਚ, ਅਗਾਂਹ ਸੌਂਪੀਆਂ ਜਾਂਦੀਆਂ ਰਹੀਆਂ ਅਤੇ ਪੰਜਵੇਂ ਗੁਰੂ ਨਾਨਕ, ਗੁਰੂ ਅਰਜਨ ਸਾਹਿਬ ਨੇ ਆਪਣੇ ਸਮੇਤ, ਗੁਰੂ ਸਾਹਿਬਾਨਾਂ ਅਤੇ ਹੋਰਨਾਂ ਸ਼ਖਸੀਅਤਾਂ ਦੀਆਂ ਬਾਣੀਆਂ ਇਕੱਤਰ ਕਰਦਿਆਂ ਹੋਇਆਂ, ‘ਪੋਥੀ ਸਾਹਿਬ’ ਦਾ ਸੰਪਾਦਨ ਕਾਰਜ ਕੀਤਾ।
ਪਹਿਲਾ ਪ੍ਰਕਾਸ਼ ਪੁਰਬ ਗੁਰੂ ਗ੍ਰੰਥ ਸਾਹਿਬ : ਸੰਸਾਰ ਸਾਹਿਤ ਵਿੱਚ ਧਰਮ-ਗ੍ਰੰਥ ਦੀ ਪਰੰਪਰਾ ਨਾਲੋਂ ਨਿਰਾਲੀ ਮਿਸਾਲ ਕਾਇਮ ਕਰਦੇ ਹੋਏ, ਗੁਰੂ ਅਰਜਨ ਸਾਹਿਬ ਨੇ ਬਾਣੀ ਇਕੱਤਰ ਅਤੇ ਸੰਕਲਨ ਕਰਨ ਦਾ ਕਾਰਜ 1588 ਈ. ਤੋਂ ਲੈ ਕੇ 1603 ਈ. ਤੱਕ ਤਕਰੀਬਨ 15 ਸਾਲ ਦੀ ਘਾਲਣਾ ਕਰਕੇ ਸੰਪੂਰਨ ਕਰਵਾਇਆ। ਗੁਰਮਤਿ ਦੇ ਉੱਘੇ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਰਾਮਸਰ ਸਰੋਵਰ ਦੇ ਰਮਣੀਕ ਕਿਨਾਰੇ ਗੁਰੂ ਅਰਜਨ ਸਾਹਿਬ ਦੇ ਹੁਕਮ ਅਨੁਸਾਰ ਪਾਵਨ ਬੀੜ ਨੂੰ ਲਿਖਣ ਦੀ ਸੇਵਾ ਨਿਭਾਈ। ਪਾਵਨ ਬੀੜ ਸਾਹਿਬ ਦਾ ਸੰਪਾਦਨ ਕਰਦਿਆਂ ਗੁਰੂ ਸਾਹਿਬ ਨੇ ਸਮੁੱਚੀ ਬਾਣੀ ਨੂੰ ਰਾਗਾਂ ਵਿਚ ਤਰਤੀਬ ਅਨੁਸਾਰ ਲਿਖਵਾਇਆ। ਇਕ ਸਾਲ ਨੌਂ ਮਹੀਨੇ ਵਿੱਚ ਸਮੁੱਚੀ ਬਾਣੀ ਲਿਖਵਾ ਕੇ ਗੁਰੂ ਅਰਜਨ ਸਾਹਿਬ ਨੇ ਆਦਿ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕਰਵਾਇਆ। ਰਾਮਸਰ ਸਾਹਿਬ ਤੋਂ ਸੰਗਤਾਂ ਦੀ ਭਰਪੂਰ ਹਾਜ਼ਰੀ ਵਿੱਚ ਨਗਰ ਕੀਰਤਨ ਰਾਹੀਂ ਦਰਬਾਰ ਸਾਹਿਬ ਤੀਕ ਬਾਬਾ ਬੁੱਢਾ ਜੀ ਦੇ ਸੀਸ ਤੇ ਸਜਾ, ਧੰਨ ਧੰਨ ਸਾਹਿਬ ਗੁਰੂ ਅਰਜਨ ਸਾਹਿਬ ਚੌਰ ਕਰਦੇ ਪੁੱਜੇ ਅਤੇ ਪਹਿਲਾਂ ਪ੍ਰਕਾਸ਼, ਭਾਦੋਂ ਸੁਦੀ ਪਹਿਲੀ ਸੰਮਤ 1661, ਸੰਨ 1604 ਨੂੰ ਸੱਚਖੰਡ ਦਰਬਾਰ ਸਾਹਿਬ ਵਿਖੇ ਹੋਇਆ। ਬਾਬਾ ਬੁੱਢਾ ਜੀ ਸੱਚਖੰਡ ਦਰਬਾਰ ਸਾਹਿਬ ਦੇ ਪਹਿਲੇ ਗ੍ਰੰਥੀ ਨਿਯੁਕਤ ਹੋਏ। ਬਾਬਾ ਜੀ ਨੇ ਆਦਿ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕਰਕੇ ਹੁਕਮਨਾਮਾ ਲਿਆ ;
ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਮੌਕੇ ਪਹਿਲਾ ਮੁੱਖ ਵਾਕ:
ਸੂਹੀ ਮਹਲਾ ੫ ॥
ਸੰਤਾ ਕੇ ਕਾਰਜਿ ਆਪਿ ਖਲੋਇਆ
ਹਰਿ ਕੰਮੁ ਕਰਾਵਣਿ ਆਇਆ ਰਾਮ ॥
ਧਰਤਿ ਸੁਹਾਵੀ ਤਾਲੁ ਸੁਹਾਵਾ
ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥ (ਅੰਗ-873)
ਗੁਰੂ ਅਰਜਨ ਸਾਹਿਬ ਵੱਲੋਂ ਨੂੰ ਪਾਵਨ ਪੋਥੀ ਸਾਹਿਬ ਨੂੰ ਰੱਬ ਦਾ ਦਰਜਾ ਦੇਣਾ : ਪੰਜਵੇਂ ਗੁਰੂ ਨਾਨਕ, ਗੁਰੂ ਅਰਜਨ ਸਾਹਿਬ ਨੇ ਪੋਥੀ ਸਾਹਿਬ ਦਾ ਸਤਿਕਾਰ ਕਰਦਿਆਂ, ਉੱਚੇ ਥਾਂ ਤੇ ਪ੍ਰਕਾਸ਼ ਕੀਤਾ ਅਤੇ ਖੁਦ ਚੌਰ ਸਾਹਿਬ ਕੀਤਾ। ਉਹਨਾਂ ਆਪਣੀ ਬਾਣੀ ਰਾਹੀਂ ਇਹ ਫੁਰਮਾਨ ਕੀਤਾ ਕਿ ਪੋਥੀ ਸਾਹਿਬ ਦਾ ਸਥਾਨ ਰੱਬ ਦੇ ਤੁਲ ਹੈ। ਦੂਜੇ ਸ਼ਬਦਾਂ ਵਿੱਚ ਗੁਰਬਾਣੀ ਹੀ ਪਰਮਾਤਮਾ ਦੇ ਮਿਲਾਪ ਦੀ ਥਾਂ ਹੈ। ਪੰਚਮ ਪਾਤਸ਼ਾਹ ਨੇ ਖੁਦ ਹੀ ਪਾਵਨ ਗ੍ਰੰਥ ਸਾਹਿਬ ਨੂੰ ਰੱਬੀ ਰੂਪ ਬਿਆਨ ਕਰਦਿਆਂ ਇਉਂ ਫੁਰਮਾਨ ਕੀਤਾ:
ਪੋਥੀ ਪਰਮੇਸਰ ਕਾ ਥਾਨੁ ॥
ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ ॥
ਸਾਰੰਗ ਮਹਲਾ ਪੰਜਵਾਂ, ਗੁਰੂ ਗ੍ਰੰਥ ਸਾਹਿਬ ਅੰਗ 1226
ਦਰਅਸਲ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਬਾਣੀ ਦੇ ਪ੍ਰਥਾਏ ਇਹ ਸਪਸ਼ਟ ਕਰ ਦਿੱਤਾ ਸੀ ਕਿ ਜਿਵੇਂ ਅਕਾਲ ਪੁਰਖ ਨੇ ਉਹਨਾਂ ਨੂੰ ਬਾਣੀ ਬਖਸ਼ੀ ਹੈ, ਉਸੇ ਤਰ੍ਹਾਂ ਉਹ ਬਿਆਨ ਕਰ ਰਹੇ ਹਨ। ਗੁਰੂ ਸਾਹਿਬ ਦੇ ਪਾਵਨ ਬਚਨ ਹਨ ;
ਜੈਸੀ ਮੈ ਆਵੈ ਖਸਮ ਕੀ ਬਾਣੀ
ਤੈਸੜਾ ਕਰੀ ਗਿਆਨੁ ਵੇ ਲਾਲੋ ॥
ਤਿਲੰਗ ਮਹਲਾ ਪਹਿਲਾ, ਗੁਰੂ ਗ੍ਰੰਥ ਸਾਹਿਬ : ਅੰਗ 722.
ਤੀਜੇ ਗੁਰੂ ਨਾਨਕ, ਗੁਰੂ ਅਮਰਦਾਸ ਸਾਹਿਬ ਨੇ ਗੁਰਬਾਣੀ ਨੂੰ ਪਰਮਾਤਮਾ ਦੇ ਤੁੱਲ ਜਾਣ ਕੇ ਹੀ ਗੁਰਬਾਣੀ ਦੀ ਵਡਿਆਈ ਕੀਤੀ ਹੈ। ਆਪ ਜੀ ਦਾ ਫੁਰਮਾਨ ਹੈ;
ਵਾਹੁ ਵਾਹੁ ਬਾਣੀ ਨਿਰੰਕਾਰ ਹੈ
ਤਿਸੁ ਜੇਵਡੁ ਅਵਰੁ ਨ ਕੋਇ ॥
ਸਲੋਕ ਮਹਲਾ 3, ਗੁਰੂ ਗ੍ਰੰਥ ਸਾਹਿਬ ਅੰਗ : 515
ਪਾਵਨ ਪੋਥੀ ਸਾਹਿਬ (ਆਦਿ ਗੁਰੂ ਗ੍ਰੰਥ ਸਾਹਿਬ) ਵਿੱਚ ਦਰਜ ਬਾਣੀ ਨੂੰ ਧੁਰ ਕੀ ਕੀ ਬਾਣੀ ਭਾਵ ਰੱਬੀ ਬਾਣੀ ਦਸਦਿਆਂ ਹੋਇਆਂ, ਗੁਰੂ ਸਾਹਿਬ ਨੇ ਸਭ ਭੁਲੇਖੇ ਦੂਰ ਕੀਤੇ ਅਤੇ ਸਿੱਖਾਂ ਨੂੰ ਇਹ ਉਪਦੇਸ਼ ਬਖਸ਼ਿਆ :
ਧੁਰ ਕੀ ਬਾਣੀ ਆਈ ॥
ਤਿਨਿ ਸਗਲੀ ਚਿੰਤ ਮਿਟਾਈ ॥
ਸੋਰਠਿ ਮਹਲਾ ਪੰਜਵਾਂ, ਗੁਰੂ ਗ੍ਰੰਥ ਸਾਹਿਬ : ਅੰਗ 628
ਇਉ ਪਾਵਨ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਗੁਰੂ ਸਾਹਿਬਾਨ ਨੇ ਖੁਦ ਸਪੱਸ਼ਟ ਕਰ ਦਿੱਤਾ ਹੈ ਕਿ ਬਾਣੀ ਅਕਾਲ ਪੁਰਖ ਦੇ ਹੁਕਮ ਵਿਚ ਹੀ ਉੱਚਾਰੀ ਹੈ ;
ਹਉ ਆਪਹੁ ਬੋਲਿ ਨ ਜਾਣਦਾ
ਮੈ ਕਹਿਆ ਸਭੁ ਹੁਕਮਾਉ ਜੀਉ ॥
ਸੂਹੀ ਗੁਣਵੰਤੀ ਮਹਲਾ ਪਹਿਲਾ, ਗੁਰੂ ਗ੍ਰੰਥ ਸਾਹਿਬ : ਅੰਗ 763
ਇਹਨਾਂ ਪ੍ਰਮਾਣਾਂ ਮਗਰੋਂ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਕਿ ਗੁਰਬਾਣੀ ਗੁਰੂ ਸਾਹਿਬਾਨ ਜਾਂ ਭਗਤ ਸਾਹਿਬਾਨ ਵਲੋਂ ਗਏ ‘ਗੀਤ’ ਨਹੀਂ ਹਨ, ਬਲਕਿ ਇਹ ਤਾਂ ਰੱਬੀ ਵਿਚਾਰ ਹਨ ;
ਲੋਗੁ ਜਾਨੈ ਇਹੁ ਗੀਤੁ ਹੈ
ਇਹੁ ਤਉ ਬ੍ਰਹਮ ਬੀਚਾਰ ॥
ਬਾਣੀ ਭਗਤ ਕਬੀਰ ਜੀ, ਗੁਰੂ ਗ੍ਰੰਥ ਸਾਹਿਬ : ਪੰਨਾ 335
ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਸਦੀਵੀ ਗੁਰੂ ਥਾਪਣਾ : ਦਸਵੇਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਦੇ ਸਥਾਨ ‘ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸ਼ਾਮਲ ਕਰਦੇ ਹੋਏ, ਆਦਿ ਗ੍ਰੰਥ ਸਾਹਿਬ ਭਾਈ ਮਨੀ ਸਿੰਘ ਜੀ ਤੋਂ ਲਿਖਵਾਇਆ। ਆਪ ਜੀ ਨੇ ਜੋਤੀ ਜੋਤ ਸਮਾਉਣ ਵੇਲੇ ਸ਼ਹੀਦੀ ਸਮੇਂ ਸੰਨ 1708 ਈ. ਨੂੰ ਸੱਚਖੰਡ ਹਜ਼ੂਰ ਸਾਹਿਬ ਵਿਖੇ ਪਾਵਨ ਬੀੜ ਸਾਹਿਬ ਨੂੰ ਗੁਰਗੱਦੀ ਦਿੰਦੇ ਹੋਏ ‘ਗੁਰੂ’ ਗ੍ਰੰਥ ਦਾ ਦਰਜਾ ਦਿੱਤਾ। ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਹੋਣ ਦਾ ਅਸਲ ਭਾਵ ਇਹ ਹੈ ਕਿ ‘ਗੁਰਬਾਣੀ ਹੀ ਗੁਰੂ’ ਹੈ ਅਤੇ ਇਹ ਪਾਵਨ ਸ਼ਬਦ ਚੌਥੇ ਗੁਰੂ ਨਾਨਕ, ਗੁਰੂ ਰਾਮਦਾਸ ਸਾਹਿਬ ਨੇ ਪਹਿਲਾਂ ਹੀ ਉਚਾਰਨ ਕੀਤਾ ਹੋਇਆ ਹੈ ;
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥
ਨਟ ਮਹਲਾ ਚੌਥਾ, ਗੁਰੂ ਗ੍ਰੰਥ ਸਾਹਿਬ : ਅੰਗ 982)
ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ‘ਤੇ ਇਹ ਸਮਝਣਾ ਸਭ ਤੋਂ ਜ਼ਰੂਰੀ ਹੈ ਕਿ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਦੀਵੀ ਗੁਰੂ ਥਾਪਦਿਆਂ ਗੁਰਤਾ ਗੱਦੀ ਬਖਸ਼ੀ ਹੈ, ਉਥੇ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਮੁੱਢ ਵਿੱਚ ਹੀ ਪੋਥੀ ਸਾਹਿਬ ਨੂੰ ਰੱਬ ਦਾ ਦਰਜਾ ਦਿੱਤਾ ਹੈ। ਇਉਂ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਗੁਰੂ ਵੀ ਹਨ ਅਤੇ ਰੱਬ ਵੀ ਹਨ। ਰੱਬ ਤੇ ਗੁਰੂ ਵਿੱਚ ਗੁਰੂ ਅਰਜਨ ਸਾਹਿਬ ਸਾਰਾ ਭੇਦ ਖਤਮ ਕਰਦੇ ਹਨ;
ਗੁਰੁ ਪਰਮੇਸਰੁ ਏਕੋ ਜਾਣੁ ॥
ਜੋ ਤਿਸੁ ਭਾਵੈ ਸੋ ਪਰਵਾਣੁ ॥੧॥
ਗੋਂਡ ਮਹਲਾ ਪੰਜਵਾਂ, ਗੁਰੂ ਗ੍ਰੰਥ ਸਾਹਿਬ : ਅੰਗ 864
ਗੁਰਬਾਣੀ ਵਿਚ ਅਨੇਕਾਂ ਪ੍ਰਮਾਣ ਮਿਲਦੇ ਹਨ, ਜਿੱਥੇ ਸਤਿਗੁਰੂ ਜੀ ਨੇ ਗੁਰੁ ਨੂੰ ਪਰਮਾਤਮਾ ਦੇ ਬਰਾਬਰ ਬਿਆਨ ਕੀਤਾ ਹੈ ;
ਗੁਰੁ ਪਰਮੇਸਰੁ ਏਕੁ ਹੈ ਸਭ ਮਹਿ ਰਹਿਆ ਸਮਾਇ ॥
ਜਿਨ ਕਉ ਪੂਰਬਿ ਲਿਖਿਆ ਸੇਈ ਨਾਮੁ ਧਿਆਇ ॥
ਸਿਰੀਰਾਗੁ ਮਹਲਾ ਪੰਜਵਾਂ, ਗੁਰੂ ਗ੍ਰੰਥ ਸਾਹਿਬ : ਅੰਗ 53
ਗੁਰੂ ਮਾਨਿਓ ਗ੍ਰੰਥ : ਰੋਜ਼ਾਨਾ ਅਰਦਾਸ ਉਪਰੰਤ ਜੋ ਦੋਹੇ ਗਾਇਨ ਕੀਤੇ ਜਾਂਦੇ ਹਨ, ਉਹਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ‘ਗੁਰੂ’ ਵਜੋਂ ਸੁਭਾਏਮਾਨ ਕੀਤੇ ਜਾਣ ਸਬੰਧੀ ਬਚਨ ਹਨ। ਇਹ ਜਾਨਣਾ ਜ਼ਰੂਰੀ ਹੈ ਕਿ ਇਹ ਦੋਹੇ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨਹੀਂ, ਪਰ ਇਹਨਾਂ ਦੇ ਭਾਵ ਗੁਰੂ ਗ੍ਰੰਥ ਸਾਹਿਬ ਨੂੰ ‘ਸਦੀਵੀ ਗੁਰੂ’ ਵਜੋਂ ਬਿਆਨ ਕਰਦੇ ਹਨ। ਸਿੱਖ ਵਿਦਵਾਨ ਡਾ. ਪਿਆਰਾ ਸਿੰਘ ਪਦਮ ਵਲੋਂ ਸੰਪਾਦਿਤ ਪੁਸਤਕ ‘ਰਹਿਤਨਾਮੇ’ ਵਿੱਚ ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਵਲੋਂ ਪੰਨਾ 67 ਉਪਰ, ਮੂਲ ਰੂਪ ਵਿੱਚ ਉਚਾਰਣ ਕੀਤੇ ਗਏ ਦੋਹਰਿਆਂ ਦਾ ਸਰੂਪ ਇਸ ਤਰ੍ਹਾਂ ਦਿਤਾ ਗਿਆ ਹੈ ;
ਅਕਾਲ ਪੁਰਖ ਕੇ ਬਚਨ ਸਿਉਂ ਪ੍ਰਗਟ ਚਲਾਯੋ ਪੰਥ॥
ਸਭ ਸਿੱਖਨ ਕੋ ਹੁਕਮ ਹੈ ਗੁਰੁ ਮਾਨੀਓ ਗ੍ਰੰਥ॥
***
ਗੁਰੂ ਖਾਲਸਾ ਮਾਨੀਅਹਿ ਪ੍ਰਗਟ ਗੁਰੂ ਕੀ ਦੇਹ॥
ਜੋ ਸਿਖ ਮੋ ਮਿਲਬੋ ਚਹੈ ਖੋਜ ਇਨਹੁ ਮਹਿ ਲੇਹੁ॥
(ਰਹਿਤਨਾਮੇ, ਪੰਨਾ 67)
ਭਾਈ ਪ੍ਰਹਲਾਦ ਸਿੰਘ ਰਚਿਤ ‘ਰਹਿਤਨਾਮਾ’ ਨਾਲੋਂ ਥੋੜੇ ਫਰਕ ਨਾਲ ਗਿਆਨੀ ਗਿਆਨ ਸਿੰਘ ਦੀ ਲਿਖਤ ਵਿੱਚ ਇਹੀ ਦੋਹਰੇ ਅੰਕਿਤ ਕੀਤੇ ਹੋਏ ਮਿਲਦੇ ਹਨ। ਗਿਆਨੀ ਗਿਆਨ ਸਿੰਘ ਰਚਿਤ ‘ਪੰਥ ਪ੍ਰਕਾਸ਼’ (ਭਾਸ਼ਾ ਵਿਭਾਗ, ਪੰਜਾਬ 1987) ਦੇ ਪੰਨਾਂ 353 ਉੱਤੇ ਅਜਿਹੀਆਂ ਸਤਰਾਂ ਵਾਲਾ ਪੂਰਾ ਕਾਵਿ-ਬੰਦ ਹੇਠਾਂ ਦਿੱਤੇ ਅਨੁਸਾਰ ਪੇਸ਼ ਕੀਤਾ ਹੋਇਆ ਮਿਲਦਾ ਹੈ :
ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ।
ਸਬ ਸਿੱਖਨ ਨੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ।
ਗੁਰੂ ਗ੍ਰੰਥ ਕੋ ਮਾਨੀਓ ਪ੍ਰਗਟ ਗੁਰਾਂ ਕੀ ਦੇਹ।
ਜੋ ਪ੍ਰਭ ਕੋ ਮਿਲਬੋ ਚਹੇ ਖੋਜ ਸਬਦ ਮੈਂ ਲੇਹ।
