ਨਗਰ ਨਿਗਮ ਵਲੋਂ ਵੀ ਸਰਕਾਰੀ ਬੋਰਡਾਂ ‘ਤੇ ਲਿਖਿਆ ਜਾ ਰਿਹਾ ਹੈ ‘ਕੰਪਨੀ ਬਾਗ’
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲੋਂ ਸੰਨ 1819 ‘ਚ 84 ਏਕੜ ਭੂਮੀ ‘ਤੇ ਅੰਮ੍ਰਿਤਸਰ ‘ਚ ਗੁਰੂ ਰਾਮ ਦਾਸ ਜੀ ਦੇ ਨਾਂਅ ‘ਤੇ ਲਗਾਏ ਗਏ ‘ਰਾਮ ਬਾਗ਼’ ਨੂੰ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਸਮੇਤ ਸਥਾਨਕ ਨਗਰ ਨਿਗਮ ਪ੍ਰਸ਼ਾਸਨ ਵੀ ਅਣਗਹਿਲੀ ਨਾਲ ਸਰਕਾਰੀ ਹੋਰਡਿੰਗਜ਼ ਉਤੇ ‘ਕੰਪਨੀ ਬਾਗ਼’ ਨਾਂਅ ਨਾਲ ਸੰਬੋਧਿਤ ਕਰ ਰਿਹਾ ਹੈ।
ਉਕਤ ਬਾਗ਼ ਦੇ ਪ੍ਰਵੇਸ਼ ਦਰਵਾਜ਼ੇ ਤੋਂ ‘ਰਾਮ ਬਾਗ਼ ਗਾਰਡਨ’ ਲਿਖਿਆ ਬੋਰਡ ਹਟਾ ਕੇ ਉਸ ਦੀ ਜਗ੍ਹਾ ‘ਤੇ ਲਗਾਏ ‘ਕੰਪਨੀ ਬਾਗ਼’ ਦੇ ਨਾਂਅ ਵਾਲੇ ਨਵੇਂ ਬੋਰਡ ਦਾ ਮਾਮਲਾ ਜਨਤਕ ਹੋਣ ਤੋਂ ਬਾਅਦ ਭਾਵੇਂ ਕਿ ਲੰਘੇ ਦਿਨ ਸੰਬੰਧਿਤ ਵਿਭਾਗ ਦੀ ਟੀਮ ਵਰ੍ਹਦੇ ਮੀਂਹ ‘ਚ ਉਥੇ ਹਰੇ ਰੰਗ ਵਾਲੇ ਚਿੰਨ੍ਹ ਹਿਤ ਕੀਤੇ ਗਏ ‘ਕੰਪਨੀ ਬਾਗ਼’ ਲਿਖੇ ਬੋਰਡ ਨੂੰ ਉਸ ਦੇ ਖੰਭੇ ਸਮੇਤ ਉਖਾੜ ਕੇ ਆਪਣੇ ਨਾਲ ਲੈ ਗਈ, ਜਦਕਿ ਇਸ ਬੋਰਡ ਤੋਂ ਸਿਰਫ਼ 5-6 ਕਦਮਾਂ ਦੀ ਦੂਰੀ ‘ਤੇ ਨੀਲੇ ਰੰਗ ‘ਚ ‘ਕੰਪਨੀ ਬਾਗ਼’ ਲਿਖਿਆ ਇਕ ਹੋਰ ਬੋਰਡ ਅਜੇ ਵੀ ਮੌਜੂਦ ਹੈ।
ਇਸ ਤੋਂ ਇਲਾਵਾ ਭਾਈ ਵੀਰ ਸਿੰਘ ਮਾਰਗ ਵਿਖੇ ਲਾਰੈਂਸ ਰੋਡ ਚੌਕ ‘ਚ ਨਗਰ ਨਿਗਮ ਵਲੋਂ ਲਗਾਏ ਇਸ਼ਤਿਹਾਰੀ ਬੋਰਡ ‘ਤੇ ਵੀ ‘ਕੰਪਨੀ ਬਾਗ਼ ਅੰਮ੍ਰਿਤਸਰ’ ਲਿਖਿਆ ਸਾਫ਼ ਪੜ੍ਹਿਆ ਜਾ ਸਕਦਾ ਹੈ।
