ਚਲੋ ਪਿਆਰ ਦਾ ਤੇਲ ਪਾਈਏ, ਵਿਚ ਏਕਤਾ ਦੀ ਜੋਤ ਟਿਕਾਈਏ,
ਤੇ ਜੱਗ ਨੂੰ ਰੁਸ਼ਨਾਉਣ ਲਈ ਇਨਸਾਨੀਅਤ ਦੇ ਦੀਵੇ ਜਗਾਈਏ।
ਆਪਾਂ ਇੰਝ ਦੀਵਾਲੀ ਮਨਾਈਏ…
ਕਦੇ ਮੁਰਝਾਏ ਚਿਹਰੇ ‘ਤੇ ਹਾਸਾ ਲਿਆ ਦੇਣਾ, ਕਦੇ ਕਮਜ਼ੋਰ ਦਾ ਸਹਾਰਾ ਬਣ ਜਾਣਾ, ਕਦੇ ਕਿਸੇ ਦੀ ਗਰੀਬੀ ਢਕ ਦੇਣਾ, ਕਦੇ ਮਾਂ-ਬਾਪ ਖੋ ਚੁੱਕੇ ਜਵਾਕਾਂ ਦੇ ਸਿਰ ‘ਤੇ ਹੱਥ ਧਰ ਦੇਣਾ, ਉਨ੍ਹਾਂ ਦੀ ਮੁਸਕਰਾਹਟ ਵਿਚੋਂ, ਉਨ੍ਹਾਂ ਦੀ ਖੁਸ਼ੀ ਵਿਚੋਂ, ਉਨ੍ਹਾਂ ਦੀਆਂ ਦੁਆਵਾਂ ਵਿਚੋਂ ਫਿਰ ਤੈਨੂੰ ਰੱਬ ਨਜ਼ਰ ਆਵੇਗਾ ਤੇ ਉਸ ਦਿਨ ਤੇਰੀ ਦੀਵਾਲੀ ਹੋਵੇਗੀ। ਸਿਫ਼ਤੀ ਦਾ ਘਰ ਸ੍ਰੀ ਦਰਬਾਰ ਸਾਹਿਬ-ਉਸ ਦਰ ‘ਤੇ, ਉਸ ਦੇ ਕਿਸੇ ਵੀ ਦਰ ‘ਤੇ ਕਦੇ ‘ਮੈਂ’ ਘਰੇ ਛੱਡ ਕੇ, ਬਾਹਰ ਛੱਡ ਕੇ ਜਾ ਕੇ ਤਾਂ ਵੇਖ, ਆਪਣੀ ਹਊਮੈ ਨੂੰ, ਆਪਣੀ ਹੋਂਦ ਨੂੰ, ਆਪਣੇ ਗੋਤ ਨੂੰ, ਆਪਣੀ ਜਾਤ ਨੂੰ ਲਾਂਭੇ ਕਰਕੇ ਕਦੇ ਉਸ ਦੇ ਦਰ ਸ਼ੀਸ਼ ਝੁਕਾਅ ਕੇ ਤਾਂ ਵੇਖ। ਕਦੇ ਬੰਦਾ ਬਣ ਕੇ ਉਸ ਦੇ ਅੱਗੇ ਸ਼ੀਸ਼ ਝੁਕਾਅ ਤਾਂ ਸਹੀ। ਫਿਰ ਜਦੋਂ ਤੈਨੂੰ ਇਨਸਾਨੀਅਤ ਦਾ ਰੁਤਬਾ ਮਿਲੇਗਾ, ਫਿਰ ਜਦੋਂ ਤੇਰੇ ਮਨ ਵਿਚ ਅਪਣੱਤ ਦਾ ਦੀਵਾ ਜਗੇਗਾ, ਫਿਰ ਜਦੋਂ ਤੇਰੇ ਮਨ ਵਿਚ ਪਿਆਰ ਤੇ ਏਕਤਾ ਦੀ ਲਾਟ ਬਲੇਗੀ ਤਦ ਤੇਰੀ ਦੀਵਾਲੀ ਹੋਵੇਗੀ। ਬਹੁਤ ਨੋਟ ਉਡਾ ਲਏ, ਬਹੁਤ ਡਾਲਰਾਂ ਨੂੰ ਅੱਗ ਲਾ ਲਈ, ਬਹੁਤ ਦੁਨਿਆਵੀ ਐਸ਼-ਪ੍ਰਸ਼ਤੀ ਹੰਢਾ ਲਈ, ਕਿਉਂ ਨਾ ਇਸ ਵਾਰ ਪਿਆਰ ਵੰਡ ਵੇਖ ਲਈਏ, ਕਿਉਂ ਨਾ ਇਸ ਵਾਰ ਸਾਂਝ ਵੰਡ ਵੇਖ ਲਈਏ, ਕਿਉਂ ਨਾ ਇਸ ਵਾਰ ਰੁੱਸਿਆ ਨੂੰ ਮਨਾ ਵੇਖ ਲਈਏ, ਕਿਉਂ ਨਾ ਇਸ ਵਾਰ ਆਪਣਿਆਂ ਦਾ ਹੱਥ ਤੇ ਬੇਗਾਨਿਆਂ ਨੂੰ ਗਲ਼ ਲਾ ਲਈਏ।ਕਿਉਂ ਨਾ ਇਸ ਵਾਰ ਦੀਵਾਲੀ ਇੰਝ ਮਨਾ ਲਈਏ।
-ਦੀਪਕ ਸ਼ਰਮਾ ਚਨਾਰਥਲ
ਜੇ ਦਿਲਾਂ ਵਿਚ ਦੀਵੇ ਬਾਲੇ ਦੀਵਾਲੀ
ਪਰਮਜੀਤ ਕੌਰ ਸਰਹਿੰਦ
ਦੀਵਾਲੀ ਹਰ ਸਾਲ ਅਕਤੂਬਰ ਦੇ ਅਖੀਰ, ਸ਼ੁਰੂ ਨਵੰਬਰ ਜਾਂ ਅੱਧੇ ਕੁ ਨਵੰਬਰ ਨੂੰ ਹਰ ਸਾਲ ਆਉਂਦੀ ਤੇ ਲੰਘ ਜਾਂਦੀ ਹੈ । ਮੱਸਿਆ ਦੀ ਰਾਤ ਨੂੰ ਦੀਵੇ, ਮੋਮਬੱਤੀਆਂ ਤੇ ਬਿਜਲੀ ਦੇ ਰੰਗ-ਬਰੰਗੇ ਬੱਲਬ ਟਿਊਬਾਂ ਹਰ ਘਰ, ਹਰ ਬਾਜ਼ਾਰ ਤੇ ਹਰ ਧਰਮ ਸਥਾਨ ‘ਤੇ ਜਗਦੇ ਨੇ। ਪਰ ਕੀ ਇਹ ਮਨੁੱਖੀ ਮਨ ਦੇ ਹਨ੍ਹੇਰੇ ਕੋਨਿਆਂ ਨੂੰ ਵੀ ਰੁਸ਼ਨਾਉਂਦੇ ਨੇ? ਕੀ ਇਹ ਕਿਸੇ ਗਰੀਬ ਮਿਹਨਤਕਸ਼ ਦੀ ਕੁੱਲੀ ਲਈ ਵੀ ਚਾਨਣ ਦੀ ਰਿਸ਼ਮ ਪ੍ਰਦਾਨ ਕਰਦੇ ਨੇ? ਸਰਕਾਰੀ ਸਟਰੀਟ ਲਾਇਟਾਂ ਦਿਨ ਰਾਤ ਜਗਦੀਆਂ ਨੇ ਪਰ ਕਿਸੇ ਗਰੀਬ ਦੀ ਕੁੱਲੀ ਵਿੱਚ ਜਾਂ ਝੁੱਗੀਆਂ ਝੌਂਪੜੀਆਂ ਵਿੱਚ ਤਾਂ ਦੀਵਾਲੀ ਨੂੰ ਵੀ ਕੋਈ ਨਿੱਕਾ ਜਿਹਾ ਬੱਲਬ ਨਹੀਂ ਟਿਮਟਿਮਾਉਂਦਾ। ਇਹ ਅਸਾਵਾਂਪਣ ਦੇਖ ਕੇ, ਸਮਝ ਕੇ ਵੀ ਅਸੀਂ ਕੁਝ ਦੇਰ ਉਦਾਸ ਤੇ ਮਾਯੂਸ ਤਾਂ ਹੋ ਜਾਂਦੇ ਹਾਂ ਪਰ ਕਰਨ ਲਈ ਜਿਵੇਂ ਸਾਨੂੰ ਕੁਝ ਨਹੀਂ ਸੁੱਝਦਾ ਜਾਂ ਅਸੀਂ ਕਰਨਾ ਹੀ ਨਹੀਂ ਚਾਹੁੰਦੇ ਤੇ ਦੀਵਾਲੀ ਆਉਂਦੀ ਤੇ ਲੰਘ ਜਾਂਦੀ ਹੈ। ਰੋਸ਼ਨੀਆਂ ਦੇ ਇਸ ਤਿਉਹਾਰ ਦੇ ਮੂਲ ਮਨੋਰਥ ਤੋਂ ਤਾਂ ਅਸੀਂ ਜਿਵੇਂ ਕੋਹਾਂ ਦੂਰ ਹੀ ਰਹਿੰਦੇ ਹਾਂ।
ਇਤਿਹਾਸ ਮਿਥਿਹਾਸ ਕਹਿੰਦੇ ਹੈ ਸ੍ਰੀ ਰਾਮ ਚੰਦਰ, ਸੀਤਾ ਤੇ ਲਛਮਣ ਜੀ ਨਾਲ ਚੌਦਾਂ ਸਾਲਾਂ ਦਾ ਬਣਵਾਸ ਕੱਟ ਕੇ ਜਦੋਂ ਅਯੁੱਧਿਆ ‘ਚ ਵਾਪਸ ਪਰਤੇ ਤਾਂ ਉਨ੍ਹਾਂ ਦੇ ਆਉਣ ਦੀ ਖ਼ੁਸ਼ੀ ਵਿੱਚ ਜਨਤਾ ਵਲੋਂ ਦੀਪਮਾਲਾ ਕੀਤੀ ਗਈ ਤੇ ਇਹ ਤਿਉਹਾਰ ਹੋਂਦ ‘ਚ ਆਇਆ। ਸਿੱਖਾਂ ਦੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਦੇ ਗਵਾਲੀਅਰ ਕਿਲ੍ਹੇ ਵਿੱਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਆਉਣ ਦੀ ਖ਼ੁਸ਼ੀ ਵਿੱਚ ਦੀਪਮਾਲਾ ਕੀਤੀ ਗਈ ਸੀ। ਜੋ ਅੱਜ ਵੀ ਵਿਲੱਖਣ ਰੌਸ਼ਨੀਆਂ ਤੇ ਆਤਿਸ਼ਬਾਜ਼ੀ ਚਲਾ ਕੇ ਪਰੰਪਰਾ ਅਨੁਸਾਰ ਨਿਭਾਈ ਜਾਂਦੀ ਹੈ ਕਿਹਾ ਜਾਂਦੈ ਕਿ ‘ਰੋਟੀ ਆਪਣੇ ਘਰ ਦੀ ਦਿਵਾਲੀ ਅੰਮ੍ਰਿਤਸਰ ਦੀ।’
ਬਚਪਨ ਵਿੱਚ ਜਦੋਂ ਦਿਵਾਲੀ ਦਾ ਬੜਾ ਚਾਅ ਹੁੰਦਾ ਸੀ ਤੇ ਦੀਵਾਲੀ ਦਾ ਮੰਤਵ ਸਿਰਫ਼ ਇਹੋ ਲੱਗਦਾ ਸੀ ਕਿ ਘਰਾਂ ਦੀ ਸਫ਼ਾਈ ਕੀਤੀ ਜਾਵੇ ਤੇ ਬੇਲੋੜਾ ਪੁਰਾਣਾ ਸਮਾਨ ਬਾਹਰ ਸੁੱਟ ਦਿੱਤਾ ਜਾਵੇ। ਟੁੱਟੇ ਫੁੱਟੇ ਬਰਤਨ ਜੋ ਪਿੱਤਲ, ਕੈਂਹ ਜਾਂ ਭਾਰਤ ਦੇ ਹੁੰਦੇ , ਜਿਹਨਾਂ ਨੂੰ ‘ਫੁੱਟ’ ਕਿਹਾ ਜਾਂਦਾ, ਭਾਂਡਿਆਂ ਵਾਲੇ ਨੂੰ ਘੱਟ ਮੁੱਲ ‘ਤੇ ਦੇ ਕੇ ਨਵੇਂ ਬਰਤਨ ਖਰੀਦੇ ਜਾਂਦੇ ਜਾਂ ਉਂਜ ਵੀ ਇਕ ਨਵਾਂ ਬਰਤਨ ਛੋਟਾ ਜਾਂ ਵੱਡਾ ਜ਼ਰੂਰ ਖਰੀਦਿਆ ਜਾਣਾ ਜ਼ਰੂਰੀ ਸਮਝਿਆ ਜਾਂਦਾ। ਅੱਜ ਵਾਂਗ ਤਰ੍ਹਾਂ ਤਰ੍ਹਾਂ ਦੀ ਕਰਾਕਰੀ ਉਦੋਂ ਨਹੀਂ ਸੀ ਹੁੰਦੀ। ਪਿੱਤਲ ਦੇ ਸਾਰੇ ਬਰਤਨ ਦੀਵਾਲੀ ਤੋਂ ਪਹਿਲਾਂ ਕਲੀ ਕਰਾਏ ਜਾਂਦੇ। ਨਾਲ਼ ਦੇ ਸ਼ਹਿਰੋਂ ਹਰ ਸਾਲ ਇਹਨਾਂ ਦਿਨਾਂ ਵਿੱਚ ਕਲੀ ਕਰਨ ਵਾਲਾ ਆਉਂਦਾ। ਕਲੀ ਕਰਵਾਏ ਬਰਤਨ ਨਵੇਂ ਨਕੋਰ ਹੋ ਜਾਂਦੇ, ਅੱਗ ‘ਤੇ ਤਪ ਕੇ ਕੀਟਾਣੂ ਰਹਿਤ ਵੀ ਹੋ ਜਾਂਦੇ। ਦੀਵਾਲੀ ‘ਤੇ ਪਰਿਵਾਰ ਦੇ ਸਾਰੇ ਮੈਂਬਰ ਨਵੇਂ ਕੱਪੜੇ ਖ਼ਰੀਦੇ , ਸਿਲਾਉਂਦੇ ਜਾਂ ਕਿਸੇ ਵਿਆਹ ਸ਼ਾਦੀ ਵੇਲੇ ਹੀ ਨਵੇਂ ਕੱਪੜੇ ਬਣਵਾਏ ਜਾਂਦੇ। ਅੱਜ ਵਾਂਗ ਢੇਰਾਂ ਦੇ ਢੇਰ ਸੂਟ, ਸਾੜੀਆਂ, ਕੋਟ ਪੈਂਟ ਜਾਂ ਪੈਂਟ ਕਮੀਜ਼ਾਂ ਲੋਕਾਂ ਕੋਲ ਨਹੀਂ ਸਨ ਹੁੰਦੇ, ਪਰ ਲੋਕ ਖ਼ੁਸ਼ ਸਨ ਸੰਤੁਸ਼ਟ ਸਨ ‘ਜ਼ਿਆਦਾ ਕੀ ਚਾਹਤ ਨਹੀਂ ਹਮਕੋ, ਵਲੀ ਸਬਰ ਸਬੂਰੀ ਸੇ ਤੇ ‘ਥੋੜੇ ਮੇਂ ਗੁਜ਼ਾਰਾ ਹੋਤਾ ਹੈ’ ਵਾਲਾ ਰਿਵਾਜ਼ ਸੀ। ਹੁਣ ਤਾਂ ਜਿਹੜਾ ਕੱਪੜਾ, ਗਹਿਣਾ ਕਿਸੇ ਇਕ ਸਮਾਗਮ ਜਾਂ ਦਿਨ ਤਿਉਹਾਰ ‘ਤੇ ਕਿਸੇ ਪਾ ਲਿਆ ਉਹ ਦੁਬਾਰਾ ਪਹਿਨਣ ਦਾ ਰਿਵਾਜ ਹੀ ਨਹੀਂ ਰਿਹਾ। ਖ਼ਾਸ ਕਰ ਔਰਤਾਂ ਲਈ ਤਾਂ ਨਵਾਂ ਸੂਟ ਸਾੜੀ ਪਾਉਣੀ ਇਸ ਤਰ੍ਹਾਂ ਜ਼ਰੂਰੀ ਹੋ ਗਈ ਜਿਵੇਂ ਮੇਜ਼ਬਾਨ ਨੇ ਉਹਨਾਂ ਦੇ ਆਉਣ ਲਈ ਇਹ ਸ਼ਰਤ ਰੱਖੀ ਹੋਵੇ। ਉਦੋਂ ਤਾਂ ਨਵੇਂ ਕੱਪੜੇ, ਨਵੇਂ ਬਰਤਨ (ਭਾਵੇਂ ਉਹ ਕਲੀ ਕਰਵਾ ਕੇ ਨਵੇਂ ਹੋ ਜਾਂਦੇ ਸਨ) ਤੇ ਸਾਫ਼ ਸਫ਼ਾਈ ਕਰਕੇ ਨਵਾਂ ਨਵਾਂ ਹੋਇਆ ਘਰ ਮਨ ਵਿੱਚ ਚਾਅ ਭਰ ਦਿੰਦਾ ਸੀ ਤੇ ਦੀਵਾਲੀ ਦਾ ਮਤਲਬ ਜਾਂ ਮੰਤਵ ਜਿਵੇਂ ਚਾਅ ਹੀ ਹੋ ਨਿੱਬੜਦਾ ਸੀ।
ਅੱਜ ਦੀ ਦੀਵਾਲੀ ‘ਤੇ ਲੋਕ ਸਫ਼ਾਈਆਂ ਕਰਵਾਉਂਦੇ ਨੇ, ਮਹਿੰਗੇ ਰੰਗ ਰੋਗਨ ਪੇਂਟ ਕਾਰੀਗਰਾਂ ਪੇਂਟਰਾਂ ਨੂੰ ਲਗਾ ਕੇ ਕਰਵਾਉਂਦੇ ਨੇ ਪਰ ਇਹ ਹਰ ਸਾਲ ਤਾਂ ਕੋਈ ਹੀ ਕਰਵਾਉਂਦਾ ਹੈ ਕਿਉਂਕਿ ਇਹ ਰੰਗ ਰੋਗਨ ਤੇ ਪੇਂਟ ਬਹੁਤ ਹੀ ਮਹਿੰਗੇ ਨੇ, ਦੂਜਾ ਇਹ ਜਲਦੀ ਖਰਾਬ ਵੀ ਨਹੀਂ ਹੁੰਦੇ ਪਰ ਇਹ ਕਿਸੇ ਤਰ੍ਹਾਂ ਵੀ ਉਦੋਂ ਦੀ ਹੁੰਦੀ ਸਲਾਨਾ ਸਫ਼ਾਈ ਨੂੰ ਮਾਤ ਨਹੀਂ ਪਾ ਸਕਦੇ। ਉਦੋਂ ਘਰਾਂ ਦੀ ਸਫ਼ਾਈ ਇੰਨੀ ਮਹਿੰਗੀ ਨਹੀਂ ਸੀ ਹੁੰਦੀ ਤੇ ਲੋਕ ਪੇਂਟਰਾਂ, ਕਾਰੀਗਰਾਂ, ਦਿਹਾੜੀਦਾਰਾਂ ਨੂੰ ਲਾਉਂਦੇ ਸਨ। ਘਰ ਦੇ ਸਾਰੇ ਜੀਅ ਰਲ ਕੇ ਸਫਾਈ ਕਰਦੇ ਸਨ। ਬਹੁਤਾ ਕੀਤਾ ਖੇਤ ਵਾਲੇ ਸਾਂਝੀ ਸੀਰੀ ਨੂੰ ਨਾਲ ਲਾ ਲੈਂਦੇ ਸਨ। ਸਫੈਦੀ ਭਾਵੇਂ ਚੂਨੇ ਵਿੱਚ ਨੀਲ ਪਾ ਕੇ ਦੋ ਦਿੰਨ ਦਿਨ ਭਿਓ ਕੇ ਰੱਖ ਛੱਡਣਾ, ਪਾਣੀ ਨੂੰ ਡੰਡੇ ਨਾਲ਼ ਹਿਲਾਉਂਦੇ ਰਹਿਣਾ। ਪੀਲੀ ਮਿੱਟੀ ਵੀ ਏਦਾਂ ਹੀ ਪਾਣੀ ਵਿੱਚ ਪਾ ਰੱਖਣੀ। ਨਾਲ਼ ਦੇ ਕਸਬੇ ਤੋਂ ਹੀ ਮੁੰਜ ਦੀਆਂ ਕੂਚੀਆਂ ਲੈ ਆਉਣੀਆਂ ਤੇ ਬੜੇ ਚਾਅ ਤੇ ਹਿੰਮਤ ਨਾਲ਼ ਆਪਣਾ ਆਪਣਾ ਘਰ ਚਮਕਾ ਲੈਣਾ। ਜੇ ਕਿਸੇ ਦਾ ਕੰਮ ਦੀਵਾਲੀ ਤੱਕ ਨੇਪਰੇ ਨਾ ਚੜ੍ਹਦਾ ਦਿਸਣ ਤਾਂ ਕੰਮ ਮੁਕਾ ਚੁੱਕਣ ਵਾਲਿਆਂ ਉਹਨਾਂ ਨਾਲ਼ ਜਾ ਲੱਗਣਾ। ਇਹ ਸਾਂਝ ਜਿੱਥੇ ਆਪਸੀ ਮੋਹ ਪਿਆਰ ਵਧਾਉਂਦੀ, ਉੱਥੇ ਬੇਲੋੜੇ ਖ਼ਰਚੇ ਤੋਂ ਬੱਚਤਾਂ ਕਰਵਾਉਂਦੀ। ਬੇਲੋੜੇ ਦਿਖਾਵੇ ਨਹੀਂ ਸੀ, ਈਰਖਾ ਨਹੀਂ ਸੀੇ। ਇਹ ਵੀ ਧਾਰਨਾ ਹੁੰਦੀ ਸੀ ਕਿ ਸਾਫ਼ ਸੁਥਰੇ ਸੋਹਣੇ ਘਰ ਵਿੱਚ ਲੱਛਮੀ ਆਵੇਗੀ। ਸਾਰੇ ਲੋਕ ਲੱਛਮੀ ਦੀ ਪੂਜਾ ਕਰਦੇ ਸਨ, ਪਰ ਸਾਡੇ ਘਰ ਇਹ ਵੀ ਨਹੀਂ ਸੀ ਕੀਤੀ ਜਾਂਦੀ।
ਕੱਚੇ ਘਰਾਂ ਵਾਲੇ ਪਾਂਡੂ ਨਾਲ਼ ਘਰ ਨੂੰ ਲਿੱਪ ਪੋਚ ਲੈਂਦੇ, ਗੋਹੇ ਤੇ ਮਿੱਟੀ ਨੂੰ ਰਲਾ ਕੇ ਵਿਹੜੇ ਤੇ ਅੰਦਰ ਲਿੱਪ ਲੈਂਦੇ। ਕਲਾਤਮਕ ਰੁਚੀਆਂ ਵਾਲੀਆਂ ਪੇਂਡੂ ਸੁਆਣੀਆਂ ਪਾਂਡੂ ‘ਚ ਫਿਰੋਜ਼ੀ ਜਾਂ ਕਿਰਮਚੀ ਰੰਗ ਪਾ ਕੇ ਤੋਈਆਂ ਕੱਢ ਲੈਂਦੀਆਂ। ਪਿੱਤਲ ਦੇ ਭਾਂਡੇ ਰੇਤ ਜਾਂ ਸੁਆਹ ਨਾਲ਼ ਮਾਂਜ-ਮਾਂਜ ਕੇ ਸੋਨੇ ਵਾਂਗ ਲਿਸ਼ਕਾ ਲੈਂਦੀਆਂ। ਜਿਹੋ ਜਿਹੇ ਸਾਫ਼ ਜਿਹੇ ਦਿਲਾਂ ਵਾਲੇ ਲੋਕ ਸਨ ਉਹੋ ਜਿਹੇ ਘਰ ਹੁੰਦੇ। ਦੀਵਾਲੀ ਤੋਂ ਪਹਿਲਾਂ ਦਿਨ ਨਾਲ਼ ਦੋ ਪਿੰਡੋਂ ਸੈਂਪਲੇ ਤੋਂ ਉਮਰਾ ਘੁਮਾਰ ਦੀਵੇ ਠੂਠੀਆਂ ਤੇ ਕੁੱਜੀਆਂ ਲੈ ਕੇ ਆਉਂਦਾ, ਨਾ ਕੋਈ ਪੈਸੇ ਦਾ ਦੇਣ ਲੈਣ ਨਾ ਸੌਦੇਬਾਜ਼ੀ। ਘਰਦੀਆਂ ਸੁਆਣੀਆਂ ਨੇ ਲੋੜ ਮੁਤਾਬਕ ਦੀਵੇ ਠੂਠੀਆਂ ਲੈ ਲੈਣੇ ਤੇ ਉਹਨੂੰ ਕਣਕ, ਮੱਕੀ, ਗੁੜ ਦੇ ਦੇਣਾ। ਜਿੱਥੇ ਉਸ ਦਾ ਹੱਥਲਾ ਥੈਲਾ ਬੋਰੀ ਭਰ ਜਾਣਾ ਉੱਥੇ ਹੀ ਰੱਖ ਅਗਲੇ ਘਰ ਵਿੱਚ ਸ਼ੁਰੂ ਹੋ ਜਾਣਾ। ਸ਼ਾਮੀਂ ਆ ਕੇ ਉਸ ਨੇ ਦਾਣਾ ਫੱਕਾ ਆਪਣੇ ਖੋਤੇ ‘ਤੇ ਜਾਂ ਰੇਹੜੇ ‘ਤੇ ਲੱਦ ਕੇ ਲੈ ਜਾਣਾ। ਮੇਰੇ ਚੇਤਿਆਂ ਵਿੱਚੋਂ ਉਹ ਮਿਹਨਤੀ ਸਾਦੇ ਜਿਹੇ ਲੋਕ ਕਦੇ ਨਹੀਂ ਵਿਸਰਦੇ। ਮੈਨੂੰ ਮਹਿੰਗੀਆਂ ਮੋਮਬੱਤੀਆਂ ਸੋਹਣੇ ਡਿਜ਼ਾਇਨਾਂ ਵਾਲੇ ਦੀਵੇ, ਰੰਗ ਬਿਰੰਗੇ ਟਿਊਬਾਂ, ਬਲਬ ਉਹਨਾਂ ਦੀਵਿਆਂ ਨਾਲੋਂ ਅੱਜ ਵੀ ਘੱਟ ਰੌਸ਼ਨ ਲੱਗਦੇ ਨੇ ਕਿਉਂਕਿ ਇਹਨਾਂ ਦੀ ਰੌਸ਼ਨੀ ਸਾਡੀ ਆਤਮਾ ਨੂੰ, ਮਨ ਨੂੰ ਨਹੀਂ ਰੁਸ਼ਨਾਉਂਦੀ।
ਦੀਵਾਲੀ ਵਾਲੇ ਦਿਨਾਂ ਵਿੱਚ ਖੂਹਾਂ ‘ਤੇ ਬੜੀਆਂ ਰੌਣਕਾਂ ਹੋਣੀਆਂ, ਕਿਉਂਕਿ ਉਹਨਾਂ ਦਿਨਾਂ ਵਿੱਚ ਅੱਜ ਵਾਂਗ ਘਰ ਪਾਣੀ ਦੀਆਂ ਟੂਟੀਆਂ ਟੈਂਕੀਆਂ ਨਹੀਂ ਸਨ ਹੁੰਦੀਆਂ। ਕਿਸੇ ਕਿਸੇ ਘਰ ਨਲਕਾ ਹੁੰਦਾ ਸੀ। ਪਿੰਡ ਦਾ ਝਿਊਰ ਤੇ ਝਿਊਰੀ ਘਰ ਘਰ ਖੂਹ ਤੋਂ ਲਿਆ ਕੇ ਪਾਣੀ ਭਰਦੇ ਸਨ। ਸੋ ਉਹਨਾਂ ਦੀ ਖੇਚਲ ਬਚਾਉਣ ਲਈ ਤੇ ਰਲ ਮਿਲ ਆਪਣਾ ਮਨ ਪ੍ਰਚਾਉਣ ਲਈ ਵੀ ਕੁੜੀਆਂ ਕੱਤਰੀਆਂ ਵੱਡੇ ਭਾਰੇ ਕੱਪੜੇ ਖੂਹ ‘ਤੇ ਧੋ ਲਿਆਉਂਦੀਆਂ। ਦੀਵਾਲੀ ਤੋਂ ਪਹਿਲੇ ਦਿਨ ਸਾਰੇ ਦੀਵੇ ਠੂਠੀਆਂ ਵੱਡੀ ਸਾਰੀ ਬਾਲਟੀ ਜਾਂ ਟੱਬ ਵਿੱਚ ਪਾਣੀ ਪਾ ਕੇ ਰੱਖ ਦੇਣੇ ਤੇ ਸਵੇਰੇ ਪਾਣੀ ‘ਚੋਂ ਕੱਢ ਕੇ ਮੂਧੇ ਮਾਰ ਦੇਣੇ। ਐਦਾਂ ਕੀਤਿਆਂ ਉਹਨਾਂ ਵਿੱਚ ਪਾਇਆ ਤੇਲ ਦੇਰ ਤੱਕ ਰਹਿੰਦਾ। ਪਿੰਜੀ ਹੋਈ ਚਿੱਟੀ-ਚਿੱਟੀ ਰੂੰ ਬੇਬੇ ਨੂੰ (ਤਾਈ ਜੀ ਨੂੰ) ਬੀ ਜੀ ਨੇ ਫੜਾ ਦੇਣੀ। ਉਹਨਾਂ ਦੋਵਾਂ ਘਰਾਂ ਲਈ ਬੱਤੀਆਂ ਵੱਟ ਦੇਣੀਆਂ। ਅਸੀਂ ਸਾਰੇ ਭੈਣ ਭਰਾਵਾਂ ਵੀ ਉਸ ਕੰਮ ਵਿੱਚ ਆਪਣਾ ਯੋਗਦਾਨ ਪਾਉਣੋਂ ਨਾ ਖੁੰਝਣਾ। ਕੋਈ ਛੋਟੀ, ਕੋਈ ਮੋਟੀ ਬੱਤੀ, ਜਿਹੋ ਜਿਹੀ ਬੱਤੀ ਬਣਨੀ ਬੇਬੇ ਨੇ ਹਟਾਉਂਦਿਆਂ ਵੀ ਵੱਟ ਵੱਟ ਸੁੱਟੀ ਜਾਣੀ। ਸਾਰੀਆਂ ਬੱਤੀਆਂ ਵੱਡੇ ਸਾਰੇ ਕਿਸੇ ਭਾਂਡੇ ਕੋਲ ਜਾਂ ਕਟੋਰੇ ਵਿੱਚ ਤੇਲ ਪਾ ਕੇ ਤੇਲ ਰਚਨ ਲਈ ਰੱਖ ਦੇਣੀਆਂ। ਸਰ੍ਹੋਂ ਦੇ ਤੇਲ ਵਿੱਚ ਡੁੱਬੀਆਂ ਤੇਲ ਰਚੀਆਂ ਬੱਤੀਆਂ ਸਾਰੀ ਰਾਤ ਜਗਦੀਆਂ ਰਹਿਣੀਆਂ।
ਦੀਵਾਲੀ ਵਾਲੇ ਦਿਨ ਸਵੇਰ ਤੋ ਹੀ ਘਰਾਂ ਵਿੱਚ ਮੀਟ ਮੁਰਗੇ, ਬੱਕਰੇ, ਸੂਰ ਆਦਿ ਰਿੱਝਣੇ ਸ਼ੁਰੂ ਹੋ ਜਾਂਦੇ। ਕੁੱਕਰ ਦਾ ਤਾਂ ਕਿਸੇ ਨਾਂ ਹੀ ਨਹੀਂ ਸੀ ਸੁਣਿਆ। ਸਾਰੇ ਘਰਾਂ ਵਿੱਚ ਖੀਰ ਕੜਾਹ ਜ਼ਰੂਰ ਬਣਦਾ। ਕਈ ਘਰਾਂ ਵਿੱਚ ਹਲਵਾਈ ਲਾ ਕੇ ਮੋਟੀ ਬੂੰਦੀ ਦੇ ਲੱਡੂ ਵੀ ਬਣਾਏ ਜਾਂਦੇ। ਸਾਡੇ ਘਰ ਬੀ-ਜੀ ਸ਼ੱਕਰਪਾਰੇ ਤੇ ਮੱਠੀਆਂ ਆਪ ਹੱਥੀਂ ਬਣਾਉਂਦੇ। ਅੱਜ ਵਾਂਗ ਅੱਖਾਂ ਚੁੰਧਿਆਉਂਦੀ ਮਠਿਆਈ ਜਾਂ ਡਰਾਈ ਫਰੂਟ ਦੀ ਪੈਕਿੰਗ ਦੀਵਾਲੀ ‘ਤੇ ਜ਼ਰੂਰ ਸ਼ਹਿਰੋਂ ਲਿਆਂਦੇ ਜਾਂਦੇ। ਸਾਦੀ ਖੁਰਾਕ ਹੀ ਉਹਨਾਂ ਚੰਗੀਆਂ ਸਿਹਤਾਂ ਦਾ ਰਾਜ਼ ਸੀ। ਕਿਸੇ ਕਿਸੇ ਘਰ ਸ਼ਹਿਰੋਂ ਅੰਮ੍ਰਿਤੀਆਂ ਤੇ ਜਲੇਬੀਆਂ ਵੀ ਲਿਆਂਦੀਆਂ ਜਾਂਦੀਆਂ। ਆਤਿਸ਼ਬਾਜ਼ੀ ਦੇ ਨਾਂ ‘ਤੇ ਛੋਟੇ ਵੱਡੇ ਪਟਾਕੇ, ਫੁੱਲਝੜੀਆਂ, ਸ਼ੁਰਕਣੀਆਂ ਜਾਂ ਚੱਕਰੀਆਂ ਆਉਂਦੀਆਂ , ਉਹ ਵੀ ਕਿਸੇ ਕਿਸੇ ਹੋਈ ਵਾਲੇ ਦੇ ਘਰ। ਆਮ ਘਰਾਂ ਵਿੱਚ ਪਟਾਕੇ ਹੀ ਆਉਂਦੇ, ਜਿਨ੍ਹਾਂ ਨੂੰ ਬੰਬ ਕਿਹਾ ਜਾਂਦਾ। ਵੱਡਾ ਵੀਰ ਸਰਹਿੰਦੋਂ ਅਨਾਰ ਜ਼ਰੂਰ ਲੈ ਕੇ ਜਾਂਦਾ ਤੇ ਉਹ ਰੰਗ ਬਿਰੰਗੀਆਂ ਰੋਸ਼ਨੀਆਂ ਬਿਖੇਰਦੇ ਅਨਾਰ ਬਹੁਤ ਖ਼ਾਸ ਆਈਟਮ ਹੁੰਦੇ ਤੇ ਸਾਰੇ ਗਲੀ ਵਿਹੜੇ ਵਾਲਿਆਂ ਦੀ ਖਿੱਚ ਦਾ ਕੇਂਦਰ ਵੀ। ਇਹਨਾਂ ਅਨਾਰਾਂ ਦੇ ਨਾਲ਼ ਸਾਡੇ ਘਰ ਦੇ ਖੁੱਲ੍ਹੇ ਵਿਹੜੇ ਵਿਚ ਬੜੀ ਰੌਣਕ ਲਾ ਦੇਣੀ। ਕਈ ਕਈ ਘਰ ਇਕੱਠੇ ਹੋ ਕੇ ਇਕੋ ਥਾਂ ਆਪਣੇ ਆਪਣੇ ਘਰੋਂ ਲਿਆਂਦੇ ਪਟਾਕੇ ਚਲਾ ਕੇ ਦੀਵਾਲੀ ਮਨਾਉਂਦੇ।
ਸ਼ਾਮੀਂ ਥੋੜ੍ਹੇ ਜਿਹੇ ਪਟਾਕੇ ਚਲਾ ਕੇ ਘਰ ਦੀ ਰਸੋਈ ਵਿਚ ਬਣਿਆ ਖਾਣ ਪੀਣ ਦਾ ਸਾਰਾ ਸਮਾਨ ਵੱਡੇ ਸਾਰੇ ਥਾਲ ਵਿਚ ਕੌਲੀਆਂ ਸਜਾ ਕੇ ਢੱਕ ਸੁਆਰ ਕੇ ਪਿੰਡ ਦੇ ਗੁਰਦੁਆਰੇ ਭੇਜਿਆ ਜਾਂਦਾ। ਸਿਰਫ਼ ਮੀਟ ਮੁਰਗੇ ਵਾਲਾ ਪਤੀਲਾ ਇੱਕ ਪਾਸੇ ਰੱਖ ਦਿੱਤਾ ਜਾਂਦਾ। ਸਾਡੇ ਘਰ ਵਿੱਚ ਕੋਈ ਲਕਸ਼ਮੀ ਪੂਜਾ ਜਾਂ ਹੋਰ ਰਸਮ ਰੀਤ ਨਹੀਂ ਸੀ ਕੀਤੀ ਜਾਂਦੀ। ਸਿਰਫ਼ ਗੁਰਦੁਆਰੇ ਮੱਥਾ ਟੇਕਿਆ ਜਾਂਦਾ ਤੇ ਮਠਿਆਈ ਸਮੇਤ ਖਾਣ ਪੀਣ ਦਾ ਸਮਾਨ ਦੇ ਕੇ ਸਾਨੂੰ ਹੀ ਭੈਣ ਭਰਾਵਾਂ ਨੂੰ ਭੇਜਿਆ ਜਾਂਦਾ। ਸਾਨੂੰ ਆਪ ਨੂੰ ਵੀ ਇਹ ਕੰਮ ਨਿਬੇੜਨ ਦੀ ਬੜੀ ਕਾਹਲ ਹੁੰਦੀ ਕਿਉਂਕਿ ਆ ਕੇ ਸਾਰੇ ਘਰ ‘ਤੇ ਦੀਵੇ ਜਗਾਉਣੇ ਹੁੰਦੇ ਸਨ ਤੇ ਪਟਾਕੇ ਵੀ ਚਲਾਉਣੇ ਹੁੰਦੇ ਸਨ। ਵੱਡੇ ਵੀਰ ਨੇ ਚੁਬਾਰੇ ਦੇ ਜੰਗਲਿਆਂ ‘ਤੇ ਬੜੇ ਸਜ਼ਾ ਸਜ਼ਾ ਕੇ ਦੀਵੇ ਰੱਖਣੇ। ਅਸੀਂ ਛੋਟਿਆਂ ਨੇ ਥਾਲਾਂ ਵਿਚ ਦੀਵੇ ਰੱਖੀਂ ਉਹਦੇ ਨਾਲ਼ ਫਿਰਨਾ। ਵਾੜੇ ਗੁਹਾਰੇ ਵੀ ਦੀਵਾ ਬਾਲਿਆ ਜਾਂਦਾ ਤੇ ਰੂੜੀ ‘ਤੇ ਵੀ। ਦੀਵਾਲੀ ਜਿੱਥੇ ਰੌਸ਼ਨੀ ਤੇ ਰੌਣਕ ਵੰਡਦੀ ਸੀ, ਮਨਾਂ ਦੀ ਸਾਂਝ ਵੀ ਪੱਕੀ ਕਰਦੀ ਸੀ। ਦੀਵੇ ਜਗਾ ਕੇ ਸਾਡੇ ਕਈ ਘਰਾਂ ਦੇ ਜੀਆਂ ਨੇ ਇੱਕੋ ਥਾਂ ਪਟਾਕੇ ਚਲਾਉਣੇ। ਸਾਰੇ ਪਿੰਡ ਦੇ ਕੰਮੀਆਂ ਨੇ ਰਾਤ ਨੂੰ ਰੋਟੀ ਲੈਣ ਆਉਣਾ। ਬੀ-ਜੀ ਨੇ ਸਾਰਿਆਂ ਨੂੰ ਘਰ ਬਣਿਆ, ਸਾਰਾ ਕੁਝ ਦੇਣਾ ਤੇ ਬਜ਼ਾਰੋਂ ਲਿਆਂਦੇ ਵਿੱਚੋਂ ਵੀ ਜ਼ਰੂਰ ਹਿੱਸਾ ਦੇਣਾ।
ਦੀਵਾਲੀ ਸਭ ਧਰਮਾਂ ਦਾ ਸਾਂਝਾ ਤਿਉਹਾਰ…
ਦੀਵਾਲੀ ਭਾਰਤ ਦਾ ਕੌਮੀ ਤਿਉਹਾਰ ਹੈ ਜੋ ਪੂਰੇ ਭਾਰਤ ਵਿੱਚ ਬੜੀ ਸ਼ਰਧਾ ਤੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਹੈ। ਹਿੰਦੂਆਂ ਅਤੇ ਸਿੱਖਾਂ ਦਾ ਸਾਝਾਂ ਤਿਉਹਾਰ ਦੀਵਾਲੀ ਸਾਰੇ ਭਾਰਤ ਵਾਸੀਆਂ ਵਿੱਚ ਕੌਮੀ ਏਕਤਾ ਤੇ ਸਦਭਾਵਨਾ ਨੂੰ ਪ੍ਰਚੰਡ ਕਰਦਾ ਹੈ। ਇਤਿਹਾਸ ਵਿੱਚ ਜਿਕਰ ਆਉਂਦਾ ਹੈ ਕਿ ਜਦ ਅਯੁੱਧਿਆ ਦੇ ਰਾਜਾ ਰਾਮ ਜੀ ਨੇ ਆਪਣੀ ਪਤਨੀ ਸੀਤਾ ਮਾਤਾ ਜੀ ਨੂੰ ਰਾਵਣ ਕੋਲੋਂ ਛੁਡਵਾਣ ਲਈ ਉਸ ਨੂੰ ਜੰਗ ਵਿੱਚ ਹਰਾ ਕੇ ਅਤੇ ਆਪਣੇ ਪਿਤਾ ਰਾਜਾ ਦਸ਼ਰਥ ਵੱਲੋਂ ਮਿਲਿਆ 14 ਸਾਲ ਦਾ ਬਨਵਾਸ ਕੱਟ ਆਪਣੇ ਭਰਾਤਾ ਸ੍ਰੀ ਲਣਮਣ, ਮਾਤਾ ਸੀਤਾ ਸਮੇਤ ਅਯੁਧਿਆ ਪਰਤੇ ਤਾਂ ਅਯੁਧਿਆ ਵਾਸੀਆਂ ਨੇ ਸ੍ਰੀ ਰਾਮ ਚੰਦਰ ਜੀ ਦੇ ਆਉਣ ਤੇ ਖੁਸ਼ੀ ਮਨਾਉਂਦਿਆਂ ਘਿਓ ਦੇ ਦੀਪ ਜਲਾਏ, ਤਦ ਤੋਂ ਇਹ ਤਿਉਹਾਰ ਲਗਾਤਾਰ ਪੂਰੇ ਭਾਰਤ ਵਾਸੀਆਂ ਵੱਲੋਂ ਮਨਾਇਆ ਜਾਂਦਾ ਹੈ। ਦੀਵਾਲੀ ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਵਾਲੀ ਦੇ ਅਵਸਰ ਤੇ ਜਾਂਦੇ ਵਿਸ਼ੇਸ਼ ਸਮਾਗਮ ਵਿੱਚ ਸ਼ਿਰਕਤ ਕਰਨ ਅਤੇ ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੀ ਅਲੌਕਿਕ ਆਭਾ ਨੂੰ ਨਿਹਾਰਨ ਅਤੇ ਗੁਰੂ ਮਹਾਰਾਜ ਦੇ ਹਜੂਰ ਹਾਜਰੀ ਭਰਨ ਤੇ ਸਰੋਵਰ ਵਿੱਚ ਇਸ਼ਨਾਨ ਕਰਨ ਅਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਦੀਵਾਲੀ ਤੋਂ ਪਹਿਲਾਂ ਦੀ ਪੁੱਜਣੇ ਸ਼ੁਰੂ ਹੋ ਜਾਂਦੇ ਹਨ। ਸਿੱਖ ਕੌਮ ਦਾ ਵੀ ਦੀਵਾਲੀ ਦੇ ਨਾਲ ਨੇੜਲੇ ਰਿਸ਼ਤਾ ਉਸ ਸਮੇਂ ਹੋਰ ਪਕੇਰਾ ਹੋਇਆ, ਜਦ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਮੁਗਲ ਬਾਦਸ਼ਾਹ ਜਹਾਂਗੀਰ ਦੀ ਕੈਦ ਵਿੱਚੋਂ 52 ਰਾਜਿਆਂ ਨੂੰ ਛੁਡਵਾ ਕੇ ਦੀਵਾਲੀ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਸਨ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੰਮ੍ਰਿਤਸਰ ਪਰਤਣ ਤੇ ਨਗਰ ਨਿਵਾਸੀਆਂ ਤੇ ਸਿੱਖਾਂ ਨੇ ਦੇਸੀ ਘਿਓ ਦੇ ਦੀਵੇ ਜਗਾ ਕੇ ਰੋਸ਼ਨੀਆਂ ਕੀਤੀਆਂ ਅਤੇ ਗੁਰੂ ਮਹਾਰਾਜ ਜੀ ਦੀ ਵਾਪਸੀ ਤੇ ਖੁਸ਼ੀਆਂ ਮਨਾਈਆਂ ਤਦ ਤੋਂ ਦੀਵਾਲੀ ਦੇ ਤਿਉਹਾਰ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਵਾਲੀ ਦੇ ਅਵਸਰ ‘ਤੇ ਸਿੱਖਾਂ ਵੱਲੋਂ ਇਕੱਠ ਕੀਤੇ ਜਾਂਦੇ ਸਨ, ਬੇਸ਼ੱਕ ਸਿੱਖਾਂ ਤੇ ਸਮੇਂ ਦੀਆਂ ਹਕੂਮਤਾਂ ਨੇ ਅਨੇਕਾਂ ਹੀ ਜੁਲਮ ਕੀਤੇ, ਉਨਾਂ ਨੂੰ ਚੁਣ ਚੁਣ ਦੇ ਸ਼ਹੀਦ ਕੀਤਾ ਜਾਂਦਾ ਰਿਹਾ ਪ੍ਰੰਤੂ ਦੀਵਾਲੀ ਦੇ ਅਵਸਰ ‘ਤੇ ਸਿੱਖ ਦੂਰੋਂ ਨੇੜਿਓ ਆ ਕੇ ਦੀਵਾਲੀ ਜਰੂਰ ਮਨਾਇਆ ਕਰਦੇ ਸਨ। ਦੀਵਾਲੀ ਦੇ ਸਬੰਧੀ ਸਿੱਖ ਇਤਿਹਾਸ ਵਿੱਚ ਜਿਕਰ ਆਉਂਦਾ ਹੈ ਕਿ ਭਾਈ ਮਨੀ ਸਿੰਘ ਜੀ ਵੱਲੋਂ ਅੰਮ੍ਰਿਤਸਰ ਵਿਖੇ ਦੀਵਾਲੀ ਮਨਾਉਣ ਲਈ ਜਕਰੀਆ ਖਾਨ ਨਾਲ ਕੀਤੇ ਸਮਝੌਤੇ ਤਹਿਤ ਮੋਹਰਾ ਦੇਣੀਆਂ ਤਹਿ ਕੀਤੀਆਂ ਗਈਆਂ ਪ੍ਰੰਤੂ ਜਕਰੀਆ ਖਾਨ ਵੱਲੋਂ ਸਿੱਖਾਂ ਨੂੰ ਦੀਵਾਲੀ ਨਾ ਮਨਾਉਣ ਦੇਣ ਤੋਂ ਬਾਅਦ ਤੈਅ ਕੀਤੀਆਂ ਮੋਹਰਾਂ ਮੰਗੀਆਂ ਗਈਆਂ ਜੋ ਭਾਈ ਮਨੀ ਸਿੰਘ ਜੀ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਭਾਈ ਮਨੀ ਸਿੰਘ ਜੀ ਨੂੰ ਉਸ ਵੱਲੋਂ ਉਨ੍ਹਾਂ ਦੇ ਹੱਥਾਂ ਪੈਰਾਂ ਦੇ ਨਿੱਕੇ ਨਿੱਕੇ ਟੋਟੇ ਕਰਕੇ ਸ਼ਹੀਦ ਕਰ ਦਿੱਤਾ ਗਿਆ ਤਾਂ ਹੀ ਤਾਂ ਅਰਦਾਸ ਵਿੱਚ ਵੀ ਜਿਕਰ ਆਉਂਦਾ ਹੈ ” ਜਿੰਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਪਰ ਧਰਮ ਨਹੀਂ ਹਾਰਿਆ”
ਸ੍ਰੀ ਅੰਮ੍ਰਿਤਸਰ ਦੀ ਦੀਵਾਲੀ ਜਗਤ ਪ੍ਰਸਿੱਧ ਹੈ। ਦੀਵਾਲੀ ਦੇ ਅਵਸਰ ‘ਤੇ ਇਥੇ ਲੱਖਾਂ ਦਾ ਵਪਾਰ ਹੁੰਦਾ ਹੈ। ਜਿੱਥੇ ਦੀਵਾਲੀ ਤੋਂ ਪਹਿਲਾਂ ਲੋਕ, ਦੁਕਾਨਦਾਰ ਤੇ ਕਾਰਖਾਨੇਦਾਰ ਘਰਾਂ, ਦੁਕਾਨਾਂ ਤੇ ਫੈਕਟਰੀਆਂ ਦੀ ਸਫਾਈ ਕਰਵਾਂਦੇ ਹਨ ਅਤੇ ਨਵਾਂ ਰੰਗ ਰੋਗਨ ਵੀ ਕਰਵਾਇਆ ਜਾਂਦਾ ਹੈ। ਉਥੇ ਦੀਵਾਲੀ ਦੇ ਅਵਸਰ ਤੇ ਮੁਲਾਜਮਾਂ ਨੂੰ ਮਾਲਕਾਂ ਵੱਲੋਂ ਤੋਹਫੇ ਤੇ ਮਠਿਆਈਆਂ ਦੇ ਡੱਬੇ ਦਿੱਤੇ ਜਾਂਦੇ ਹਨ। ਨਗਰ ਨਿਵਾਸੀ ਵੀ ਆਪਣੇ ਰਿਸ਼ਤੇਦਾਰ ਤੇ ਸਾਕ ਸਬੰਧੀਆਂ ਨੂੰ ਮਠਿਆਈਆਂ ਤੇ ਤੋਹਫੇ ਦੇਂਦੇ ਹਨ ਇਸ ਤਰਾਂ ਦੀਵਾਲੀ ਮੌਕੇ ਸ਼ਹਿਰ ਵਿੱਚ ਵਿਸ਼ੇਸ਼ ਰੌਣਕਾਂ ਦੇਖਣ ਨੂੰ ਮਿਲਦੀਆਂ ਹਨ। ਦੁਕਾਨਦਾਰ ਤੇ ਹਲਵਾਈ ਦੁਕਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਸਜਾਉਂਦੇ ਹਨ। ਦੀਵਾਲੀ ਦੇ ਅਵਸਰ ਤੇ ਗੁਰਦੁਆਰੇ, ਮੰਦਰ ਤੇ ਨਿੱਜੀ ਇਮਾਰਤਾਂ ਤੇ ਵਿਸ਼ੇਸ਼ ਤੌਰ ‘ਤੇ ਰੋਸ਼ਨੀਆਂ ਕੀਤੀਆਂ ਜਾਂਦੀਆਂ ਹਨ ਅਤੇ ਰਾਤ ਨੂੰ ਆਤਿਸ਼ਬਾਜੀ ਵੀ ਚਲਾਈ ਜਾਂਦੀ ਹੈ। ਬੇਸ਼ੱਕ ਸਰਕਾਰ ਤੇ ਪ੍ਰਸ਼ਾਸ਼ਨ ਵੱਲੋਂ ਆਤਿਸ਼ਬਾਜੀ ਵੇਚਣ ਅਤੇ ਚਲਾਉਣ ਤੇ ਪਾਬੰਦੀ ਲਗਾਈ ਜਾਂਦੀ ਹੈ ਲੇਕਿਨ ਫੇਰ ਵੀ ਲੋਕ ਖੁਸ਼ੀਆਂ ਮਨਾਉਣ ਲਈ ਰਾਤ ਨੂੰ ਘਰਾਂ ਦੀਆਂ ਛੱਤਾਂ ‘ਤੇ ਜਾ ਕੇ ਆਤਿਸ਼ਬਾਜੀ ਚਲਾਉਂਦੇ ਹਨ। ਇਸ ਆਤਿਸ਼ਬਾਜੀ ਵਿੱਚ ਹਵਾਈਆਂ, ਅਨਾਰ, ਫੁਲਝੜੀਆਂ, ਪਟਾਕੇ ਆਦਿ ਸ਼ਾਮਲ ਹੁੰਦੇ ਹਨ। ਆਤਿਸ਼ਬਾਜੀ ਵੱਡੀਆਂ ਕੰਪਨੀਆਂ ਦੇ ਡੀਲਰਾਂ ਵੱਲੋਂ ਵੇਚਣ ਦੇ ਇਲਾਵਾ ਨਗਰ ਦੇ ਹਕੀਮਾਂ ਵਾਲਾ ਖੇਤਰ ਵਿੱਚ ਪੈਂਦੇ ਅੰਨਗੜ ਇਲਾਕੇ ਦੇ ਲੋਕ ਘਰਾਂ ਵਿੱਚ ਆਤਿਸ਼ਬਾਜੀ ਤਿਆਰ ਕਰਕੇ ਵੇਚਦੇ ਹਨ, ਜਿਸ ਨਾਲ ਹਰ ਸਾਲ ਕਈ ਦੁਖਦਾਈ ਘਟਨਾਵਾਂ ਵੀ ਵਾਪਰਦੀਆਂ ਹਨ। ਪ੍ਰੰਤੂ ਸਰਕਾਰ ਇਹ ਸਭ ਰੋਕਣ ਵਿੱਚ ਅੱਜ ਤੱਕ ਕਾਮਯਾਬ ਨਹੀਂ ਹੋ ਸਕੀ। ਦੀਵਾਲੀ ਦੇ ਅਵਸਰ ‘ਤੇ ਰਾਤ ਨੂੰ ਲਛਮੀ ਦੇਵੀ ਦੀ ਪੂਜਾ ਵੀ ਕੀਤੀ ਜਾਂਦੀ ਹੈ, ਕਿਉਂਕਿ ਲੋਕਾਂ ਦਾ ਮੰਨਣਾ ਹੈ ਇਸ ਰਾਤ ਲਛਮੀ ਮਾਂ ਭਗਤਾਂ ਦੇ ਘਰਾਂ ਵਿੱਚ ਪ੍ਰਵੇਸ਼ ਕਰਦੀ ਹੈ ਤਾਂ ਹੀ ਤਾਂ ਕਈ ਲੋਕ ਘਰਾਂ ਦੇ ਦਰਵਾਜੇ ਖੋਲ ਕੇ ਰੱਖਦੇ ਹਨ।
ਦੀਵਾਲੀ ਦਾ ਮਾੜਾ ਪੱਖ ਇਸ ਰਾਤ ਖੇਡੇ ਜਾਂਦੇ ਜੂਏ ਦਾ ਹੈ। ਲੋਕ ਪੈਸੇ ਦੀ ਹਵਸ ਵਿੱਚ ਜੂਆ ਖੇਡਦੇ ਹਨ ਅਤੇ ਸ਼ਰਾਬ ਤੇ ਨਸ਼ਿਆਂ ਦਾ ਸੇਵਨ ਕਰਦੇ ਹਨ ਜੋ ਧਰਮ ਦੇ ਬਿਲਕੁਲ ਵਿਰੁੱਧ ਹੈ ਅਤੇ ਇਹੋ ਜਿਹੀਆਂ ਸਮਾਜ ਵਿਰੋਧੀ ਗਤੀ ਵਿਧੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਦੀਵਾਲੀ ਦੇ ਅਵਸਰ ‘ਤੇ ਪੂਰੇ ਭਾਰਤ ਵਿੱਚੋਂ ਨਿਰਮਲੇ, ਉਦਾਸੀ ਅਤੇ ਸੰਤ ਮਹਾਤਮਾ ਉਚੇਚੇ ਤੌਰ ‘ਤੇ ਅੰਮ੍ਰਿਤਸਰ ਪੁੱਜਕੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੁੰਦੇ ਹਨ ਅਤੇ ਇਥੇ ਪੂਰੇ ਨਗਰ ਵਿੱਚ ਆਪਣੇ ਸ਼ਰਧਾਲੂਆਂ ਪਾਸ ਜਾ ਕੇ ਦਾਨ ਇਕੱਤਰ ਕਰਦੇ ਹਨ। ਸ਼ਹਿਰ ਦੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਵੀ ਇਹਨਾਂ ਸੰਤਾਂ ਲਈ ਵਿਸ਼ੇਸ਼ ਕੈਂਪ ਲਗਾਏ ਜਾਂਦੇ ਹਨ, ਜਿੱਥੇ ਇਹਨਾਂ ਨੂੰ ਕੰਬਲ ਅਤੇ ਹੋਰ ਵਸਤਾਂ ਮੁਫਤ ਵੰਡੀਆਂ ਜਾਂਦੀਆਂ ਹਨ। ਮੇਰੇ ਵੱਲੋਂ ਸਾਰਿਆਂ ਨੂੰ ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ।
-ਦਲੀਪ ਕੁਮਾਰ ਬੱਦੋਵਾਲ
ਬੰਦੀ ਛੋੜ ਦਿਵਸ ਦੀਵਾਲੀ ਅਤੇ ਸਿੱਖ ਇਤਿਹਾਸ
ਸਿੱਖ ਜਗਤ ਵਿੱਚ ਸਮੂਹ ਗੁਰਪੁਰਬਾਂ, ਸ਼ਹੀਦੀ ਦਿਹਾੜਿਆਂ ਅਤੇ ਹੋਰ ਇਤਿਹਾਸਕ ਤਿਉਹਾਰਾਂ ਨੂੰ ਬੜੀ ਸ਼ਰਧਾ-ਭਾਵਨਾ ਨਾਲ਼ ਮਨਾਇਆ ਜਾਂਦਾ ਹੈ। ਇਨ੍ਹਾਂ ਤਿਉਹਾਰਾਂ ਵਿੱਚੋਂ ਬੰਦੀ-ਛੋੜ ਦਿਵਸ, ਵਿਸਾਖੀ, ਮਾਘੀ ਆਦਿ ਦਿਹਾੜੇ ਸਿੱਖ ਮਾਨਸਿਕਤਾ ਨਾਲ਼ ਜੁੜੇ ਹੋਏ ਹਨ। ਦੀਵਾਲੀ ਦਾ ਤਿਉਹਾਰ ਭਾਵੇਂ ਪੁਰਾਤਨ ਸਮਿਆਂ ਤੋਂ ਸਮੁੱਚੇ ਭਾਰਤ ਵਿੱਚ ਬੜੀ ਸਜ-ਧਜ ਨਾਲ਼ ਮਨਾਇਆ ਜਾਂਦਾ ਹੈ, ਪਰ ਸਿੱਖ ਕੌਮ ਧਰਮ ‘ਚ ਇਸ ਦਾ ਇਤਿਹਾਸਕ ਪਿਛੋਕੜ ਵਿਲੱਖਣ ਹੈ। ਇਸ ਦਿਨ ਨਾਲ਼ ਸਿੱਖ ਇਤਿਹਾਸ ਦੀਆਂ ਕਈ ਪ੍ਰਮੁੱਖ ਘਟਨਾਵਾਂ ਜੁੜੀਆਂ ਹੋਈਆਂ ਹਨ। ਮੁੱਖ ਰੂਪ ਵਿੱਚ ਸਿੱਖ ਇਤਿਹਾਸ ਨਾਲ਼ ਇਸ ਤਿਉਹਾਰ ਦਾ ਸਬੰਧ ਉਸ ਸਮੇਂ ਤੋਂ ਜੁੜਿਆ, ਜਦੋਂ ਮੀਰੀ-ਪੀਰੀ ਦੇ ਮਾਲਕ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਬਵੰਜਾ ਰਾਜਿਆਂ ਸਮੇਤ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਪਹੁੰਚੇ। ਜਿਹਨਾਂ ਕਾਰਨਾਂ ਕਰਕੇ ਛੇਵੇਂ ਸਤਿਗੁਰਾਂ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕੀਤਾ ਤੇ ਫਿਰ ਰਿਹਾਅ ਕਰ ਦਿੱਤਾ ਗਿਆ, ਉਹਨਾਂ ਦੀ ਜਾਣਕਾਰੀ ਬਿਨਾਂ ਬੰਦੀ-ਛੋੜ ਦਿਵਸ ਦੀ ਅਹਿਮੀਅਤ ਨੂੰ ਸਮਝਣਾ ਔਖਾ ਹੈ।
ਸ੍ਰੀ ਅੰਮ੍ਰਿਤਸਰ ਵਿਖੇ ਪਾਵਨ ਹਰਿਮੰਦਰ ਸਾਹਿਬ ਦੇ ਸੰਸਥਾਪਕ, ਬਾਣੀ ਤੇ ਬੋਹਿਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਰਜਣਹਾਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬੇਮਿਸਾਲ ਤੇ ਸ਼ਾਂਤਮਈ ਸ਼ਹਾਦਤ ਨੇ ਸਿੱਖ ਇਤਿਹਾਸ ਵਿੱਚ ਇਕ ਕ੍ਰਾਂਤੀਕਾਰੀ ਮੋੜ ਲੈ ਆਂਦਾ। ਸਤਿਗੁਰਾਂ ਦੀ ਅਦੁੱਤੀ ਸ਼ਹਾਦਤ ਤੋਂ ਬਾਅਦ ਇਹ ਗੱਲ ਸਪੱਸ਼ਟ ਹੋ ਗਈ ਕਿ ਜ਼ਾਲਮਾਂ ਦੇ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਹਥਿਆਰ ਚੁੱਕਣੇ ਹੀ ਪੈਣਗੇ। ਇਸ ਲਈ ਛੇਵੇ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰ-ਗੱਦੀ ਦੀ ਪ੍ਰੰਪਰਾਗਤ ਰਸਮ ਨੂੰ ਸਮੇਂ ਦੀ ਲੋੜ ਮੁਤਾਬਕ ਬਦਲਿਆ ਅਤੇ ਗੁਰਿਆਈ ਧਾਰਨ ਕਰਦੇ ਸਮੇਂ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ।
ਗੁਰੂ ਸਾਹਿਬ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ, ਜਿੱਥੇ ਦੀਵਾਨ ਸਜਦੇ ਅਤੇ ਗੁਰਬਾਣੀ ਕੀਰਤਨ ਦੇ ਨਾਲ਼-ਨਾਲ਼ ਬੀਰ-ਰਸੀ ਵਾਰਾਂ ਵੀ ਗਾਈਆਂ ਜਾਣ ਲੱਗੀਆਂ। ਗੁਰੂ ਸਾਹਿਬ ਨੇ ਸਿੱਖ ਸੰਗਤਾਂ ਨੂੰ ਦਰਸ਼ਨਾਂ ਲਈ ਆਉਂਦੇ ਸਮੇਂ ਚੰਗੇ ਨਸਲੀ ਘੋੜੇ ਅਤੇ ਸ਼ਸਤਰ ਲਿਆਉਣ ਦੇ ਆਦੇਸ਼ ਜਾਰੀ ਕੀਤੇ। ਅਣਖੀਲੇ ਗੱਭਰੂਆਂ ਦੀ ਫ਼ੌਜ ਤਿਆਰ ਕਰਕੇ ਉਹਨਾਂ ਨੂੰ ਜੰਗ ਦੀ ਟਰੇਨਿੰਗ ਦਿੱਤੀ ਜਾਣ ਲੱਗੀ। ਲੋਹਗੜ੍ਹ ਕਿਲੇ ਦੀ ਸਥਾਪਨਾ ਨਾਲ਼ ਤਾਂ ਹਕੂਮਤ ਹੋਰ ਵੀ ਜਲ-ਬਲ ਬਣ ਗਈ। ਗੁਰੂ-ਘਰ ਦੇ ਵਿਰੋਧੀਆਂ ਨੇ ਗੁਰੂ ਸਾਹਿਬ ਵਿਰੁੱਧ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ, ਜਿਸ ਦੇ ਫ਼ਲਸਰੂਪ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਪੰਜਾਬ ਵਿੱਚ ਬਗ਼ਾਵਤ ਨੂੰ ਸ਼ਹਿ ਦੇਣ ਦੋਸ਼ ਵਿੱਚ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਗੁਰੂ ਸਾਹਿਬ ਦੀ ਨਜ਼ਰਬੰਦੀ ਕੋਈ ਸਧਾਰਨ ਗੱਲ ਨਹੀਂ ਸੀ। ਸਿੱਖ ਸੰਗਤਾਂ ਵਿੱਚ ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫ਼ੈਲ ਗਈ। ਪਰ ਗੁਰੂ ਸਾਹਿਬ ਜੀ ਦੇ ਪਹੁੰਚਣ ਨਾਲ਼ ਗਵਾਲੀਅਰ ਦੇ ਕਿਲ੍ਹੇ ਦਾ ਮਾਹੌਲ ਹੀ ਬਦਲ ਗਿਆ। ਦੋਵੇਂ ਵੇਲੇ ਕੀਰਤਨ ਅਤੇ ਸਤਿਸੰਗ ਹੋਣ ਲੱਗਾ। ਕਾਲ-ਕੋਠੜੀਆਂ ਵਿੱਚੋਂ ਪ੍ਰਭੂ-ਸਿਮਰਨ ਦੀਆਂ ਮਿੱਠੀਆਂ ਧੁਨਾਂ ਉੱਠਣ ਲੱਗੀਆਂ। ਗੁਰੂ ਸਾਹਿਬ ਦੀ ਸੰਗਤ ਅਤੇ ਉਪਦੇਸ਼ਾਂ ਨੇ ਸਭ ਬੰਦੀਆਂ ਨੂੰ ਚੜ੍ਹਦੀ ਕਲਾ ਵਿੱਚ ਲੈ ਆਂਦਾ। ਓਧਰ ਗੁਰੂ ਸਾਹਿਬ ਜੀ ਦੀ ਨਜ਼ਰਬੰਦੀ ਲੰਬੀ ਹੋ ਜਾਣ ਕਾਰਨ ਸਿੱਖਾਂ ਵਿਚ ਬੇਚੈਨੀ ਵਧਣ ਲੱਗੀ। ਸਿੱਖ ਸੰਗਤਾਂ ਦਾ ਇੱਕ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਬਾਬਾ ਬੁੱਢਾ ਜੀ ਦੀ ਅਗਵਾਈ ਵਿੱਚ ਗਵਾਲੀਅਰ ਲਈ ਰਵਾਨਾ ਹੋਇਆ। ਜਿੱਥੋਂ-ਜਿੱਥੋਂ ਇਹ ਜਥਾ ਕੀਰਤਨ ਕਰਦਾ ਹੋਇਆ ਗੁਜ਼ਰਦਾ, ਸਿੱਖ ਸੰਗਤਾਂ ਇਸ ਦਾ ਭਾਰੀ ਸਵਾਗਤ ਕਰਦੀਆਂ। ਜਦੋਂ ਇਹ ਜਥਾ ਗਵਾਲੀਅਰ ਦੇ ਕਿਲ੍ਹੇ ਪਹੁੰਚਿਆ ਤਾਂ ਸੰਗਤਾਂ ਨੂੰ ਗੁਰੂ ਸਾਹਿਬ ਨਾਲ਼ ਮੁਲਾਕਾਤ ਜਾਂ ਦਰਸ਼ਨ ਕਰਨ ਦੀ ਇਜਾਜ਼ਤ ਨਾ ਮਿਲ ਸਕੀ। ਇਸ ‘ਤੇ ਇਹ ਜਥਾ ਕੀਰਤਨ ਕਰਦਿਆਂ , ਗਵਾਲੀਅਰ ਦੇ ਕਿਲ੍ਹੇ ਦੀ ਪਰਿਕਰਮਾ ਕਰ ਗੁਰੂ ਸਾਹਿਬ ਨੂੰ ਆਪਣੀ ਅਕੀਦਤ ਦੇ ਫੁੱਲ ਭੇਂਟ ਕਰਦਿਆਂ ਵਾਪਸ ਮੁੜ ਆਇਆ। ਉਪਰੰਤ ਅੰਮ੍ਰਿਤਸਰ ਤੋਂ ਵਾਰੋ-ਵਾਰੀ ਸਿੱਖਾਂ ਦੇ ਜਥੇ ਗਵਾਲੀਅਰ ਦੇ ਕਿਲ੍ਹੇ ਵੱਲ ਰਵਾਨਾ ਹੋਣ ਲੱਗੇ, ਜੋ ਕਿਲ੍ਹੇ ਦੀ ਪਰਿਕਰਮਾ ਕਰਕੇ ਵਾਪਸ ਆ ਜਾਂਦੇ। ਦੂਜੇ ਪਾਸੇ ਸਾਈਂ ਮੀਆਂ ਮੀਰ ਜੀ ਵਲੋਂ ਗੁਰੂ ਸਾਹਿਬ ਦੀ ਸਤਿਕਾਰ ਸਹਿਤ ਰਿਹਾਈ ਸਬੰਧੀ ਜਹਾਂਗੀਰ ਨਾਲ਼ ਗੱਲਬਾਤ ਨਿਰੰਤਰ ਚੱਲ ਰਹੀ ਸੀ, ਜਿਸ ਵਿੱਚ ਸਾਈਂ ਮੀਆਂ ਮੀਰ ਜੀ ਨੂੰ ਕਾਮਯਾਬੀ ਮਿਲੀ ਅਤੇ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ ਗਿਆ। ਪਰੰਤੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਕੱਲਿਆਂ ਕਿਲ੍ਹੇ ਵਿੱਚੋਂ ਰਿਹਾਅ ਹੋਣਾ ਸਵੀਕਾਰ ਨਾ ਕੀਤਾ। ਗੁਰੂ ਸਾਹਿਬ ਜੀ ਦੀ ਰਹਿਮਤ ਸਦਕਾ ਕਿਲ੍ਹੇ ਵਿੱਚ ਨਜ਼ਰਬੰਦ 52 ਰਾਜਪੂਤ ਰਾਜਿਆਂ ਨੂੰ ਵੀ ਬੰਦੀਖਾਨੇ ਤੋਂ ਮੁਕਤੀ ਮਿਲੀ। ਸਿੱਖ ਪ੍ਰੰਪਰਾਵਾਂ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਨੇ ਬਵੰਜਾ ਕਲੀਆਂ ਵਾਲਾ ਵਿਸ਼ੇਸ਼ ਚੋਲਾ ਪਹਿਨਿਆ ਅਤੇ ਉਨ੍ਹਾਂ ਬਵੰਜਾ ਰਾਜਪੂਤ ਰਾਜਿਆਂ ਨੇ ਗੁਰੂ ਜੀ ਦਾ ਲੜ ਫੜ ਕੇ ਗਵਾਲੀਅਰ ਦੇ ਕਿਲ੍ਹੇ ਦੀ ਕੈਦ ਤੋਂ ਛੁਟਕਾਰਾ ਹਾਸਲ ਕੀਤਾ। ਇਸ ਦਿਨ ਤੋਂ ਛੇਵੇਂ ਪਾਤਸ਼ਾਹ ਸ੍ਰੀ ਹਰਿਗੋਬਿੰਦ ਸਾਹਿਬ ਨੂੰ ‘ਬੰਦੀ-ਛੋੜ’ ਦਾਤਾ ਦੇ ਨਾਮ ਨਾਲ਼ ਵੀ ਜਾਣਿਆ ਜਾਂਦਾ ਹੈ। ਰਿਹਾਈ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਭਾਰੀ ਗਿਣਤੀ ਵਿੱਚ ਸਿੱਖ ਸੰਗਤ ਨਾਲ਼ ਸ੍ਰੀ ਅੰਮ੍ਰਿਤਸਰ ਵਿਖੇ ਪੁੱਜੇ ਤਾਂ ਉਸ ਦਿਨ ਸਬੱਬ ਨਾਲ਼ ਦੀਵਾਲੀ ਦਾ ਦਿਹਾੜਾ ਸੀ। ਸਿੱਖ ਸੰਗਤਾਂ ਨੇ ਗੁਰੂ ਸਾਹਿਬ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਪਧਾਰਨ ‘ਤੇ ਘਰਾਂ ਵਿੱਚ ਘਿਉ ਦੇ ਦੀਵੇ ਜਗਾਏ ਅਤੇ ਅਥਾਹ ਖ਼ੁਸ਼ੀਆਂ ਮਨਾਈਆਂ। ਸ੍ਰੀ ਦਰਬਾਰ ਸਾਹਿਬ ਵਿਖੇ ਵੀ ਖ਼ੁਸ਼ੀ ਵਿੱਚ ਦੀਪਮਾਲਾ ਕੀਤੀ ਗਈ। ਇਸ ਦਿਨ ਤੋਂ ਸਿੱਖਾਂ ਵਾਸਤੇ ਦੀਵਾਲੀ ਇਕ ਪਵਿੱਤਰ ਦਿਹਾੜਾ ਬਣ ਗਿਆ ਅਤੇ ਸਿੱਖ ਜਗਤ ਹਰ ਸਾਲ ਸ੍ਰੀ ਅੰਮ੍ਰਿਤਸਰ ਵਿਖੇ ਇਕੱਤਰ ਹੋ ਕੇ ਬੰਦੀ-ਛੋੜ ਦਿਹਾੜਾ ਮਨਾਉਣ ਲੱਗਾ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਉਪਰੰਤ ਬੰਦੀ-ਛੋੜ ਦਿਵਸ ਦੀਵਾਲੀ ਅਤੇ ਵਿਸਾਖੀ ਦੇ ਦਿਨ ‘ਸਰਬੱਤ ਖਾਲਸਾ’ ਅੰਮ੍ਰਿਤਸਰ ਵਿਖੇ ਇਕੱਤਰ ਹੁੰਦਾ, ਜਿਸ ਸਮੇਂ ਦਰਪੇਸ਼ ਮਸਲਿਆਂ ਸਬੰਧੀ ਪੰਥਕ ਫੈਸਲੇ ਤੇ ਗੁਰਮਤੇ ਕੀਤੇ ਜਾਂਦੇ। 1733 ਈਸਵੀ ਦੀ ਦੀਵਾਲੀ ਦੇ ਅਵਸਰ ‘ਤੇ ਵੀ ਭਾਈ ਮਨੀ ਸਿੰਘ ਨੇ ਇੰਜ ਹੀ ਇਕੱਤਰ ਹੋਣ ਲਈ ਸੰਗਤਾਂ ਨੂੰ ਸ੍ਰੀ ਅੰਮ੍ਰਿਤਸਰ ਪੁੱਜਣ ਦੇ ਸੱਦੇ ਭੇਜੇ। ਕਿਉਂਕਿ ਉਸ ਸਮੇਂ ਹਕੂਮਤ ਵਲੋਂ ਅਜਿਹੀ ਇਕੱਤਰਤਾ ਕਰਨ ਦੀ ਮਨਾਹੀ ਸੀ। ਇਸ ਲਈ ਭਾਈ ਮਨੀ ਸਿੰਘ ਨੇ ਵਿਸ਼ੇਸ਼ ਟੈਕਸ ਦੇਣਾ ਮੰਨ ਕੇ ਇਕੱਤਰਤਾ ਕਰਨ ਦੀ ਇਜ਼ਾਜਤ ਲਈ। ਉਧਰ ਨਵਾਬ ਜ਼ਕਰੀਆ ਖਾਨ ਨੇ ਇਸ ਇਕੱਠ ਉੱਤੇ ਹਮਲਾ ਕਰਕੇ ਇਕੱਤਰ ਹੋਏ ਸਿੰਘਾਂ ਨੂੰ ਮਾਰ ਮੁਕਾਉਣ ਦੀ ਯੋਜਨਾ ਬਣਾ ਲਈ , ਜਿਸ ਦੀ ਸੂਹ ਭਾਈ ਮਨੀ ਸਿੰਘ ਨੂੰ ਵੀ ਮਿਲ ਗਈ ਅਤੇ ਉਹਨਾਂ ਨੇ ਸਿੱਖਾਂ ਨੂੰ ਅੰਮ੍ਰਿਤਸਰ ਆਉਣੋਂ ਰੋਕ ਦਿੱਤਾ। ਸੰਗਤਾਂ ਦੇ ਨਾ ਆਉਣ ‘ਤੇ ਭੇਟਾ ਇਕੱਠੀ ਨਾ ਹੋਣ ਕਰਕੇ ਟੈਕਸ ਨਾ ਭਰਨ ਦਾ ਬਹਾਨਾ ਲਗਾ ਕੇ ਹਕੂਮਤ ਨੇ ਭਾਈ ਮਨੀ ਸਿੰਘ ਨੂੰ ਲਾਹੌਰ ਸੱਦ ਭੇਜਿਆ ਅਤੇ ਐਕਸ ਅਦਾ ਕਰਨ ਜਾਂ ਸਿੱਖ ਧਰਮ ਛੱਡ ਕੇ ਇਸਲਾਮ ਧਾਰਨ ਕਰਨ ਜਾਂ ਫਿਰ ਮੌਤ ਲਈ ਤਿਆਰ ਹੋਣ ਦਾ ਫਰਮਾਨ ਸੁਣਾ ਦਿੱਤਾ। ਭਾਈ ਸਾਹਿਬ ਨੇ ਹਕੂਮਤ ਨੂੰ ਆਪਣੇ ਇਕਰਾਰ ਤੋਂ ਫਿਰ ਜਾਣ ਕਾਰਨ ਟੈਕਸ ਭਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ‘ਸਿੱਖ ਲਈ ਧਰਮ ਪਿਆਰਾ ਹੈ, ਜਾਨ ਪਿਆਰੀ ਨਹੀਂ’ ਆਖ ਕੇ ਸ਼ਹਾਦਤ ਦਾ ਜਾਮ ਪੀਣਾ ਮਨਜ਼ੂਰ ਕੀਤਾ। ਕਾਜ਼ੀ ਵਲੋਂ ਦਿੱਤੇ ਫਤਵੇ ਅਨੁਸਾਰ ਭਾਈ ਮਨੀ ਸਿੰਘ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ।
-ਜਥੇਦਾਰ ਅਵਤਾਰ ਸਿੰਘ
… ਦੀਵਾਲੀ ਅੰਬਰਸਰ ਦੀ
ਰੂਪ ਸਿੰਘ
ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵਰੋਸਾਏ ਪਾਵਨ ਪਵਿੱਤਰ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਦੀ ਆਪਣੀ ਮਹੱਤਤਾ ਤੇ ਪਛਾਣ ਹੈ। ਇਸ ਨੂੰ ਪੰਜਾਬ ਦਾ ਦਿਲ ਤੇ ਗੁਰਸਿੱਖਾਂ ਦੀ ਜਿੰਦ-ਜਾਨ ਕਿਹਾ ਜਾਣਾ ਕੋਈ ਅਤਿਕਥਨੀ ਨਹੀਂ ਹੋਵੇਗੀ। ਅੰਮ੍ਰਿਤਸਰ ਸਿਰਫ਼ ਸਿੱਖਾਂ ਲਈ ਹੀ ਨਹੀਂ, ਸਗੋਂ ਵਿਸ਼ਵ ਦੇ ਲੋਕਾਂ ਲਈ ਵਿਸ਼ਵ-ਧਰਮ ਮੰਦਰ, ਸ੍ਰੀ ਹਰਿਮੰਦਰ ਸਾਹਿਬ ਕਰਕੇ ਖਿੱਚ ਦਾ ਕੇਂਦਰ ਹੈ। ਸੰਸਾਰ ਦੇ ਕਿਸੇ ਵੀ ਕੋਨੇ ਵਿੱਚੋਂ ਕੋਈ ਵੀ, ਕਿਸੇ ਸਮੇਂ ਬਿਨਾਂ ਕਿਸੇ ਰੋਕ-ਟੋਕ ਦੇ ਅੰਮ੍ਰਿਤਸਰ ਦੇ ਦਰਸ਼ਨ-ਇਸ਼ਨਾਨ ਕਰ ਸਕਦਾ ਹੈ। ਜਾਤੀ, ਨਸਲ ਜਾਂ ਖੇਤਰੀ ਭਿੰਨ-ਭੇਦ ਇੱਥੇ ਨਹੀਂ ਪੁੱਛਿਆ ਜਾਂਦਾ। ਇਹੀ ਕਾਰਨ ਹੈ ਕਿ ਹਰ ਫਿਰਕੇ, ਹਰ ਧਰਮ ਨਾਲ਼ ਸਬੰਧਤ ਲੋਕ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ-ਇਸ਼ਨਾਨ ਕਰ ਕੇ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ। ਸ੍ਰੀ ਗੁਰੂ ਰਾਮਦਾਸ ਜੀ ਨੇ ਪਾਵਨ ਸਰੋਵਰ ਦਾ ਕਾਰਜ ਆਰੰਭ ਕੀਤਾ ਤੇ ਗੁਰੂ ਅਰਜਨ ਦੇਵ ਜੀ ਨੇ ਸਰੋਵਰ ਨੂੰ ਪੱਕਾ ਕਰਕੇ ਇਸ ਦੇ ਵਿਚਕਾਰ ‘ਹਰਿਮੰਦਰ’ ਦਾ ਨਿਰਮਾਣ ਕਰਵਾਇਆ। ਅੰਮ੍ਰਿਤ-ਸਰੋਵਰ ਤੇ ਹਰਿਮੰਦਰ ਦੀ ਸਿਰਜਣਾ ਦਾ ਉਦੇਸ਼ ਚਹੁੰ ਵਰਨਾਂ ਨੂੰ ਸਾਂਝਾ ਉਪਦੇਸ਼ ਦੇਣ ਦਾ ਸੀ। ਹਰਿਮੰਦਰ ਦੀ ਸਿਰਜਣਾ ਤੇ ਇਮਾਰਤ-ਕਲਾ ਅਲੌਕਿਕ, ਅਨੂਠੀ ਤੇ ਵਿਲੱਖਣ ਹੈ। ਇਸੇ ਲਈ ਤਾਂ ਸ਼ਹੀਦਾਂ ਦੇ ਸਿਰਤਾਜ , ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਦੇ ਅਦੁੱਤੀ ਹੋਣ ਬਾਰੇ ਫਰਮਾਨ ਕਰਦੇ ਹਨ :
ਡਿਠੇ ਸਭੇ ਥਾਵ ਨਹੀਂ ਤੁਧੁ ਜੇਹਿਆ॥ ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ॥
1604 ਈਸਵੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਪਾਵਨ ਬੀੜ ਤਿਆਰ ਕਰ, ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਤੇ ਬਾਬਾ ਬੁੱਢਾ ਜੀ ਨੂੰ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਹੋਣ ਦਾ ਮਾਣ ਬਖ਼ਸ਼ਿਆ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਸਿੱਖ-ਧਰਮ ਦੇ ਕੇਂਦਰੀ ਅਸਥਾਨ ਦਾ ਨਿਰਮਾਣ ਕਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਤਿਆਰ ਕਰ ਕੇ ਸਿੱਖ ਧਰਮ ਨੂੰ ਪੱਕੇ ਪੈਰੀਂ ਖੜ੍ਹਾ ਕਰ ਦਿੱਤਾ। ਸਰਵ-ਸਾਂਝੇ ਧਰਮ ਮੰਦਰ ਦੀ ਉਸਾਰੀ ਤੇ ਸਰਬ-ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪ੍ਰਕਾਸ਼ ਹੋ ਜਾਣ ਨਾਲ਼ ਬਹੁਤ ਸਾਰੇ ਹਿੰਦੂ ਮੁਸਲਮਾਨ ਗੁਰੂ-ਘਰ ਵੱਲ ਪ੍ਰੇਰਿਤ ਹੋਏ। ਹਰਿਮੰਦਰ ਸਾਹਿਬ- ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥- ਦਾ ਉਪਦੇਸ਼ ਮਾਨਵਤਾ ਨੂੰ ਦਿੰਦਾ ਆ ਰਿਹਾ ਹੈ। ਇਸ ਲਈ ਮੌਲਾਨਾ ਜਫ਼ਰ ਅਲੀ ਨੇ ਕਿਹਾ ਸੀ, ਹਰਿਮੰਦਰ ਕੀ ਬੁਨਿਆਦ ਕੀ ਈਂਟ ਦੇ ਰਹੀ ਹੈ ਗਵਾਹੀ, ਕਿ ਕਬੀ ਅਹਿਲੇ ਮਜ਼ਹਬ ਮੇਂ ਦੋਸਤੀ ਮੁਸਕਰਾਈ ਥੀ। ਸਿੱਖਾਂ ਲਈ ਅੰਮ੍ਰਿਤਸਰ ਦੀ ਧਾਰਮਿਕ-ਇਤਿਹਾਸਕ ਮਹੱਤਤਾ ਤੇ ਮਾਨਤਾ ਦਾ ਅੰਦਾਜ਼ਾ ਇਸ ਗੱਲ ਤੋਂ ਸਹਿਜੇ ਹੀ ਲੱਗ ਸਕਦਾ ਹੈ ਕਿ ਵਿਸ਼ਵ ਦੇ ਕੋਨੇ-ਕੋਨੇ ਵਿੱਚ ਬੈਠੇ ਗੁਰਸਿੱਖ ਰੋਜ਼ਾਨਾ ਸਵੇਰੇ-ਸ਼ਾਮ ਅਰਦਾਸ ਦੇ ਇਹ ਸ਼ਬਦ ਦਿਲ ਦੀਆਂ ਗਹਿਰਾਈਆਂ ਵਿੱਚੋਂ ਉਚਾਰਦੇ ਹਨ, ‘ਦਾਨਾ ਸਿਰ ਦਾਨ ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ’। ਹਰਿਮੰਦਰ ਸਾਹਿਬ ਕਿਸੇ ਵਿਅਕਤੀ-ਵਿਸ਼ੇਸ਼ ਮਹਾਨਤਾ ਨੂੰ ਨਹੀਂ ਪ੍ਰਗਟਾਉਂਦਾ, ਇਹ ਤਾਂ ਪ੍ਰਮਾਤਮਾ ਦੀ ਏਕਤਾ, ਮਨੁੱਖੀ ਬਰਾਬਰੀ, ਸਰਵ-ਸਾਂਝੀਵਾਲਤਾ ਦਾ ਉਪਦੇਸ਼ ਸਮੁੱਚੀ ਮਾਨਵਤਾ ਨੂੰ ਦੇ ਰਿਹਾ ਹੈ।
ਸ੍ਰੀ ਹਰਿਮੰਦਰ ਸਾਹਿਬ ਵਿਖੇ ਸਤਿਗੁਰਾਂ ਦੇ ਪ੍ਰਕਾਸ਼-ਗੁਰਪੁਰਬ, ਗੁਰ-ਗੱਦੀ ਦਿਵਸ, ਜੋਤੀ ਜੋਤ ਸਮਾਉਣ ਦੇ ਦਿਹਾੜੇ, ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼-ਦਿਵਸ ਤੇ ਗੁਰ-ਗੱਦੀ ਦਿਵਸ ਮਨਾਏ ਜਾਂਦੇ ਹਨ। ਇਹਨਾਂ ਪਾਵਨ ਇਤਿਹਾਸਕ ਗੁਰਪੁਰਬਾਂ ਨੂੰ ਮਨਾਉਣ ਦਾ ਢੰਗ ਵੀ ਅਲੌਕਿਕ ਹੈ। ਸਬੰਧਤ ਗੁਰਪੁਰਬ ਸਬੰਧੀ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕੀਤਾ ਜਾਂਦਾ ਹੈ ਤੇ ਅਰਦਾਸ ਵਿੱਚ ਵੱਖਰੇ ਤੌਰ ‘ਤੇ ਵਿਸ਼ੇਸ਼ ਜ਼ਿਕਰ ਕੀਤਾ ਜਾਂਦਾ ਹੈ। ਇਹਨਾਂ ਸਾਰਿਆਂ ਗੁਰਪੁਰਬਾਂ ਸਬੰਧੀ ਧਾਰਮਿਕ ਸਮਾਗਮ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁਰਦਵਾਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਕੀਤੇ ਜਾਂਦੇ ਹਨ, ਜਿਥੇ ਵਿਦਵਾਨ ਬੁਲਾਰੇ, ਇਤਿਹਾਸਕਾਰ, ਵਿਆਖਿਆਕਾਰ, ਰਾਗੀ, ਢਾਡੀ, ਕਵੀਸ਼ਰ ਗੁਰਪੁਰਬਾਂ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਖਾਲਸੇ ਦਾ ਸਾਜਨਾ ਦਿਵਸ ‘ਵਿਸਾਖੀ’ ਅਤੇ ‘ਦੀਵਾਲੀ’ ਦਾ ਦਿਨ ‘ਬੰਦੀ-ਛੋੜ ਦਿਵਸ’ ਦੇ ਰੂਪ ਵਿੱਚ ਪੰਥਕ ਤੌਰ ‘ਤੇ ਮਨਾਇਆ ਜਾਂਦਾ ਹੈ। ਦੀਵਾਲੀ ਦੀਪ-ਪੂਜਾ ਤੇ ਲੱਛਮੀ-ਪੂਜਾ ਦੇ ਰੂਪ ਵਿਚ ਮਨਾਈ ਜਾਂਦੀ ਹੈ, ਪਰ ਸਿੱਖ ਇਹ ਦਿਹਾੜਾ ਆਪਣੇ ਗੌਰਵਮਈ ਵਿਰਸੇ ਨੂੰ ਯਾਦ ਕਰਨ ਲਈ ਮਨਾਉਂਦੇ ਹਨ। ਸਿੱਖ ਦੀਵਾਲੀ ਵਾਲੇ ਦਿਨ, ਬੰਦੀ-ਛੋੜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸ੍ਰੀ ਅੰਮ੍ਰਿਤਸਰ ਆਗਮਨ ਦੀ ਖ਼ੁਸ਼ੀ ਵਿੱਚ ਦੀਵੇ ਜਗਾਉਂਦੇ ਹਨ। ਰੌਸ਼ਨੀ ਕਰ ਕੇ, ਆਤਿਸ਼ਬਾਜ਼ੀ ਚਲਾ ਕੇ ਆਪਣੇ ਪਿਆਰੇ ਸਤਿਗੁਰੂ ਨੂੰ ਸਤਿਕਾਰ ਭੇਟ ਕਰਦੇ ਹਨ। ਇਸ ਤ੍ਹਰਾਂ ਸਿੱਖਾਂ ਨੇ ਦੀਵਾਲੀ ਵਾਲੇ ਦਿਨ ਨੂੰ ਬੰਦੀ-ਛੋੜ ਦਿਵਸ ਦੇ ਰੂਪ ਵਿੱਚ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਾਰ ਵਿਖੇ ਮਨਾਉਣਾ ਸ਼ੁਰੂ ਕਰ ਦਿੱਤਾ ਤੇ ਫਿਰ ਇਹ ਲੋਕ-ਉਕਤੀ ਪ੍ਰਚੱਲਤ ਹੋ ਗਈ :