ਉਕਤ ਦੋਹਰੇ ਜਿਸ ਰੂਪ ਵਿੱਚ ਅਸੀਂ ਅੱਜ ਪੜ੍ਹਦੇ ਹਾਂ, ਪਹਿਲੇ ਦੋ ਦੋਹਿਰੇ ਗਿਆਨੀ ਗਿਆਨ ਸਿੰਘ ਰਚਿਤ ਪੰਥ ਪ੍ਰਕਾਸ਼ ਵਿਚੋਂ ਲਏ ਗਏ ਹਨ । ਭਾਈ ਪ੍ਰਹਲਾਦ ਸਿੰਘ ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਸੀ ਅਤੇ ਗਿਆਨੀ ਗਿਆਨ ਸਿੰਘ ਨੇ ਆਪਣੀ ਪੁਸਤਕ ‘ਪੰਥ ਪ੍ਰਕਾਸ਼’ 1867 ਈਸਵੀ ਵਿੱਚ ਤਿਆਰ ਕੀਤੀ ਸੀ। ਭਾਈ ਕਾਨ੍ਹ ਸਿੰਘ ਨਾਭਾ ਵਲੋਂ (ਗੁਰਮਤਿ ਮਾਰਤੰਡ-ਪੰਨਾ 331) ਸਪਸ਼ਟ ਨਿਰਣਾ ਦਿਤਾ ਗਿਆ ਹੈ ਕਿ ਇਹਨਾਂ ਦੋਹਰਿਆਂ ਵਿੱਚ ਗਿਆਨੀ ਗਿਆਨ ਸਿੰਘ ਨੇ ਕੁਝ ਤਬਦੀਲੀਆਂ ਕੀਤੀਆਂ ਹਨ ਜਿਵੇਂ ‘ਗੁਰੂ ਖਾਲਸਾ ਮਾਨੀਅਹ’ ਦੀ ਥਾਂ ਤੇ ‘ਗੁਰੂ ਗ੍ਰੰਥ ਜੀ ਮਾਨਯੋ’- ‘ਜੋ ਸਿਖ ਮੋ ਮਿਲਬੇ ਚਹਿਹ’ ਦੀ ਥਾਂ ਤੇ ‘ਜੋ ਪ੍ਰਭ ਕੋ ਮਿਲਬੋ ਚਹੈ’- ‘ਖੋਜ ਇਨਹੁ ਮਹਿ ਲੇਹੁ’ ਦੀ ਥਾਂ ਤੇ ‘ਖੋਜ ਸ਼ਬਦ ਮਹਿ ਲੇਹ’ ਆਦਿ। ਡਾ. ਜਸਵੰਤ ਸਿੰਘ ਨੇਕੀ ਕਿਤਾਬ ‘ਅਰਦਾਸ’ ਦੇ ਪੰਨਾ 342-343 ਤੇ ਲਿਖਦੇ ਹਨ ਕਿ ”ਤੀਜੀ ਗੱਲ ਗੁਰੂ ਗ੍ਰੰਥ ਸਾਹਿਬ ਨੂੰ ‘ਪ੍ਰਗਟ ਗੁਰਾਂ ਕੀ ਦੇਹ’ ਸਮਝਣਾ ਹੈ। ਇਹ ਗੱਲ ਗੁਰਮਤਿ ਸਿਧਾਂਤ ਅਨੁਸਾਰ ਸਹੀ ਨਹੀਂ, ਸੰਦੇਹ ਜਨਕ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰਾਂ ਦੀ ਜੋਤ ਹੈ, ਦੇਹ ਨਹੀਂ। ਗੁਰੂ ਦਾ ਸਰੀਰਕ ਦੀਦਾਰ ਤਾਂ ਖਾਲਸੇ ਵਿੱਚ ਹੈ”
ਅਜਿਹਾ ਹੀ ਇਕ ਦੋਹਰਾ ਭਾਈ ਦਯਾ ਸਿੰਘ ਵੱਲੋ ਲਿਖੇ ਰਹਿਤਨਾਮੇ ਵਿਚ ਵੀ ਦਰਜ ਹੈ;
ਸ਼੍ਰੀ ਅਕਾਲ ਪੁਰਖ ਕੇ ਬਚਨ ਸਿਉਂ ਪ੍ਰਗਟਿਓ ਪੰਥ ਮਹਾਨ॥
ਗ੍ਰੰਥ ਪੰਥ ਗੁਰੂ ਮਾਨੀਏ ਤਾਰੇ ਸਕਲ ਕੁਲਾਲ ॥
(ਰਹਿਤਨਾਮੇ ਪੰਨਾ 71)
ਰਾਜ ਕਰੇਗਾ ਖਾਲਸਾ
ਇਹ ਜਾਣਕਾਰੀ ਲਾਹੇਬੰਦ ਹੋਏਗੀ ਕਿ ‘ਤਨਖਾਹਨਾਮਾ’, ਲਿਖਤ ਭਾਈ ਨੰਦ ਲਾਲ ਜੀ ਵਿੱਚ ‘ਰਾਜ ਕਰੇਗਾ ਖਾਲਸਾ’ ਵਾਲਾ ਦੋਹਾ ਦਰਜ ਕੀਤਾ ਹੋਇਆ ਹੈ, ਜਿਸ ਨੂੰ ਸਿੱਖ ਸੰਗਤਾਂ ਅਰਦਾਸ ਉਪਰੰਤ ਗਾਇਨ ਕਰਦੀਆਂ ਹਨ ;
ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ।
ਖੁਆਰ ਹੋਇ ਸਭ ਮਿਲੈਂਗੇ ਬਚੇ ਸ਼ਰਨ ਜੋ ਹੋਇ ।3।
ਗੁਰੂ ਗ੍ਰੰਥ ਸਾਹਿਬ ਦਾ ਸਰਬ ਵਿਆਪਕ ਤੇ ਸਰਬ ਸਾਂਝਾ ਉਪਦੇਸ਼ : ਮੱਧ-ਯੁਗ ਦੇ ਸਾਹਿਤ ਅਤੇ ਧਰਮ ਖੇਤਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨ ਪ੍ਰਕਿਰਿਆ ਜੁਗਾਂਤਰਕਰੀ ਵਰਤਾਰਾ ਹੈ। ਜਿਥੇ ਇਸ ਨਾਲ ਸਾਹਿਤ ਜਗਤ ਵਿੱਚ ਗ੍ਰੰਥ ਸੰਪਾਦਨ ਕਲਾ ਦਾ ਆਰੰਭ ਹੁੰਦਾ ਹੈ, ਉਥੇ ਮਹਾਂ-ਗਿਆਨ ਦੇ ਵਿਸ਼ਾਲ ਖਜ਼ਾਨੇ ਨੂੰ ਕਿਸੇ ਕਿਸਮ ਦੇ ਰਲਾਅ ਤੋਂ ਸਦੀਵੀ ਤੌਰ ‘ਤੇ ਸੁਰੱਖਿਅਤ ਕਰਕੇ, ਭਵਿੱਖ ਲਈ ਅਨਮੋਲ ਸਮੱਗਰੀ ਹੂ-ਬ ਹੂ ਬਰਕਰਾਰ ਰੱਖਣ ਦੀ ਪਿਰਤ ਪੈਂਦੀ ਹੈ। ਆਦਿ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਤੇ ਉਪਦੇਸ਼ ਸਰਬ- ਕਾਲੀ, ਸਰਬ – ਵਿਆਪਕ ਤੇ ਸਰਬ-ਸਾਂਝਾ ਹੈ। ਇਸ ਵਿਚਲੀ ਵਿਚਾਰਧਾਰਾ ਸਮੂਹ ਜਗਤ ਕਲਿਆਣ ਲਈ ਅਧਿਆਤਮਕ ਚਿੰਤਨ ਹੈ। ਸਮੁੱਚੇ ਸੰਸਾਰ ਲਈ ਭਾਵਾਤਮਕ ਸਾਂਝ ਦਾ ਸੁਨੇਹਾ ਦਿੰਦਾ ਇਹ ਪਹਿਲਾ ਧਰਮ ਗ੍ਰੰਥ ਹੈ, ਜਿਸ ਵਿੱਚ 12ਵੀਂ ਤੋਂ 17 ਵੀਂ ਸਦੀ ਤੱਕ ਦੀਆਂ, ਪੰਜ ਸਦੀਆਂ ਦੇ 36 ਮਹਾਂ- ਪੁਰਖਾਂ ਦੇ ਰੂਹਾਨੀ ਤੱਤ ਗਿਆਨ ਦਾ ਨਿਚੋੜ ਦੇਸ਼, ਕਾਲ ਤੇ ਸਮੇਂ ਦੀਆਂ ਹੱਦਾਂ ਖਤਮ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਹਰ ਮਹਾਂ- ਪੁਰਖ ਦਾ ਅੰਦਾਜ਼ ਚਾਹੇ ਨਿਵੇਕਲਾ ਹੈ, ਪਰ ਸਭ ਦਾ ਸੰਦੇਸ਼ ਸਾਂਝਾ ਹੈ, ਜੋ ਕਿ ਵਰਣ- ਵੰਡ, ਊਚ ਨੀਚ, ਜਾਤ- ਪਾਤ ਅਤੇ ਰੰਗ- ਨਸਲ ਤੋਂ ਉਚੇ ਉੱਠ ਕੇ, ਪ੍ਰਭੂ – ਪ੍ਰੇਮ ਵਿੱਚ ਲੀਨ ਹੋ ਕੇ , ਉਚੀ ਆਤਮਕ- ਅਵਸਥਾ ਵਿੱਚ ਬਿਰਾਜਣ ਦਾ ਹੈ। ਇਸ ਵਿਚਲੇ ਕੁੱਲ 5894 ਸ਼ਬਦਾਂ ਵਿਚੋਂ 4956 ਗੁਰੂਆਂ ਦੇ ਅਤੇ 938 ਭਗਤਾਂ ਦੇ ਸ਼ਬਦ ਹਨ। ਸਮੁੱਚੀ ਬਾਣੀ ਦੀ ਇਕਸੁਰਤਾ ਅਜਿਹੀ ਹੈ ਕਿ ਪੜ੍ਹਨ ਵਾਲਾ ਜਗਿਆਸੂ ਸੁੱਤੇ- ਸਿੱਧ ਗੁਰੂ ਬਾਣੀ ਤੋਂ ਭਗਤ ਬਾਣੀ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਤੇ ਭਗਤ ਬਾਣੀ ਤੋਂ ਗੁਰੂ ਬਾਣੀ ਵਿੱਚ। ਗੁਰੂ ਗ੍ਰੰਥ ਸਾਹਿਬ ਅਜਿਹਾ ਬਹੁ- ਪਸਾਰੀ ਸੰਕਲਨ ਹੈ, ਜਿਸ ਵਿੱਚ ਅਕਾਲ ਪੁਰਖ, ਜਗਤ, ਮਾਨਵ, ਧਰਮ, ਦਰਸ਼ਨ, ਆਤਮਾ, ਅਨੁਭਵ, ਨੈਤਿਕ ਗੁਣ, ਸਤ, ਆਚਾਰ ਨੀਤੀ, ਸਮਾਜ ਆਦਿ ਅਨੇਕਾਂ ਸੂਖਮ ਤੇ ਸਥੂਲ, ਆਦਰਸ਼ਕ ਤੇ ਵਾਸਤਵਿਕ, ਅਧਿਆਤਮਕ ਅਤੇ ਸਮਾਜਿਕ ਵਿਸ਼ਿਆਂ ਉੱਪਰ ਵਿਸਤਾਰ- ਪੂਰਵਕ ਵਿਚਾਰ ਹੋਇਆ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਧਰਮ ਦੇ ਨਾਂ ‘ਤੇ ਪਖੰਡ ਦਾ ਵਿਰੋਧ ਅਤੇ ਸੱਚੇ ਪ੍ਰੇਮ ਦੀ ਪ੍ਰੇਰਨਾ : ਗੁਰਬਾਣੀ ਵਿੱਚ ਪਖੰਡ ਦੀ ਥਾਂ ਸੱਚੀ- ਸੁੱਚੀ ਭਗਤੀ, ਹਰਾਮ ਦੀ ਥਾਂ ਹਲਾਲ ਦੀ ਕਮਾਈ, ਅਨਿਆਂ ਦੀ ਥਾਂ ਨਿਆਂ ਅਤੇ ਨਫ਼ਰਤ ਦੀ ਥਾਂ ਪ੍ਰੇਮ ਦਾ ਸੁਨੇਹਾ ਦੇ ਕੇ, ਸੱਚ ਹੱਕ ਅਤੇ ਇਨਸਾਫ਼ ਦਾ ਸੰਦੇਸ਼ ਵਾਹਕ ਬਣਦੇ ਹੋਏ, ਸਮਾਜ ਦੀ ਪੁਨਰ – ਸਿਰਜਣਾ ਕੀਤੀ ਗਈ ਹੈ। ਸਮਕਾਲੀ ਸੰਪਰਦਾਵਾਂ ਨੂੰ ਅਡੰਬਰ. ਪਖੰਡ ਤੇ ਕੱਟੜਪੁਣੇ ਤੋਂ ਮੁਕਤ ਕਰਕੇ, ਸੱਚੇ ਧਰਮ ਦੇ ਕੇਂਦਰ – ਬਿੰਦੂ ਨਾਲ ਜੋੜਨ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਇਨ੍ਹਾਂ ਨੂੰ ਨਵੀਨ ਅਤੇ ਬਿਬੇਕਮਈ ਢੰਗ ਨਾਲ ਪਰਿਭਾਸ਼ਿਤ ਕੀਤਾ ਗਿਆ ਹੈ :
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ॥
ਮਹਲਾ ਪਹਿਲਾ, ਗੁਰੂ ਗ੍ਰੰਥ ਸਾਹਿਬ ਅੰਗ : 471

ਗਜ ਸਾਢੇ ਤੈ ਤੈ ਧੋਤੀਆ, ਤਿਹਰੇ ਪਾਇਨਿ ਤਗ॥
ਗਲੀ ਜਿਨਾ ਜਪਮਾਲੀਆ, ਲੋਟੇ ਹਥਿ ਨਿਬਗ॥
ਓਇ ਹਰਿ ਕੇ ਸੰਤ ਨ ਆਖੀਅਹਿ, ਬਾਨਾਰਸਿ ਕੇ ਠਗ॥
ਭਗਤ ਕਬੀਰ ਜੀ, ਗੁਰੂ ਗ੍ਰੰਥ ਸਾਹਿਬ ਅੰਗ : 476

ਬੁਤ ਪੂਜਿ ਪੂਜਿ ਹਿੰਦੂ ਮੂਏ, ਤੁਰਕ ਮੂਏ ਸਿਰੁ ਨਾਈ॥
ਓਇ ਲੇ ਜਾਰੇ, ਓਇ ਲੇ ਗਾਡੇ, ਤੇਰੀ ਗਤਿ ਦੁਹੂ ਨ ਪਾਈ॥
ਭਗਤ ਕਬੀਰ ਜੀ, ਗੁਰੂ ਗ੍ਰੰਥ ਸਾਹਿਬ ਅੰਗ : 654

