Breaking News
Home / ਦੁਨੀਆ / ਹਵਾ ਪ੍ਰਦੂਸ਼ਣ ਨਾਲ ਹਰ ਸਾਲ ਹੋ ਰਹੀਆਂ ਹਨ 70 ਲੱਖ ਮੌਤਾਂ

ਹਵਾ ਪ੍ਰਦੂਸ਼ਣ ਨਾਲ ਹਰ ਸਾਲ ਹੋ ਰਹੀਆਂ ਹਨ 70 ਲੱਖ ਮੌਤਾਂ

ਸੰਯੁਕਤ ਰਾਸ਼ਟਰ ਨੇ ਕਿਹਾ ਛੇ ਅਰਬ ਅਬਾਦੀ ਦੂਸ਼ਿਤ ਹਵਾ ‘ਚ ਲੈ ਰਹੀ ਸਾਹ
ਜਨੇਵਾ : ਦੁਨੀਆ ਵਿਚ ਤੇਜ਼ੀ ਨਾਲ ਵਧਦਾ ਹਵਾ ਪ੍ਰਦੂਸ਼ਣ ਜਾਨਲੇਵਾ ਹੋ ਗਿਆ ਹੈ। ਦੁਨੀਆ ਦੀ ਵੱਡੀ ਅਬਾਦੀ ਦੂਸ਼ਿਤ ਆਬੋ ਹਵਾ ਵਿਚ ਸਾਹ ਲੈਣ ਨੂੰ ਮਜਬੂਰ ਹੈ। ਇਸ ਨਾਲ ਹਰ ਸਾਲ ਛੇ ਲੱਖ ਬੱਚਿਆਂ ਸਮੇਤ ਕਰੀਬ 70 ਲੱਖ ਲੋਕਾਂ ਦੀ ਬੇਵਕਤੀ ਮੌਤ ਹੋ ਜਾਂਦੀ ਹੈ।
ਵਾਤਾਵਰਣ ਅਤੇ ਮਨੁੱਖੀ ਅਧਿਕਾਰਾਂ ‘ਤੇ ਸੰਯੁਕਤ ਰਾਸ਼ਟਰ (ਯੂ.ਐਨ.) ਦੇ ਮਾਹਿਰ ਡੇਵਿਡ ਬਾਇਡ ਦਾ ਕਹਿਣਾ ਹੈ ਕਿ ਦੁਨੀਆ ਦੀ ਕਰੀਬ ਛੇ ਅਰਬ ਅਬਾਦੀ ਦੂਸ਼ਿਤ ਆਬੋ ਹਵਾ ਵਿਚ ਸਾਹ ਲੈ ਰਹੀ ਹੈ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਅਤੇ ਸਿਹਤ ਖਤਰੇ ਵਿਚ ਪੈ ਗਈ ਹੈ।
ਇਸ ਵਿਚ ਇਕ ਤਿਹਾਈ ਬੱਚੇ ਹਨ। ਬਾਇਡ ਨੇ ਸੋਮਵਾਰ ਨੂੰ ਇੱਥੇ ਮਨੁੱਖੀ ਅਧਿਕਾਰ ਪ੍ਰੀਸ਼ਦ ਵਿਚ ਕਿਹਾ ਕਿ ਕਈ ਸਾਲ ਪ੍ਰਦੂਸ਼ਿਤ ਹਵਾ ਵਿਚ ਸਾਹ ਲੈਣ ਕਾਰਨ ਲੋਕ ਕੈਂਸਰ, ਸਾਹ ਦੀ ਬਿਮਾਰੀ ਅਤੇ ਦਿਲ ਦੇ ਰੋਗ ਤੋਂ ਪੀੜਤ ਹੋ ਰਹੇ ਹਨ। ਇਸ ਦੇ ਬਾਵਜੂਦ ਇਸ ਪਾਸੇ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ।