ਇਥੇ ਹੀ ਬੱਸ ਨਹੀਂ, ਅਜਿਹੇ ਮਾਮਲਿਆਂ ਦੀ ਨਿਗਰਾਨੀ ਕਰਨ ਵਾਲੇ ਆਰਕੋਲੋਜੀਕਲ ਸਰਵੇ ਆਫ਼ ਇੰਡੀਆ (ਏ.ਐਸ.ਆਈ.) ਵਲੋਂ ਖ਼ੁਦ ਵੀ ਰਾਮ ਬਾਗ਼ ਦੇ ਅੰਦਰ ‘ਮਹਾਰਾਜਾ ਰਣਜੀਤ ਸਿੰਘ ਸਮਰ ਪੈਲੇਸ’ ਦੇ ਬਾਹਰ ਅੰਗਰੇਜ਼ੀ ਭਾਸ਼ਾ ‘ਚ ਲਿਖੇ ਬੋਰਡ ਉਤੇ ‘ਅੰਮ੍ਰਿਤਸਰ ਕੰਪਨੀ ਬਾਗ਼’ ਲਿਖਿਆ ਹੋਇਆ ਸੀ ਪਰ ਇਸ ਬਾਰੇ ਮਾਮਲਾ ਜਨਤਕ ਹੋਣ ਉਪਰੰਤ ਉਕਤ ਵਿਭਾਗ ਦੇ ਅਧਿਕਾਰੀਆਂ ਨੇ ਇਹ ਬੋਰਡ ਉਥੋਂ ਉਤਾਰ ਲਿਆ।
ਏ. ਐਸ. ਆਈ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਾਲ ਰੋਡ ‘ਤੇ ਹਰੇ ਅਤੇ ਨੀਲੇ ਰੰਗ ‘ਚ ਜੋ ‘ਕੰਪਨੀ ਬਾਗ਼’ ਲਿਖੇ ਬੋਰਡ ਬੀ.ਆਰ.ਟੀ.ਐਸ. (ਬੱਸ ਰੈਪਿਡ ਟਰਾਂਸਪੋਰਟ ਸਿਸਟਮ) ਵਿਭਾਗ ਵਲੋਂ ਲਗਾਏ ਗਏ ਹਨ। ਉਨ੍ਹਾਂ ਇਹ ਵੀ ਮੰਨਿਆ ਕਿ ਇਸ ਬਾਰੇ ਖ਼ਬਰ ਪ੍ਰਕਾਸ਼ਿਤ ਹੋਣ ‘ਤੇ ਉਸ ਦੀ ਨਿਸ਼ਾਨਦੇਹੀ ‘ਤੇ ਹਰੇ ਰੰਗ ਵਾਲਾ ਬੋਰਡ ਤਾਂ ਤੁਰੰਤ ਹਟਾ ਦਿੱਤਾ ਗਿਆ, ਜਦਕਿ ਦੂਜੇ ਬੋਰਡ ਦੀ ਮੌਜੂਦਗੀ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਇਸ ਮਾਮਲੇ ਨੂੰ ਲੈ ਕੇ ਇਤਿਹਾਸ ਅਤੇ ਵਿਰਾਸਤ ਪ੍ਰੇਮੀਆਂ ਨੇ ਸਪਸ਼ਟ ਤੌਰ ‘ਤੇ ਕਿਹਾ ਹੈ ਕਿ ਇਤਿਹਾਸਿਕ ਸਮਾਰਕਾਂ ਦੇ ਨਾਂਅ ਕਿਸੇ ਮਨਸ਼ਾ ਤਹਿਤ ਜਾਂ ਅਣਗਹਿਲੀ ਨਾਲ ਵਿਗਾੜ ਕੇ ਲਿਖਣਾ ਜਾਂ ਸੰਬੋਧਿਤ ਕਰਨਾ ਆਪਣੇ ਆਪ ‘ਚ ਇਕ ਅਪਰਾਧ ਹੈ ਅਤੇ ਭਵਿੱਖ ‘ਚ ਕਿਸੇ ਵੀ ਇਤਿਹਾਸਕ ਜਾਂ ਵਿਰਾਸਤੀ ਸਮਾਰਕ ਦੇ ਬਾਹਰ ਜਾਂ ਅੰਦਰ ਇਤਿਹਾਸ ਨੂੰ ਢਾਹ ਲਾਉਣ ਵਾਲੇ ਬੋਰਡ ਲਗਾਉਣ ਵਾਲੇ ਵਿਭਾਗ ਜਾਂ ਜਥੇਬੰਦੀ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।