ਨਾਵਣ ਚਲੇ ਤੀਰਥੀ ਮਨਿ ਖੋਟੇ ਤਨਿ ਚੋਰ॥
ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ॥
ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ॥
ਸਾਧ ਭਲੇ ਅਣ ਨਾਤਿਆ ਚੋਰ ਸਿ ਚੋਰ॥
ਮਹਲਾ ਪਹਿਲਾ, ਗੁਰੂ ਗ੍ਰੰਥ ਸਾਹਿਬ ਅੰਗ : 789
ਗੁਰੂ ਗ੍ਰੰਥ ਸਾਹਿਬ ਵਿੱਚ ਜ਼ਾਲਮ ਹਕੂਮਤ ਦਾ ਤਿੱਖਾ ਵਿਰੋਧ : ਗੁਰੂ ਗ੍ਰੰਥ ਸਾਹਿਬ ਜਿੱਥੇ ਧਰਮ ਦੇ ਨਾਂ ਤੇ ਪਖੰਡ ਨੂੰ ਰੱਦ ਕਰਦੇ ਹਨ, ਉੱਥੇ ਜ਼ਾਲਮ ਹਕੂਮਤ ਦਾ ਤਿੱਖਾ ਵਿਰੋਧ ਕਰਦਿਆਂ ਲੋਕਾਂ ਨੂੰ ਲਾਮਬੰਦ ਕਰਦੇ ਹਨ। ਗੁਰੂ ਅਰਜਨ ਸਾਹਿਬ ਜੀ ਵਲੋਂ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਕਾਰਜ ਹੀ ਅਸਲ ਵਿੱਚ ਪੰਜਵੇਂ ਗੁਰੂ ਸਾਹਿਬ ਦੀ ਸ਼ਹੀਦੀ ਦਾ ਕਾਰਨ ਬਣੇ। ਗੁਰੂ ਗ੍ਰੰਥ ਸਾਹਿਬ ਵਿੱਚ ਸਮੇਂ ਦੀ ਸੱਤਾ ਨੂੰ ਚੁਣੌਤੀ ਦਿੰਦਿਆਂ ਇਹ ਪਾਵਨ ਸ਼ਬਦ ਫੁਰਮਾਨ ਕੀਤੇ ਗਏ ਹਨ, ਜਿਨਾਂ ਦੀ ਮਿਸਾਲ ਪਹਿਲਾਂ ਕਦੇ ਨਹੀਂ ਮਿਲਦੀ
ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿ ਬੈਠੇ ਸੁਤੇ॥
ਚਾਕਰ ਨਹਦਾ ਪਾਇਨਿ, ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥
ਮਹਲਾ ਪਹਿਲਾ, ਗੁਰੂ ਗ੍ਰੰਥ ਸਾਹਿਬ : ਅੰਗ 1288