ਇੰਜ ਹੋ ਸਕਦਾ ਹੈ ਬਚਾਅ : ਬਾਇਡ ਨੇ ਕਿਹਾ ਕਿ ਹਵਾ ਪ੍ਰਦੂਸ਼ਣ ‘ਤੇ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਲਈ ਸਾਫ ਹਵਾ ਨਿਸ਼ਚਿਤ ਕਰਨ ਲਈ ਕਾਨੂੰਨੀ ਦਾਇਤਵਾਂ ਨੂੰ ਨਿਭਾਉਣਾ ਹੋਵੇਗਾ। ਉਨ੍ਹਾਂ ਨੇ ਸੱਤ ਉਪਾਵਾਂ ਦੀ ਵੀ ਪਛਾਣ ਕੀਤੀ ਹੈ, ਜਿਸ ਨਾਲ ਦੁਨੀਆ ਦੇ ਦੇਸ਼ ਸਾਫ ਹਵਾ ਨੂੰ ਨਿਸ਼ਚਿਤ ਕਰ ਸਕਦੇ ਹਨ। ਇਨ੍ਹਾਂ ਵਿਚ ਹਵਾ ਦੀ ਗੁਣਵਤਾ ਦੀ ਨਿਗਰਾਨੀ, ਮਨੁੱਖੀ ਸਿਹਤ ‘ਤੇ ਪ੍ਰਭਾਵ, ਹਵਾ ਪ੍ਰਦੂਸ਼ਣ ਦੇ ਸਰੋਤਾਂ ਦੀ ਜਾਂਚ ਤੇ ਲੋਕਾਂ ਨੂੰ ਸਿਹਤ ਸਬੰਧੀ ਸਲਾਹ ਮਸ਼ਵਰਾ ਦੇਣਾ ਹੈ।
ਹਵਾ ਪ੍ਰਦੂਸ਼ਣ ਦੇ ਇਹ ਕਾਰਨ : ਬਾਇਡ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਹਰ ਥਾਂ ਹੈ। ਇਸ ਦੇ ਮੁੱਖ ਕਾਰਨਾਂ ਵਿਚ ਬਿਜਲੀ ਲਈ ਪਥਰਾਟ ਈਂਧਨ ਸਾੜਨਾ, ਆਵਾਜਾਈ ਅਤੇ ਉਦਯੋਗਿਕ ਸਰਗਰਮੀਆਂ ਤੋਂ ਇਲਾਵਾ ਖਰਾਬ ਕੱਚਰਾ ਅਤੇ ਖੇਤੀ ਸਬੰਧੀ ਕੰਮ ਹਨ।
ਭਾਰਤ ਦੇ ਪ੍ਰੋਗਰਾਮ ਦਾ ਦਿੱਤਾ ਉਦਾਹਰਨ : ਬਾਇਡ ਨੇ ਕਿਹਾ ਕਿ ਚੰਗੀਆਂ ਪ੍ਰੰਪਰਾਵਾਂ ਦੇ ਕਈ ਉਦਾਹਰਨ ਹਨ, ਜਿਵੇਂ ਭਾਰਤ ਅਤੇ ਇੰਡੋਨੇਸ਼ੀਆ ਵਿਚ ਚਲਾਏ ਜਾ ਰਹੇ ਪ੍ਰੋਗਰਾਮ ਹਨ। ਇਨ੍ਹਾਂ ਰਾਹੀਂ ਲੱਖਾਂ ਗਰੀਬ ਪਰਿਵਾਰਾਂ ਨੂੰ ਖਾਣਾ ਪਕਾਉਣ ਦੀ ਸਾਫ ਸੁਥਰੀ ਤਕਨੀਕ ਅਪਣਾਉਣ ਵਿਚ ਮੱਦਦ ਮਿਲੀ ਅਤੇ ਕੋਇਲਾ ਅਧਾਰਤ ਬਿਜਲੀ ਪਲਾਂਟ ਨੂੰ ਸਫਲਤਾ ਪੂਰਵਕ ਹਟਾਇਆ ਜਾ ਰਿਹਾ ਹੈ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …