Breaking News
Home / ਕੈਨੇਡਾ / ਵੈਟਰਨ ਐਸੋਸੀਏਸ਼ਨ ਓਨਟਾਰੀਓ ਦੀ ਜਨਰਲ ਬਾਡੀ ਮੀਟਿੰਗ ਅਤੇ ਚੋਣ

ਵੈਟਰਨ ਐਸੋਸੀਏਸ਼ਨ ਓਨਟਾਰੀਓ ਦੀ ਜਨਰਲ ਬਾਡੀ ਮੀਟਿੰਗ ਅਤੇ ਚੋਣ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ
ਬੀਤੇ ਸ਼ਨਿਚਰਵਾਰ ਵੈਟਰਨ ਐਸੋਸੀਏਸ਼ਨ ਓਨਟਾਰੀਓ ਦੇ ਅਹੁਦੇਦਾਰਾਂ ਦੀ ਚੋਣ ਸਬੰਧੀ, ਨੈਸ਼ਨਲ ਵੈਂਕੁਇਟ ਹਾਲ ਵਿਖੇ ਜਨਰਲ ਬਾਡੀ ਦੀ ਮੀਟਿੰਗ ਹੋਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਮੈਂਬਰ ਪਰਿਵਾਰਾਂ ਸਮੇਤ ਸ਼ਾਮਲ ਹੋਏ।
ਸ਼ੁਰੂਆਤ ਵਿਚ ਚੇਅਰ ਪਰਸਨ ਬਰਗੇਡੀਅਰ ਨਵਾਬ ਸਿੰਘ ਹੀਰ ਨੇ ਸਭ ਨੂੰ ਜੀ ਆਇਆਂ ਕਿਹਾ, ਨਵੇਂ ਆਏ 17 ਮੈਂਬਰਾਂ ਦੀ ਜਾਣ ਪਹਿਚਾਣ ਕਰਵਾਈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸੰਸਥਾ ਦੇ ਕਿਸੇ ਵੀ ਅਹੁਦੇ ਲਈ ਚੋਣ ਲੜਨਾ ਚਾਹੁੰਦਾ ਹੈ, ਤਾਂ ਆਪਣਾ ਨਾਂ ਹੁਣ ਵੀ ਦੇ ਸਕਦਾ ਹੈ, ਉਸ ਨੂੰ ਚੁਣਨਾ ਜਾਂ ਨਾ ਚੁਣਨਾ, ਮੈਂਬਰਾਂ ‘ਤੇ ਨਿਰਭਰ ਕਰਦਾ ਹੈ।
ਸਾਨੂੰ ਸਭ ਨੂੰ ਸੰਸਥਾ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਹੈ, ਮੈਂਬਰਾਂ ਵਲੋਂ ਜੋ ਸੁਝਾਅ ਆਏ ਹਨ, ਉਨ੍ਹਾਂ ‘ਤੇ ਵੀ ਗੌਰ ਕੀਤਾ ਜਾਵੇਗਾ, ਜੇਕਰ ਲੋੜ ਪਈ ਤਾਂ ਇਸ ਮੰਤਵ ਲਈ ਇੱਕ ਕਮੇਟੀ ਦਾ ਗਠਨ ਵੀ ਕੀਤਾ ਜਾ ਸਕਦਾ ਹੈ ਅਤੇ ਬਾਈ ਲਾਅ ਵਿਚ ਵੀ ਸੋਧ ਕੀਤੀ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਹਰ ਸਾਲ ਵਾਂਗ ਇਸ ਸਾਲ ਵੀ 75 ਸਾਲ ਤੋਂ ਉਪਰ ਉਮਰ ਦੇ ਸੇਵਾ ਮੁਕਤ ਫੌਜੀਆਂ ਨੂੰ ਪੀਅਰਸਨ ਕਨਵੈਨਸ਼ਨ ਹਾਲ ਵਿਖੇ, ਭਾਰਤੀ ਸਫਾਰਤਖਾਨੇ ਵਲੋਂ 15 ਸਤੰਬਰ ਨੂੰ ਵਰਿਸ਼ਟ ਯੋਧਾ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਸੰਸਥਾ ਦੇ ਚੀਫ ਪੈਟਰਨ ਮੇਜਰ ਜਨਰਲ ਨ: ਜ: ਸ: ਸਿੱਧੂ ਨੇ ਬੀਤੇ ਸਾਲਾਂ ਦੀਆਂ ਕਾਰਗੁਜ਼ਾਰੀਆਂ ਦੀ ਸਰਾਹਣਾ ਕਰਦਿਆਂ, ਸੰਸਥਾ ਦੇ ਕੰਮ ਕਾਜ ਨੂੰ ਸੁਧਾਰਨ ਲਈ ਅਪਣੇ ਵਿਚਾਰ ਰੱਖੇ।
ਚੋਣਾਂ ਕਰਵਾਉਣ ਲਈ ਨਿਯੁਕਤ ਕੀਤੇ ਪ੍ਰਜਾਈਡਿੰਗ ਅਫਸਰ ਕਰਨਲ ਗੁਰਨਾਮ ਸਿੰਘ ਨੇ ਪਹਿਲਾਂ ਜ਼ਿੰਮੇਵਾਰੀ ਨਿਭਾਅ ਰਹੇ ਅਹੁਦੇਦਾਰਾਂ ਨੂੰ ਹੀ ਸਰਬ ਸੰਮਤੀ ਨਾਲ ਅਗਲੇ ਦੋ ਸਾਲਾਂ ਲਈ ਚੁਣੇ ਜਾਣ ਦਾ ਐਲਾਨ ਕੀਤਾ।
ਚੋਣਾਂ ਹੋਣ ਦੇ ਵਕਤ ਤੱਕ ਇਹੋ ਉਮੀਦਵਾਰ ਹੀ ਚੋਣ ਮੈਦਾਨ ਵਿਚ ਰਹਿ ਗਏ ਸਨ। ਅਗਲੇ ਦੋ ਸਾਲ ਲਈ, ਕਰਨਲ ਗੁਰਮੇਲ ਸਿੰਘ ਸੋਹੀ ਪ੍ਰਧਾਨ, ਕਰਨਲ ਪਰੇਮ ਕੁਮਾਰ ਕੱਪਲਾ ਮੀਤ ਪ੍ਰਧਾਨ, ਕੈਪਟਨ ਰਣਜੀਤ ਸਿੰਘ ਧਾਲੀਵਾਲ ਜਨਰਲ ਸਕੱਤਰ, ਲੈਫਟੀਨੈਂਟ ਕਰਨਲ ਨੌ ਨਿਹਾਲ ਸਿੰਘ ਮਰਵਾਹਾ ਖਜ਼ਾਨਚੀ ਅਤੇ ਕੈਪਟਨ ਰਜਿੰਦਰ ਸਿੰਘ ਸਰਾਂ ਪੀ ਆਰ ਓ ਚੁਣੇ ਗਏ। ਪ੍ਰਧਾਨ ਕਰਨਲ ਗੁਰਮੇਲ ਸਿੰਘ ਸੋਹੀ ਨੇ ਸੇਵਾ ਮੁਕਤ ਕਰਮਚਾਰੀਆਂ ਅਤੇ ਉਨ੍ਹਾਂ ਦੀਆਂ ਵਿਧਵਾਵਾਂ ਦੀਆਂ ਪੈਨਸ਼ਨਾਂ ਮਿਲਣ ਵਿਚ ਆ ਰਹੀਆਂ ਦਿਕਤਾਂ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਜੇਕਰ ਕਿਸੇ ਨੂੰ ਇਸ ਵਿਚ ਮੁਸ਼ਕਲ ਆ ਰਹੀ ਹੈ ਤਾਂ ਉਸ ਨੂੰ ਸੁਲਝਾਉਣ ਲਈ ਕਮੇਟੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਯਕੀਨ ਦੁਆਇਆ ਕਿ ਸਮੱਸਿਆ ਨੂੰ ਹੱਲ ਕਰਨ ਲਈ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੌਜੂਦਾ ਕਮੇਟੀ ਦੇ ਚਾਰਜ ਲੈਣ ਵੇਲੇ ਸੰਸਥਾ ਦੇ 27 ਮੈਂਬਰ ਸਨ ਜੋ ਕਾਰਜਕਰਨੀ, ਖਾਸ ਕਰ ਜਨਰਲ ਸਕੱਤਰ ਕੈਪਟਨ ਰਣਜੀਤ ਸਿੰਘ ਧਾਲੀਵਾਲ, ਦੀ ਅਣਥੱਕ ਮਿਹਨਤ ਸਦਕਾ ਵਧ ਕੇ 157 ਹੋ ਚੁੱਕੇ ਹਨ ਅਤੇ ਇਹ ਵੀ ਵਰਣਨਯੋਗ ਹੈ ਕਿ ਸੰਸਥਾ ਨੂੰ ਕਿਸੇ ਵੀ ਸਰਕਾਰੀ ਮਹਿਕਮੇ ਵਲੋਂ ਕੋਈ ਵਿਤੀ ਸਹਾਇਤਾ ਨਹੀਂ ਮਿਲਦੀ। ਕੈਪਟਨ ਧਾਲੀਵਾਲ ਨੇ ਆਮਦਨ ਅਤੇ ਖਰਚ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਦੇ ਹਿਸਾਬ ਕਿਤਾਬ ਦੀ ਹਰ ਸਾਲ ਇੱਕ ਆਡਿਟ ਕਮੇਟੀ ਵਲੋਂ ਪੜਚੋਲ ਕੀਤੀ ਜਾਂਦੀ ਹੈ ਜਿਸ ਦਾ ਮੁਖੀ ਕਰਨਲ ਰੈਂਕ ਦਾ ਅਫਸਰ ਅਤੇ ਇੱਕ ਮੈਂਬਰ ਹੁੰਦੇ ਹਨ।
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਅਹੁਦੇਦਾਰਾਂ ਦੀ ਸਹਾਇਤਾ ਲਈ, ਅਗਜ਼ੈਕਟਿਵ ਕਮੇਟੀ ਦੀ ਚੋਣ ਅਗਲੀ ਮੀਟਿੰਗ ਵਿਚ ਕੀਤੀ ਜਾਵੇਗੀ, ਜਿਸ ਵਿਚ ਤਿੰਨੋ ਸੇਵਾਵਾਂ (ਥਲ, ਨੇਵੀ ਅਤੇ ਏਅਰ ਫੋਰਸ) ਦੇ ਮੈਂਬਰ ਲਏ ਜਾਣ ਦੀ ਪਹਿਲ ਰੱਖੀ ਜਾਵੇਗੀ। ਮੀਤ ਪ੍ਰਧਾਨ ਕਰਨਲ ਪ੍ਰੇਮ ਕੁਮਾਰ ਕੱਪਲਾ ਜੋ ਪ੍ਰਵਾਸ, ਰਿਫੀਊਜੀ, ਅਤੇ ਨਾਗਰਿਕਤਾ ਨਾਲ ਸਬੰਧਿਤ ਸੇਵਾਵਾਂ ਪ੍ਰਦਾਨ ਕਰਦੇ ਹਨ, ਨੇ ਮੈਂਬਰਾਂ ਨੂੰ ਪੀ ਆਰ, ਪਾਸਪੋਰਟ ਰਿਨਿਊ ਅਤੇ ਓਲਡ ਏਜ ਸਕਿਊਰਿਟੀ ਨਾਲ ਸਬੰਧਿਤ ਸੇਵਾਵਾਂ ਮੁਫਤ ਦੇਣ ਦੀ ਪੇਸ਼ਕਸ਼ ਕੀਤੀ, ਜਿਸ ਲਈ ਵੈਟਰਨਜ਼ ਵਲੋਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਮੀਟਿੰਗ ਵਿਚ ਹਾਜ਼ਰ 88 ਸਾਲ ਤੋਂ ਵੱਧ ਉਮਰ ਦੇ ਸੁੱਪਰ ਸੀਨੀਅਰ ਮੈਂਬਰਾਂ ਦਾ ਦਸਤਾਰ ਦੇ ਕੇ ਸਨਮਾਨ ਕੀਤਾ ਗਿਆ। ਜਿਨ੍ਹਾਂ ਵਿੱਚ ਮੇਜਰ ਦਰਸ਼ਨ ਸਿੰਘ ਸੰਘੇੜਾ, ਲੈਫਟੀਨੈਂਟ ਕਰਨਲ ਗੁਰਨਾਮ ਸਿੰਘ, ਕੈਪਟਨ ਦਿਦਾਰ ਸਿੰਘ, ਕੈਪਟਨ ਬਿਕਰਮ ਸਿੰਘ ਗਰੇਵਾਲ, ਸੂਬੇਦਾਰ ਗੱਜਨ ਸਿੰਘ ਮਾਵੀ, ਸੂਬੇਦਾਰ ਮਹਿੰਦਰ ਸਿੰਘ ਰੰਧਾਵਾ ਅਤੇ ਹਵਾਲਦਾਰ ਗੁਰਦਾਸ ਸਿੰਘ ਸ਼ਾਮਲ ਸਨ। ਸੰਸਥਾ ਵਲੋਂ ਇਸ ਗੱਲ ‘ਤੇ ਵੀ ਮਾਣ ਮਹਿਸੂਸ ਕੀਤਾ ਗਿਆ ਕਿ ਇਨ੍ਹਾਂ ਵਿੱਚੋਂ ਸੂਬੇਦਾਰ ਮਹਿੰਦਰ ਸਿੰਘ ਰੰਧਾਵਾ ਨੇ ਹੈਮਰ ਥਰੋ ਵਿਚ 1970 ਦੀਆਂ ਨੈਸ਼ਨਲ ਖੈਡਾਂ ਦੌਰਾਨ ਗੋਲਡ ਮੈਡਲ ਜਿੱਤਿਆ ਸੀ। ਇਸ ਸਮੇਂ ਆਈਆਂ ਲੇਡੀਜ਼ ਨੇ ਇੱਕ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ, ਜਿਸ ਵਿਚ ਗੀਤ ਸੰਗੀਤ, ਭਾਰਤ ਦੇ ਵੰਨ ਸੁਵੰਨੇ ਪ੍ਰਚਲਤ ਲੋਕ ਨਾਚਾਂ ਦਾ ਵਧੀਆ ਪ੍ਰਦਰਸ਼ਨ ਕੀਤਾ ਅਤੇ ਤੰਬੋਲੇ ਦਾ ਅਨੰਦ ਵੀ ਮਾਣਿਆ। ਮੀਟਿੰਗ ਦੌਰਾਨ ਖਾਣ ਪੀਣ ਦਾ ਵਧੀਆ ਪ੍ਰਬੰਧ ਸੀ, ਜਿਸ ਦਾ ਹਰ ਇੱਕ ਨੇ ਭਰਪੂਰ ਆਨੰਦ ਮਾਣਿਆ।
ਪ੍ਰੋਗਰਾਮ ਦੇ ਆਖਰ ‘ਤੇ ਚੇਅਰਮੈਨ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ। ਸੰਸਥਾ ਬਾਰੇ ਹੋਰ ਜਾਣਕਾਰੀ ਲਈ ਕਰਨਲ ਗੁਰਮੇਲ ਸਿੰਘ ਸੋਹੀ (647 878 7644) ਜਾਂ ਕੈਪਟਨ ਰਣਜੀਤ ਸਿੰਘ ਧਾਲੀਵਾਲ (647 760 9001) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਟੀਲ ਪਲਾਂਟ ਦੇ ਵਰਕਰਾਂ ਨਾਲ ਕੀਤੀ ਗੱਲਬਾਤ

ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਨੂੰ ਟਰਾਂਜਿਟ ਕਰਮਚਾਰੀਆਂ ਅਤੇ ਸਥਾਨਕ ਮੇਅਰ ਮੈਥਿਊ ਸ਼ੂਮੇਕਰ ਨੂੰ ਮਿਲਣ …