ਜੇ ਜੀਵੈ ਪਤਿ ਲਥੀ ਜਾਇ॥
ਸਭੁ ਹਰਾਮੁ ਜੇਤਾ ਕਿਛੁ ਖਾਇ॥
ਸਲੋਕ ਮਹਲਾ ਪਹਿਲਾ – ਗੁਰੂ ਗ੍ਰੰਥ ਸਾਹਿਬ : ਅੰਗ 142
ਗੁਰੂ ਗ੍ਰੰਥ ਸਾਹਿਬ ਵਿੱਚ ਖੰਡਨਾਤਮਕ ਅਤੇ ਮੰਡਨਾਤਮਕ ਵਿਧੀਆਂ : ਗੁਰਬਾਣੀ ਖ਼ਾਸ ਵਰਗ ਦੀ ਥਾਂ ਜਨ-ਸਾਧਾਰਨ ਰਾਹੀਂ ਸਮੁੱਚੀ ਮਨੁੱਖਤਾ ਨੂੰ ਸੰਬੋਧਤ ਹੈ। ਗੁਰਬਾਣੀ ਦਾ ਮੁੱਖ ਮੰਤਵ ਉੱਚੇ ਸੁੱਚੇ ਸਿਧਾਂਤ ਨੂੰ ਸਰਲ ਢੰਗ ਨਾਲ ਬਿਆਨ ਕਰਕੇ ਲੋਕ -ਸਮੂਹ ਤੱਕ ਪਹੁੰਚਾਉਣਾ ਹੈ। ਗੁਰਬਾਣੀ ਵਿੱਚ ਲੋਕ-ਧਰਮ ਅਤੇ ਲੋਕ-ਗਾਥਾਵਾਂ ਦਾ ਵਰਨਣ ਖੰਡਨਾਤਮਕ ਤੇ ਮੰਡਨਾਤਮਕ, ਦੋਹਾਂ ਵਿਧੀਆਂ ਰਾਹੀਂ ਹੋਇਆ ਹੈ। ਚਾਰ- ਵਰਣ, ਚਾਰ- ਆਸ਼ਰਮ, ਹੋਮ- ਜੱਗ, ਤੀਰਥ- ਗਮਨ, ਸੂਤਕ – ਪਾਤਕ , ਜਾਤ -ਪਾਤ, ਊਚ-ਨੀਚ ਆਦਿਕ ਕਰਮ – ਕਾਂਡ ਪ੍ਰਤੀ ਖੰਡਨਾਤਮਕ ਦ੍ਰਿਸ਼ਟੀਕੋਣ ਅਪਣਾਇਆ ਗਿਆ ਹੈ। ਗੁਰਮਤਿ ਦਾ ਮਾਰਗ ਪ੍ਰਵਿਰਤੀ ਮੂਲਕ ਨਵਿਰਤੀ ਅਤੇ ਪ੍ਰੇਮਾ-ਭਗਤੀ ਦਾ ਸਹਿਜ ਤੇ ਸੁਖੈਨ ਮਾਰਗ ਹੈ। ਗੁਰਬਾਣੀ ਦੀ ਕਲਾ ਸਹਿਜ ਅਵਸਥਾ ਵਿਚੋਂ ਹੀ ਉਪਜੀ ਹੈ ਤੇ ਸਹਿਜ ਦਾ ਹੀ ਪ੍ਰਚਾਰ ਕਰਦੀ ਹੈ।
ਗੁਰੂ ਗ੍ਰੰਥ ਸਾਹਿਬ ਵਿਚਲੀ ਗੁਰਮੁਖੀ ਬੋਲੀ
ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਲਿਪੀ ਗੁਰਮੁਖੀ ਹੈ, ਉਥੇ ਬੋਲੀ ਵੀ ਗੁਰਮੁਖੀ ਹੈ। ਗੁਰਬਾਣੀ ਸਾਹਿਤ ਦੀ ਵਿਲੱਖਣ ਨੁਹਾਰ ਦਾ ਕਾਰਨ ਗੁਰਮੁਖੀ ਬੋਲੀ ਦੇ ਰੂਪ ਵਿੱਚ ਰਹੱਸਮਈ ਰੂਹਾਨੀ ਪ੍ਰਗਟਾਵਾ ਅਤੇ ਕੀਰਤਨ ਦੇ ਨਾਲ- ਨਾਲ ਸਮੇਂ ਤੇ ਸਥਾਨ ਦੀ ਸੀਮਾ ਤੋਂ ਮੁਕਤ ਭਾਸ਼ਾ ਦਾ ਸੁਮੇਲ ਹੈ। ਗੁਰੂ ਗ੍ਰੰਥ ਸਾਹਿਬ ਵਿਚਲੀ ਗੁਰਮੁਖੀ ਸਦੀਵੀ ਸਮਝੀ ਜਾਣ ਵਾਲੀ , ਲੋਕ – ਮੁਹਾਵਰੇ ਵਾਲੀ ਸਾਧਾਰਨ ਲੋਕਾਂ ਦੀ ਬੋਲੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਮੁੱਚੀ ਬਾਣੀ ਦੀ ਲਿਪੀ ਚਾਹੇ ਗੁਰਮੁਖੀ ਹੈ, ਪਰ ਇਸ ਵਿੱਚ ਵੱਖ- ਵੱਖ ਭਾਸ਼ਾਵਾਂ ਮਿਲਦੀਆਂ ਹਨ।
ਗੁਰੂ ਗ੍ਰੰਥ ਸਾਹਿਬ ਮੱਧ -ਕਾਲ ਦੀਆਂ ਅਨੇਕਾਂ ਭਾਸ਼ਾਵਾਂ, ਜਿਵੇਂ ਸਿੰਧੀ, ਦੱਖਣੀ, ਬ੍ਰਿਜ ਭਾਸ਼ਾ, ਅਪਭ੍ਰੰਸ਼, ਪ੍ਰਕਿਰਤ, ਮਰਾਠੀ, ਮੈਥਿਲੀ, ਲਗਾਥਾ, ਭੋਜਪੁਰੀ, ਸਧੁੱਕੜੀ, ਰੇਖਤਾ, ਬਾਂਗੜੂ, ਬਾਗੜੀ, ਫਾਰਸੀ, ਸੰਸਕ੍ਰਿਤੀ, ਹਿੰਦੀ ਤੇ ਪੰਜਾਬੀ ਆਦਿ ਬੋਲੀਆਂ ਦਾ ਮਹਾਨ ਖ਼ਜ਼ਾਨਾ ਹੈ। ਗੁਰਬਾਣੀ ਦਾ ਵੱਡਾ ਹਿੱਸਾ ਪੰਜਾਬ ਵਿੱਚ ਲਿਖਿਆ ਹੋਣ ਕਰਕੇ ਇਸ ਬੋਲੀ ਦਾ ਜੁੱਸਾ, ਮੁਹਾਵਰਾ ਤੇ ਸ਼ੈਲੀ, ਵਿਸ਼ੇਸ਼ ਰੂਪ ਵਿੱਚ ਪੰਜਾਬੀ ਹੈ, ਪਰ ਫਿਰ ਵੀ ਇਹ ਬੋਲੀ ਪੂਰਨ ਤੌਰ ‘ਤੇ ਪੰਜਾਬੀ ਨਹੀਂ, ਇਸ ਨੂੰ ਗੁਰਮੁਖੀ ਬੋਲੀ ਕਹਿਣਾ ਹੀ ਉਚਿਤ ਹੋਏਗਾ।
ਗੁਰਬਾਣੀ ਸ਼ਬਦ : ਮੁਹਾਵਰੇ ਅਖਾਣ ਅਤੇ ਲੋਕ ਬੋਲੀ ਦੇ ਰੂਪ ਵਿੱਚ :
ਗੁਰਬਾਣੀ ਮੁੱਖ ਤੌਰ ਤੇ ਲੋਕ- ਬੋਲੀ ਤੇ ਲੋਕ-ਮੁਹਾਵਰੇ ਵਿੱਚ ਹੋਣ ਕਰਕੇ ਲੋਕ – ਸਾਹਿਤ ਦੀ ਸਿਰਮੌਰ ਬਣ ਗਈ ਹੈ। ਮਿਸਾਲ ਵਜੋਂ ਗੁਰਬਾਣੀ ਦੇ ਇਹ ਸ਼ਬਦ ਮੁਹਾਵਰੇ ਅਤੇ ਅਖਾਣ ਬਣ ਚੁੱਕੇ ਹਨ :
ਮਿਠੁਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤੁ॥
ਆਸਾ ਦੀ ਵਾਰ, ਮਹਲਾ ਪਹਿਲਾ, ਗੁਰੂ ਗ੍ਰੰਥ ਸਾਹਿਬ : ਅੰਗ 470

ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ॥
ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ॥
ਸਲੋਕੁ ਸੇਖ ਫਰੀਦ ਕੇ, ਅੰਗ ;1379

ਮਨ ਜੀਤੈ ਜਗੁ ਜੀਤੁ॥
ਜਪੁ, ਮਹਲਾ ਪਹਿਲਾ, ਗੁਰੂ ਗ੍ਰੰਥ ਸਾਹਿਬ : ਅੰਗ 6

ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ ॥
ਕਿਸੁ ਪਹਿ ਖੋਲ੍ਹ੍ਹਉ ਗੰਠੜੀ ਦੂਖੀ ਭਰਿ ਆਇਆ ॥
ਸੂਹੀ ਮਹਲਾ ਪਹਿਲਾ, ਛੰਤ ਗੁਰੂ ਗ੍ਰੰਥ ਸਾਹਿਬ : ਅੰਗ 767

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
ਜਪੁ ਮਹਲਾ ਪਹਿਲਾ, ਗੁਰੂ ਗ੍ਰੰਥ ਸਾਹਿਬ : ਅੰਗ 8

ਘਰਿ ਘਰਿ ਮੀਆ ਸਭਨਾ ਜੀਆਂ ਬੋਲੀ ਅਵਰ ਤੁਮਾਰੀ ॥
ਬਸੰਤੁ ਮਹਲਾ ਪਹਿਲਾ – ਗੁਰੂ ਗ੍ਰੰਥ ਸਾਹਿਬ : ਅੰਗ 1191

ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ ॥
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ ॥੪੨॥
ਸ਼ੇਖ ਫਰੀਦ, ਗੁਰੂ ਗ੍ਰੰਥ ਸਾਹਿਬ : ਅੰਗ 1380

ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥
ਧਨਾਸਰੀ ਮਹਲਾ ਪਹਿਲਾ, ਗੁਰੂ ਗ੍ਰੰਥ ਸਾਹਿਬ : ਅੰਗ 661

ਫਿਟੁ ਇਵੇਹਾ ਜੀਵਿਆ ਜਿਤੁ ਖਾਹਿ ਵਧਾਇਆ ਪੇਟੁ॥
ਮਹਲਾ ਪਹਿਲਾ, ਗੁਰੂ ਗ੍ਰੰਥ ਸਾਹਿਬ ਅੰਗ 790
ਹਕੁ ਪਰਾਇਆ ਨਾਨਕਾ, ਉਸ ਸੂਅਰੁ ਉਸ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ, ਜਾ ਮੁਰਦਾਰੁ ਨ ਖਾਇ॥
ਮਹਲਾ ਪਹਿਲਾ, ਗੁਰੂ ਗ੍ਰੰਥ ਸਾਹਿਬ ਅੰਗ 141

ਬਾਬਾ ਹੋਰੁ ਖਾਣਾ ਖੁਸੀ ਖੁਆਰੁ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥
ਮਹਲਾ ਪਹਿਲਾ, ਗੁਰੂ ਗ੍ਰੰਥ ਸਾਹਿਬ ਅੰਗ 16

ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ॥
ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ॥
ਮਹਲਾ ਤੀਜਾ, ਗੁਰੂ ਗ੍ਰੰਥ ਸਾਹਿਬ ਅੰਗ 788

