Breaking News
Home / ਹਫ਼ਤਾਵਾਰੀ ਫੇਰੀ / ‘ਕੈਨੇਡਾ ਚਾਈਲਡ ਬੈਨੀਫ਼ਿਟ’ ਵਿਚ ਵਾਧਾ ਕੀਤਾ ਗਿਆ : ਸੋਨੀਆ ਸਿੱਧੂ

‘ਕੈਨੇਡਾ ਚਾਈਲਡ ਬੈਨੀਫ਼ਿਟ’ ਵਿਚ ਵਾਧਾ ਕੀਤਾ ਗਿਆ : ਸੋਨੀਆ ਸਿੱਧੂ

ਬਰੈਂਪਟਨ : ਕੈਨੇਡਾ ਵਿਚ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰ ਰਹੇ ਮਾਪਿਆਂ ਕੈਨੇਡਾ ਸਰਕਾਰ ਵੱਲੋਂ ‘ਕੈਨੇਡਾ ਚਾਈਲਡ ਬੈਨੀਫਿਟ’ ਪ੍ਰੋਗਰਾਮ ਆਰੰਭ ਕੀਤਾ ਗਿਆ ਸੀ ਜਿਸ ਦਾ ਉਦੇਸ਼ ਮਿਡਲ-ਕਲਾਸ ਵੱਲੋਂ ਆਪਣੇ ਬੱਚਿਆਂ ਦੇ ਸ਼ੁਰੂਆਤੀ ਜੀਵਨ ਵਿਚ ਉਨ੍ਹਾਂ ਨੂੰ ਹਰੇਕ ਕਿਸਮ ਦੀਆਂ ਸੁੱਖ-ਸਹੂਲਤਾਂ ਪ੍ਰਦਾਨ ਕਰਨਾ ਸੀ। 2016 ਵਿਚ ਸ਼ੁਰੂ ਹੋਏ ਇਸ ਪ੍ਰੋਗਰਾਮ ਤਹਿਤ ਸਰਕਾਰ ਵੱਲੋਂ ਮਾਪਿਆਂ ਨੂੰ ਵਿੱਤੀ ਸਹਾਇਤਾ ਦੇ ਕੇ ਉਨ੍ਹਾਂ ਦੇ ਜੀਵਨ ਨੂੰ ਬੇਹਤਰ ਬਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਹੁਣ ਲੱਖਾਂ ਹੀ ਲੋਕ ਇਸ ਪ੍ਰੋਗਰਾਮ ਦਾ ਫ਼ਾਇਦਾ ਉਠਾ ਰਹੇ ਹਨ।
ਬੱਚਿਆਂ ਦੇ ਇਸ ‘ਕੈਨੇਡਾ ਚਾਈਲਡ ਬੈਨੀਫ਼ਿਟ’ ਪ੍ਰੋਗਰਾਮ ਬਾਰੇ ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਦੱਸਿਆ ਕਿ ਆਮ ਲੋਕਾਂ ਦੇ ਜੀਵਨ-ਪੱਧਰ ਨੂੰ ਮੁੱਖ ਰੱਖਦਿਆਂ ਹੋਇਆਂ ਕੈਨੇਡਾ ਸਰਕਾਰ ਵੱਲੋਂ ਇਸ ਦੀ ਵੱਧ ਤੋਂ ਵੱਧ ਸਲਾਨਾ ਸੀਮਾ ਵਿਚ ਇਕ ਵਾਰ ਫਿਰ ਵਾਧਾ ਕੀਤਾ ਗਿਆ ਹੈ। ਇਸ ਨਾਲ ਮਾਪਿਆਂ ਦੀਆਂ ਜੇਬਾਂ ਵਿਚ ਹਰ ਮਹੀਨੇ ਹੋਰ ਰਕਮ ਪਵੇਗੀ ਜਿਸ ਨਾਲ ਉਹ ਗਰੌਸਰੀ, ਕਿਰਾਏ, ਬੱਚਿਆਂ ਲਈ ਸੱਮਰ-ਕੈਂਪ, ਆਦਿ ਦਾ ਖ਼ਰਚਾ ਬਰਦਾਸ਼ਤ ਕਰਨ ਦੇ ਸਮਰੱਥ ਹੋਣਗੇ। ਉਨ੍ਹਾਂ ਕਿਹਾ ਕਿ 2024-25 ਦੇ ਬੱਜਟ ਸਾਲ ਦੌਰਾਨ ਮਾਪੇ ਆਪਣੇ ਛੇ ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਲਈ ਸਲਾਨਾ 7,787 ਡਾਲਰ ਅਤੇ 6 ਤੋਂ 17 ਸਾਲ ਦੇ ਬੱਚਿਆਂ ਲਈ 6,570 ਡਾਲਰ ਪ੍ਰਤੀ ਬੱਚਾ ਪ੍ਰਾਪਤ ਕਰ ਸਕਣਗੇ। ਇਸ ਦਾ ਭਾਵ ਹੈ ਕਿ ਉਹ ਹੁਣ ਪਹਿਲਾਂ ਨਾਲੋਂ 350 ਰੁਪਏ ਵਧੇਰੇ ਲੈ ਸਕਣਗੇ ਜੋ ਕਿ ਪਿਛਲੇ ਸਾਲ ਨਾਲੋਂ 4.7% ਵੱਧ ਹੈ।
‘ਸਟੈਟਿਸਟਿਕਸ ਕੈਨੇਡਾ’ ਜੋ ਦੇਸ਼ ਵਿਚ ਮਹਿੰਗਾਈ ਦਾ ਹਿਸਾਬ-ਕਿਤਾਬ ਰੱਖਦੀ ਹੈ, ਦੇ ਅਨੁਸਾਰ ਕੈਨੇਡਾ ਚਾਈਲਡ ਬੈਨੀਫ਼ਿਟ ਪ੍ਰੋਗਰਾਮ ਨੂੰ ‘ਕੰਜ਼ਿਊਮਰ ਪ੍ਰਾਈਸ-ਇੰਡੈਕਸ’ ਨਾਲ ਜੋੜਿਆ ਗਿਆ ਗਿਆ ਹੈ। ਇਸ ਸੰਸਥਾ ਵੱਲੋਂ ਇਹ ਇੰਡੈਕਸਿੰਗ ਹਰ ਸਾਲ ਕੀਤੀ ਜਾਂਦੀ ਹੈ ਤਾਂ ਜੋ ਵੱਧਦੀ ਮਹਿੰਗਾਈ ਨਾਲ ਸਰਕਾਰ ਦੇ ਇਸ ਪ੍ਰੋਗਰਾਮ ਦਾ ਲਾਭ ਪ੍ਰਾਪਤ ਕਰਨ ਵਾਲਿਆਂ ਨੂੰ ਇਸ ਵਿਚ ਹੋਏ ਵਿੱਤੀ ਵਾਧੇ ਦਾ ਫ਼ਾਇਦਾ ਮਿਲ ਸਕੇ। ਇਹ ‘ਕੈਨੇਡਾ ਚਾਈਲਡ ਬੈਨੀਫ਼ਿਟ’ ਪ੍ਰੋਗਰਾਮ ਪਰਿਵਾਰਾਂ ਦੀ ਸਹਾਇਤਾ ਕਰਨ ਅਤੇ ਉਨ੍ਹਾਂ ਦੇ ਬੱਚਿਆਂ ਦੀ ਪ੍ਰਵਰਿਸ਼ ਦੇ ਖ਼ਰਚਿਆਂ ਵਿਚ ਸਹਿਯੋਗ ਕਰਨ ਲਈ ਹੈ। ਇਸ ਵਿਚ ਕੈਨੇਡਾ ਦਾ ਚਾਈਲਡਕੇਅਰ ਸਿਸਟਮ ਵੀ ਸ਼ਾਮਲ ਹੈ ਜਿਸ ਨਾਲ ਦੇਸ਼-ਭਰ ਵਿਚ ਬੱਚਿਆਂ ਦੇ ਪਾਲਣ-ਪੋਸ਼ਣ ਦੇ ਔਸਤਨ ਖ਼ਰਚੇ ਵਿਚ ਕਮੀ ਹੋਈ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ‘ਕੈਨੇਡੀਅਨ ਡੈਂਟਲ ਕੇਅਰ ਪਲੈਨ’ ਵੀ ਸ਼ੁਰੂ ਕੀਤੀ ਗਈ ਹੈ ਜਿਸ ਨਾਲ 9 ਮਿਲੀਅਨ ਇਨਸ਼ੋਅਰੈਂਸ ਤੋਂ ਬਗ਼ੈਰ ਲੋਕਾਂ ਨੂੰ ਆਪਣੇ ਦੰਦਾਂ ਦੇ ਮੁਫ਼ਤ ਇਲਾਜ ਲਈ ਡੈਂਟਿਸਟਾਂ ਕੋਲ ਜਾਣ ਦੀ ਸਹੂਲਤ ਪ੍ਰਾਪਤ ਹੋਈ ਹੈ।
ਇਹ ਸਹੂਲਤਾਂ ਕੈਨੇਡਾ-ਵਾਸੀਆਂ ਦੇ ਜੀਵਨ-ਪੱਧਰ ਨੂੰ ਬੇਹਤਰ ਬਨਾਉਣ ਲਈ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੀ ਰਿਹਾਇਸ਼ ਲਈ ਨਵੇਂ ਘਰ ਬਣਾਏ ਜਾ ਰਹੇ ਹਨ ਅਤੇ ਉਨ੍ਹਾਂ ਦੀ ਸਿਹਤ ਦਾ ਪੂਰਾ ਖ਼ਿਆਲ ਰੱਖਿਆ ਜਾ ਰਿਹਾ ਹੈ।
ਇਸ ਦੇ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਸੋਨੀਆ ਸਿੱਧੂ ਨੇ ਕਿਹਾ, “ਬਹੁਤ ਸਾਰੇ ਮਾਪਿਆਂ ਨਾਲ ਗੱਲਬਾਤ ਦੌਰਾਨ ਮੈਂ ਉਨ੍ਹਾਂ ਕੋਲੋਂ ਸੁਣਿਆਂ ਹੈ ਕਿ ਕੈਨੇਡਾ ਚਾਈਲਡ ਬੈਨੀਫ਼ਿਟ ਪ੍ਰੋਗਰਾਮ ਉਨ੍ਹਾਂ ਦੀ ਕਿਵੇਂ ਤੇ ਕਿੰਨੀ ਸਹਾਇਤਾ ਕਰ ਰਿਹਾ ਹੈ।
ਮਾਪਿਆਂ ਲਈ ਆਪਣੇ ਬੱਚਿਆਂ ਦੇ ਵਧੀਆ ਪਾਲਣ-ਪੋਸ਼ਣ ਲਈ ਸਰਕਾਰ ਦੇ ਇਸ ਟੈਕਸ-ਫ਼ਰੀ ਪ੍ਰੋਗਰਾਮ ਵਿਚ ਹੋਰ ਵਾਧਾ ਕੀਤਾ ਗਿਆ ਹੈ ਤਾਂ ਜੋ ਮਾਪੇ ਆਪਣੇ ਬੱਚਿਆਂ ਦੇ ਸ਼ੁਰੂਆਤੀ ਜੀਵਨ ਦਾ ਆਰੰਭ ਵਧੀਆ ਢੰਗ ਨਾਲ ਕਰ ਸਕਣ। ਮੈਨੂੰ ਪੂਰਨ ਆਸ ਹੈ ਕਿ ਇਸ ਦਿਸ਼ਾ ਵਿਚ ਅਸੀਂ ਅੱਗੋਂ ਹੋਰ ਵੀ ਬੇਹਤਰ ਨਤੀਜੇ ਦਿਖਾ ਸਕਾਂਗੇ।”

Check Also

ਪੰਜਾਬ ਅਸੈਂਬਲੀ ਦੀਆਂ ਚਾਰ ਸੀਟਾਂ ਲਈ ਜ਼ਿਮਨੀ ਚੋਣ ਹੁਣ 20 ਨੂੰ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਸਣੇ ਵੱਖ-ਵੱਖ ਤਿਉਹਾਰਾਂ ਕਰਕੇ ਲਿਆ ਫੈਸਲਾ …