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥
ਸਲੋਕੁ ਮਹਲਾ 9 ਅੰਗ:1427

ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥
ਰਾਗੁ ਗੂਜਰੀ ਵਾਰ, ਮਹਲਾ 5 ਗੁਰੂ ਗ੍ਰੰਥ ਸਾਹਿਬ ਅੰਗ : 522
ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਭੰਡਾਰ : ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਭੰਡਾਰ ਵਿੱਚ ਚਿੰਨ੍ਹ, ਪ੍ਰਤੀਕ, ਅਲ਼ੰਕਾਰ, ਰਸ, ਸ਼ਬਦ- ਚਿੱਤਰ, ਬੋਲ- ਚਿਤੱਰ ਤੇ ਭਾਵ -ਚਿੱਤਰ ਅਨੇਕਾਂ ਰਹੱਸਮਈ ਭਾਵਾਂ ਨੂੰ ਉਜਾਗਰ ਕਰਨ ਲਈ ਵਰਤੇ ਗਏ ਹਨ. ਜਿਵੇ ਧਰਤੀ-ਅਕਾਸ਼, ਬਾਰਕੁ-ਮਾਤਾ, ਸਹੁਰਾ-ਪੇਕਾ, ਸੁਹਾਗਣ-ਦੁਹਾਗਣ, ਬੇੜੀ-ਤੁਲਹਾ, ਬੋਹਿਥ-ਸਾਗਰ, ਮੱਛਲੀ, ਕਮਲ, ਭਉਰ, ਮਿਰਗ, ਦੀਵਾ ਆਦਿ ਅਨੇਕਾਂ ਘਰੋਗੀ ਅਤੇ ਕੁਦਰਤੀ ਵਸਤੂਆਂ ਦੁਆਲੇ ਬਿੰਬ ਤੇ ਪ੍ਰਤੀਕ ਉਸਰਦੇ ਹਨ।
ਗੁਰਮਤਿ ਕਾਵਿ ਵਿੱਚ ਵਰਤੇ ਗਏ ਪਿੰਗਲ ਦੇ ਪ੍ਰਮੁੱਖ ਛੰਦ ਦੋਹਿਰਾ, ਸੋਰਠਾ, ਦਵੈਯਾ, ਸਵੈਯਾ, ਚੌਪਾਈ, ਝੂਲਨਾ, ਨਿਸ਼ਾਨੀ, ਸਿਰਖੰਡੀ, ਹੰਸਗੀਤ, ਚਿਤਰਕਲਾ, ਛਪੈ, ਸਾਰ, ਸਰਸੀ, ਹਾਕਲ, ਉਗਾਹਾ, ਉਲਾਲਾ, ਰੂਪਮਾਲਾ, ਰਡ, ਅੰਮ੍ਰਿਤ, ਘਟ, ਕਜਲ, ਕਲਸ, ਘਨਾਛੀਰ ਆਦਿ ਦੀ ਮੌਜੂਦਗੀ ਬੇਹੱਦ ਪ੍ਰਭਾਵਸ਼ਾਲੀ ਹੈ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਅਹਿਮੀਅਤ ਛੰਦ- ਘਾੜਤ ਨੂੰ ਨਹੀਂ, ਸਗੋਂ ਭਾਵ- ਪ੍ਰਗਟਾਵੇ ਨੂੰ ਦਿੱਤੀ ਗਈ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਲੋਕ ਕਾਵਿ ਰੂਪ : ਬਾਣੀਕਾਰ ਆਵੇਸ਼ ਵਿੱਚ ਉਗਮਦੀ ਸਰੋਧ ਹੂਕ ਦੇ ਧੁਰੋਂ ਉੱਠਣ ‘ਤੇ ਰਚਨਾ ਕਰਦੇ ਹਨ ਅਤੇ ਛੰਦਾ-ਬੰਦੀ ਦੀ ਕੈਦ ਨੂੰ ਨਹੀਂ ਸਵੀਕਾਰਦੇ। ਬਾਣੀਕਾਰ ਜ਼ਿਆਦਾਤਰ ਜਨ- ਸਾਧਾਰਨ ਦੇ ਪ੍ਰਚਲਤ ਛੰਦਾਂ ਨੂੰ ਅਪਨਾ ਕੇ ਲੋਕ- ਕਾਵਿ ਰੂਪਾਂ ਦੋਹੇ, ਛੰਤ, ਘੋੜੀਆਂ , ਲਾਵਾਂ, ਅਲਾਹੁਣੀਆਂ, ਬਾਰਾਮਾਹ , ਗੋਸਟ, ਸਲੋਕ , ਸੋਹਿਲਾ, ਆਰਤੀ, ਬਾਵਨ ਅਖਰੀ, ਕਾਫ਼ੀ, ਮੰਗਲ , ਛਿੰਝ, ਰੁੱਤਾਂ, ਥਿਤਾਂ, ਪਹਿਰ ਦਿਨ ਰੈਣਿ , ਫੁਨਹੇ, ਕਰਹਲੇ, ਗੁਣਵੰਤੀ, ਸੁਚਜੀ, ਕੁਚਜੀ, ਅੰਜਲੀ, ਸਤਵਾਰਾ, ਬਿਸ਼ਨਪਦਾ, ਗੀਤ, ਵਾਰਾਂ ਆਦਿ ਵਿੱਚ ਬਾਣੀ ਰਚਨਾ ਕਰਦੇ ਹਨ।
ਗੁਰੂ ਗ੍ਰੰਥ ਸਾਹਿਬ ਵਿੱਚ ਕੀਰਤਨ ਦੀ ਅਹਿਮੀਅਤ : ਗੁਰੂ ਗ੍ਰੰਥ ਸਾਹਿਬ ਵਿੱਚ ਰੂਹ ਨੂੰ ਰੱਬ ਨਾਲ ਇਕਸੁਰ ਤੇ ਇਕਾਗਰ ਕਰਨ ਦਾ ਪ੍ਰਮੁੱਖ ਸਾਧਨ ਕੀਰਤਨ ਹੈ। ਜਿੱਥੇ ਸ਼ਾਸਤਰੀ ਸੰਗੀਤ ਵਿੱਚ ਗਾਇਕੀ ਤੇ ਹਰਕਤ ਵੱਧ ਤੇ ਬੋਲ ਘੱਟ ਹੁੰਦੇ ਹਨ, ਉਥੇ ਕੀਰਤਨ (ਗੁਰਮਤਿ ਸੰਗੀਤ) ਵਿੱਚ ਬਾਣੀ ਵਧੇਰੇ ਅਤੇ ਗਾਇਕੀ ਮੁਕਾਬਲਤਨ ਘੱਟ ਹੁੰਦੀ ਹੈ। ਗੁਰਬਾਣੀ ਦਾ ਉਪਦੇਸ਼ ਸ਼ਾਸਤਰੀ ਢੰਗਾਂ ਨਾਲ਼ ਰਾਗਾਂ ਦਾ ਪ੍ਰਚਾਰ ਕਰਨਾ ਨਹੀਂ , ਸਗੋਂ ਸਹਿਜ , ਸੁਖੈਨ ਤੇ ਸੁਭਾਵਿਕ ਕੀਰਤਨ ਰਾਹੀ, ਰੱਬੀ ਅਨੁਭਵ ਦਾ ਪ੍ਰਗਟਾਵਾ ਕਰਦੇ ਹੋਏ, ਲੈਅ -ਭਰਪੂਰ ‘ਨਾਮ ਵਾਲੀ ਸ਼ਖ਼ਸੀਅਤ’ ਦੀ ਉਸਾਰੀ ਕਰਨਾ ਹੈ। ਦਿਮਾਗੋਂ ਰਾਗ, ਦਿਲੋਂ ਧੁਨ, ਹਿਰਦੇ ਤੋਂ ਸੁਰਤ, ਹੱਥੋਂ ਸਾਜ, ਮੂੰਹੋਂ ਸੁਰਾਂ, ਕੰਨੋਂ ਤਾਨ ਅਤੇ ਪੈਰੋਂ ਨ੍ਰਿਤਕਾਰੀ ਆਦਿ ਸਾਰੀ ਸਮੱਗਰੀ ਅਕਾਲ- ਪੁਰਖ ਨਾਲ ਇਕ- ਮਿੱਕ ਤੇ ਇੱਕਸੁਰ ਹੋਣ ਦੇ ਸਾਧਨ ਹਨ।
ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 31 ਰਾਗ : ਗੁਰੂ ਗ੍ਰੰਥ ਸਾਹਿਬ ਦੇ ਪੰਨਾ 14 ਤੋਂ ਲੈ ਕੇ 1352 ਤੱਕ ਸਾਰੀ ਬਾਣੀ ਸਭ ਮੱਤਾਂ ਸੰਪਰਦਾਵਾਂ, ਮੌਸਮਾਂ ਤੇ ਰੁੱਤਾਂ ਨਾਲ ਸੰਬੰਧਿਤ 31 ਰਾਗਾਂ ਵਿੱਚ ਰਚੀ ਹੈ, ਜੋ ਕ੍ਰਮਵਾਰ ਸਿਰੀ ਰਾਗ, ਮਾਝ, ਗਉੜੀ, ਆਸਾ ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸੁ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ ਬਿਲਾਵਲ, ਗੌਂਡ, ਰਾਮਕਲੀ, ਨਟ ਨਾਰਾਇਣ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ ਭੈਰਉ, ਬਸੰਤ, ਸਾਰੰਗ, ਮਲਾਰ, ਕਾਨੜਾ, ਕਲਿਆਣ, ਪ੍ਰਭਾਤੀ ਤੇ ਜੈਜਾਵੰਤੀ ਹਨ। ਸਭ ਤੋਂ ਵਧੇਰੇ 30 ਰਾਗਾਂ ਵਿੱਚ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਸਾਹਿਬ ਨੇ ਬਾਣੀ ਲਿਖੀ ਹੈ। ਗੁਰੂ ਨਾਨਕ ਸਾਹਿਬ ਨੇ 19, ਗੁਰੂ ਅਮਰਦਾਸ ਜੀ ਨੇ 17 ਤੇ ਗੁਰੂ ਤੇਗ ਬਹਾਦਰ ਜੀ ਨੇ 15 ਰਾਗਾਂ ਵਿੱਚ ਬਾਣੀ ਉਚਾਰੀ ਹੈ। ਭਗਤ ਕਵੀਆਂ ਵਿਚੋਂ ਕਬੀਰ ਤੇ ਨਾਮਦੇਵ ਨੇ 18 , ਭਗਤ ਰਵਿਦਾਸ ਨੇ 16, ਭਗਤ ਤ੍ਰਿਲੋਚਨ ਤੇ ਭਗਤ ਬੇਣੀ ਨੇ 3, ਭਗਤ ਧੰਨਾ, ਭਗਤ ਜੈਦੇਵ ਤੇ ਬਾਬਾ ਫਰੀਦ ਨੇ 2 ਅਤੇ ਭਗਤ ਭੀਖਣ, ਭਗਤ ਸੈਣ, ਭਗਤ ਪੀਪਾ, ਭਗਤ ਸਧਨਾ ਤੇ ਭਗਤ ਪਰਮਾਨੰਦ ਨੇ ਕੇਵਲ ਇਕ ਹੀ ਰਾਗ ਵਿੱਚ ਬਾਣੀ ਰਚੀ ਹੈ।
ਗੁਰੂ ਗ੍ਰੰਥ ਸਾਹਿਬ : ਸਮੁੱਚੀ ਮਨੁੱਖਤਾ ਭਾਈਚਾਰੇ ਲਈ ਚਾਨਣ ਮੁਨਾਰਾ : ਆਦਿ ਗੁਰੂ ਗ੍ਰੰਥ ਸਾਹਿਬ ਵਿਸ਼ਵ ਦੇ ਧਾਰਮਿਕ ਤੇ ਅਧਿਆਤਮਕ ਸਾਹਿਤ ਦਾ ਅਜਿਹਾ ਮਹਾਨ ਕੋਸ਼ ਹੈ, ਜਿਸ ਵਿੱਚ ਆਤਮਿਕ ਗਿਆਨ , ਅਧਿਆਤਮਕ ਵੀਚਾਰ ਅਤੇ ਪ੍ਰੇਮ – ਭਗਤੀ ਦੀ ਸਾਂਝੀ ਧੁਨ ਜੀਵਨ ਲਈ ਕਲਿਆਣਕਾਰੀ ਸੱਚ ਦਾ ਸੰਦੇਸ਼ ਦਿੰਦੀ ਹੈ। ਸੰਪੂਰਨ ਮਨੁੱਖੀ ਭਾਈਚਾਰੇ ਲਈ ਚਾਨਣ- ਮੁਨਾਰਾ ਬਣ ਕੇ ਵਲਗਣਾਂ, ਵਖਰੇਵਿਆਂ ਤੇ ਵਿਤਕਰਿਆਂ ਦੇ ਚੱਕਰਵਿਯੂ ਤੋਂ ਨਿਜਾਤ ਦੁਆ ਕੇ, ਆਦਿ ਗੁਰੂ ਗ੍ਰੰਥ ਸਾਹਿਬ ਸਦਾਚਾਰ ਦੇ ਸੁਮਾਰਗ ਰਾਹੀਂ ਅਧਿਆਤਮਿਕ ਮੰਜ਼ਿਲ ‘ਤੇ ਪਹੁੰਚਾਉਂਦੇ ਹਨ।
ਇਹ ਧਰਮ ਗ੍ਰੰਥ ਪੰਜ ਸੌ ਵਰ੍ਹਿਆਂ ਦਾ ਅਜਿਹਾ ਦਰਪਣ ਹੈ, ਜਿਸ ਵਿਚੋਂ ਮੱਧਕਾਲੀ ਸਮਾਜ ਦੀ ਇਤਿਹਾਸਕ, ਸਭਿਆਚਾਰਕ ਤੇ ਧਾਰਮਿਕ ਰੂਪ-ਰੇਖਾ ਪ੍ਰਤੀਬਿੰਬਤ ਹੁੰਦੀ ਹੈ। ਵਿਸ਼ਵ ਸਾਹਿਤ ਪੱਖੋਂ ਵਿੱਚ ਗੁਰੂ ਗ੍ਰੰਥ ਸਾਹਿਬ ਅਜਿਹੀ ਅਦੁੱਤੀ ਰਚਨਾ ਹੈ, ਜਿਸ ਵਿੱਚ ‘ਸਤਿ ਚਿਤੁ ਆਨੰਦ’ ਦਾ ਮਹਾਨ ਸੰਕਲਪ ਦ੍ਰਿਸ਼ਟੀਗੋਚਰ ਹੁੰਦਾ ਹੈ।
ਗੁਰੂ ਗ੍ਰੰਥ ਸਾਹਿਬ ਅਧਿਆਤਮਕ ਗਿਆਨ ਦਾ ਸਦੀਵੀ ਸੱਚ : ਆਦਿ ਗੁਰੂ ਗ੍ਰੰਥ ਸਾਹਿਬ ਦਾ ਮੰਤਵ ਸਰਬ- ਸ੍ਰੇਸ਼ਟ, ਰੂਹਾਨੀ ਫਲਸਫਾ ਉਤਮ ਕਾਵਿ ਕਲਾ ਰਾਹੀ ਪੇਸ਼ ਕਰਦੇ ਹੋਏ, ਸਦੀਵੀ ਆਨੰਦ ਪੈਦਾ ਕਰਨਾ ਹੈ।
ਗੁਰਬਾਣੀ ਵਿੱਚ ਵਿਸ਼ੇ ਤੇ ਰੂਪ ਦਾ, ਅਕਾਰ ਤੇ ਪ੍ਰਕਾਰ ਦਾ, ਕਿਰਤ ਤੇ ਕਰਮ ਦਾ, ਨੇਮ ਤੇ ਪ੍ਰੇਮ ਦਾ, ਭਗਤੀ ਤੇ ਸ਼ਕਤੀ ਦਾ, ਧਰਮ ਤੇ ਕਰਮ ਦਾ, ਗਿਆਨ ਤੇ ਸ਼ਰਮ ਦਾ, ਗ੍ਰਹਿਸਤ ਤੇ ਉਦਾਸ ਦਾ, ਆਸਾ ਤੇ ਨਿਰਾਸ਼ਾ ਦਾ, ਹੁਕਮ ਤੇ ਭਾਣੇ ਦਾ, ਨਾਮ ਤੇ ਭਗਤੀ ਦਾ, ਆਦਰ ਤੇ ਯਥਾਰਥ ਦਾ, ਮਨੁੱਖ ਤੇ ਪ੍ਰਕ੍ਰਿਤੀ ਦਾ, ਧਰਮ ਤੇ ਰਾਜਨੀਤੀ ਦਾ ਮਹਾਨ ਸੰਜੋਗ ਹੈ, ਜਿਸ ਦੀ ਅਜਿਹੀ ਮਿਸਾਲ ਵਿਸ਼ਵ ਸਾਹਿਤ ਤੇ ਇਤਿਹਾਸ ਵਿੱਚ ਕਿਧਰੇ ਨਹੀਂ ਮਿਲਦੀ। ਸਰਬੱਤ ਦੀ ਚੜ੍ਹਦੀ ਕਲਾ ਦਾ ਪ੍ਰੇਕ ਆਦਿ ਗੁਰੂ ਗ੍ਰੰਥ ਸਾਹਿਬ ਸਰਬ ਸਾਂਝੇ ਅਧਿਆਮਤਿਕ ਗਿਆਨ ਦਾ ਸਦੀਵੀ ਸੱਚ ਹੈ।
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥
ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥
ਬਸੰਤੁ ਮਹਲਾ ਪੰਜਵਾਂ, ਗੁਰੂ ਗ੍ਰੰਥ ਸਾਹਿਬ : ਅੰਗ 1185

Check Also

ਕਿੰਨੇ ਕੁ ਸਾਰਥਿਕ ਹਨ ਨਵੇਂ ਫ਼ੌਜਦਾਰੀ ਕਾਨੂੰਨ?

ਐਡਵੋਕੇਟ ਜੋਗਿੰਦਰ ਸਿੰਘ ਤੂਰ ਭਾਰਤ ਸਰਕਾਰ ਵਲੋਂ ਅਗਸਤ, 2023 ਵਿਚ ਭਾਰਤ ਵਿਚਲੇ 1860 ਤੋਂ ਚਲਦੇ …