ਦਾਲ ਰੋਟੀ ਘਰ ਦੀ, ਦੀਵਾਲੀ ਅੰਬਰਸਰ ਦੀ
ਬਾਦਸ਼ਾਹ ਜਹਾਂਗੀਰ ਨੂੰ ਸਿੱਖਾਂ ਵਧਦੀ ਹੋਈ ਸ਼ਕਤੀ ਕਿਸੇ ਤਰ੍ਹਾਂ ਦੀ ਸਖਾਵੀਂ ਨਹੀਂ ਸੀ ਲੱਗਦੀ। ਇਹੀ ਕਾਰਨ ਸੀ ਕਿ ਬਾਣੀ ਦੇ ਬੋਹਿਥ, ਸ਼ਾਂਤੀ ਦੇ ਪੁੰਜ, ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦੀ ਦੇਣੀ ਪਈ। ਬਾਦਸ਼ਾਹ ਜਹਾਂਗੀਰ ਨੂੰ ਖਿਆਲ ਸੀ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਪਿੱਛੋਂ, ”ਦਲਿ ਭੰਜਨ ਗੁਰੂ ਸੂਰਮਾ’ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰ-ਗੱਦੀ ‘ਤੇ ਬਿਰਾਜਮਾਨ ਹੁੰਦਿਆਂ ਹੀ ਮੀਰੀ-ਪੀਰੀ ਦੀਆਂ ਤਲਵਾਰਾਂ ਪਹਿਨ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕਰ, ਚੰਗੇ ਘੋੜੇ ਤੇ ਸ਼ਸਤਰ ਭੇਟਾ ਹਿੱਤ ਲਿਆਉਣ ਲਈ ਹੁਕਮਨਾਮੇ ਜਾਰੀ ਕਰ ਕੇ ਇਹ ਸਪੱਸ਼ਟ ਕਰ ਦਿੱਤਾ ਕਿ ਸੱਚ ਦਾ ਚੰਦਰਮਾ ਜ਼ਬਰ-ਜ਼ੁਲਮ ਦੀ ਸ਼ਕਤੀ ਨਾਲ਼ ਢੱਕਿਆ ਨਹੀਂ ਗਿਅ, ਸਗੋਂ ਸੱਚ ਦਾ ਪ੍ਰਕਾਸ਼ ਕਰਨ ਲਈ ਹੋਰ ਚਮਕੇਗਾ। ਜਹਾਂਗੀਰ ਇਹ ਸਭ ਦੇਖ ਹੈਰਾਨ-ਪ੍ਰੇਸ਼ਾਨ ਹੋਇਆ। ਉਹ ਤਾਂ ਪਹਿਲਾਂ ਹੀ ਨਾਨਕ ਨਿਰਮਲ ਪੰਥ ਨੂੰ ਬੰਦ ਕਰਨ ਬਾਰੇ ਸੋਚ ਰਿਹਾ ਸੀ, ਜਿਹੜਾ ਕਿ ਉਸ ਲਈ ਇਕ ਵੰਗਾਰ ਬਣ ਕੇ ਪ੍ਰਗਟ ਹੋ ਰਿਹਾ ਸੀ। ਬਾਦਸ਼ਾਹ ਜਹਾਂਗੀਰ ਨੇ ਗੁਰੂ ਜੀ ਨੂੰ ਦਿੱਲੀ ਬੁਲਾਇਆ ਤੇ ਹੱਕ-ਸੱਚ ਦੀ ਆਵਾਜ਼ ਤੋਂ ਵਿਸ਼ੇਸ਼ ਖ਼ਤਰਾ ਮਹਿਸੂਸ ਕਰਦਿਆਂ ਗੁਰੂ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਬੰਦੀ ਬਣਾ ਲਿਆ, ਜਿੱਥੇ ਕਿ ਪਹਿਲਾਂ ਹੀ ਹਿੰਦੂ ਰਾਜੇ ਬੰਦੀ (ਕੈਦੀ)ਬਣਾਏ ਹੋਏ ਸਨ। ਗੁਰੂ ਜੀ ਦੀ ਗ੍ਰਿਫ਼ਤਾਰੀ ਨਾਲ਼ ਗੁਰੂ-ਘਰ ਦੇ ਪ੍ਰੀਤਵਾਨ ਗੁਰਸਿੱਖਾਂ ਵਿੱਚ ਇਹ ਤੌਖਲਾ ਤੇ ਬੇਚੈਨੀ ਵਧ ਗਈ ਕਿ ਗੁਰੂ ਅਰਜਨ ਦੇਵ ਜੀ ਵਾਂਗ ਕਿਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਵੀ ਸ਼ਹੀਦ ਨਾ ਕਰ ਦਿੱਤਾ ਜਾਵੇ। ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦੀ ਅਗਵਾਈ ਵਿੱਚ ਸੰਗਤਾਂ ਮਸ਼ਾਲਾਂ ਜਗਾ ਕੇ ਗੁਰਬਾਣੀ ਪੜ੍ਹਦਿਆ ਗੁਰੂ ਜੀ ਦੀ ਰਿਹਾਈ ਲਈ ਸ਼ਾਂਤਮਈ ਪ੍ਰਦਰਸ਼ਨ ਕਰਦੀਆਂ। ਕਦੇ-ਕਦੇ ਗਵਾਲੀਅਰ ਪਹੁੰਚ ਸੰਗਤਾਂ ਕਿਲ੍ਹੇ ਦੀ ਪਰਿਕਰਮਾ ਕਰ ਆਪਣੇ ਸਤਿਕਾਰਤ ਗੁਰੂ ਪ੍ਰਤੀ ਸਤਿਕਾਰ ਪ੍ਰਗਟ ਕਰਦੀਆਂ। ਸਿੱਖ ਸੰਗਤਾਂ ਵਲੋਂ ਹੋ ਰਹੇ ਸ਼ਾਂਤਮਈ ਪ੍ਰਦਰਸ਼ਨ ਤੇ ਸਾਈਂ ਮੀਆਂ ਮੀਰ ਵਰਗੇ ਇਨਸਾਫ਼-ਪਸੰਦ ਮੁਸਲਮਾਨਾਂ ਦੇ ਦਖ਼ਲ ਨਾਲ਼ ਗੁਰੂ ਸਾਹਿਬ ਜੀ ਦੀ ਰਿਹਾਈ ਸੰਭਵ ਹੋਈ। ਗੁਰੂ ਜੀ ਨੇ ਆਪਣੈ ਨਾਲ਼ ਬੰਦੀ 52 ਹਿੰਦੂ ਰਾਜਿਆਂ ਨੂੰ ਵੀ ਬਾਦਸ਼ਾਹ ਦੀ ਕੈਦ ਤੋਂ ਮੁਕਤ ਕਰਵਾਇਆ, ਜਿਸ ਕਰਕੇ ਗੁਰੂ ਜੀ ਨੂੰ ‘ਬੰਦੀ-ਛੋੜ’ ਕਿਹਾ ਜਾਣ ਲੱਗਿਆ।
ਰਿਹਾਈ ਉਪਰੰਤ ਜਦੋਂ ਗੁਰੂ ਜੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ‘ਤੇ ਪਹੁੰਚੇ ਤਾਂ ਗੁਰੂ-ਘਰ ਦੇ ਪ੍ਰੀਤਵਾਨ ਗੁਰਸਿੱਖਾਂ ਨੇ ਘਿਉ ਦੇ ਦੀਵੇ ਜਗਾ, ਆਓ ਭਗਤੀ ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ।
ਸਮੇਂ ਦੀਆਂ ਸਰਕਾਰਾਂ ਨੇ ਸਿੱਖ ਧਰਮ ‘ਤੇ ਕਈਂ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ। ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਤੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਜਦ ਸਿੰਘ ਜੰਗਲਾਂ, ਪਹਾੜਾਂ ਅਤੇ ਰੇਗਿਸਤਾਨਾਂ ਵਿੱਚ ਰਹਿ ਕੇ ਜ਼ਾਲਮ ਹਕੂਮਤ ਨਾਲ਼ ਟੱਕਰ ਲੈ ਰਹੇ ਸਨ, ਉਸ ਸਮੇਂ ਤੁਰਕਾਂ ਵਲੋਂ ਸਿੰਘਾਂ ਦੇ ਸ੍ਰੀ ਅੰਮ੍ਰਿਤਸਰ ਦਾਖ਼ਲੇ ‘ਤੇ ਪਾਬੰਦੀ ਲਾਈ ਹੋਈ ਸੀ। ਪੱਤਾ-ਪੱਤਾ ਸਿੰਘਾਂ ਦਾ ਵੈਰੀ ਸੀ। ਸਿੰਘਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਸਨ। ਅਜਿਹੇ ਬਿਖੜੇ ਵੇਲੇ ਵੀ ਗੁਰੂ-ਘਰ ਦੇ ਪ੍ਰੀਤਵਾਨ ਗੁਰਸਿੱਖ ਜਾਨ ‘ਤੇ ਖੇਡ ਕੇ ਗੁਰੂ-ਘਰ ਦੇ ਦਰਸ਼ਨ-ਇਸ਼ਨਾਨ ਕਰ ਜਾਂਦੇ ਅਤੇ ਸ੍ਰੀ ਹਰਿਮੰਦਰ ਸਾਹਿਬ ਅੰਦਰ ‘ਜੋਤਿ’ ਜਗਾਉਣ ਦੀ ਖਾਤਰ ‘ਸ਼ਹੀਦੀ’ ਤਕ ਵੀ ਪਾ ਜਾਂਦੇ। ਮੱਸੇ ਤੋਂ ਲੈ ਕੇ ਮੀਰ ਮੰਨੂੰ, ਅਦੀਨਾ ਬੇਗ, ਅਬਦਾਲੀ ਆਦਿ ਕਈਆਂ ਨੇ ਸਿੱਖਾਂ ਨੂੰ ਆਪਣੇ ਸੋਮੇ ਨਾਲੋਂ ਤੋੜਨ ਲਈ ਹਰ ਹੀਲਾ ਕੀਤਾ ਗਿਆ। ਜ਼ਕਰੀਆ ਖਾਂ ਨੇ ਨਾਦਰ ਸ਼ਾਹ ਨੂੰ ਦੱਸਿਆ ਕਿ ਸਿੱਖਾਂ ਦੀ ਸ਼ਕਤੀ ਦਾ ਸੋਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹੈ ਤਾਂ ਨਾਦਰ ਸ਼ਾਹ ਨੇ ਉਸ ਨੂੰ ਸਲਾਹ ਦਿੱਤੀ ਕਿ ਇਹਨਾਂ ਦੇ ਇਸ ਰੂਹਾਨੀ ਸੋਮੇ ਨੂੰ ਹੀ ਮੁਕਾ ਦਿਓ। ਨਾਦਰ ਸ਼ਾਹ ਤੇ ਜ਼ਕਰੀਆ ਖਾਨ ਦੇ ਇਤਿਹਾਸਕ ਵਾਰਤਾਲਾਪ ਤੋਂ ਸਪੱਸ਼ਟ ਹੈ ਕਿ ਘੋਰ ਯੁੱਧਾਂ, ਭਾਜੜਾਂ ਤੇ ਹਮਲਿਆਂ ਵੇਲੇ ਵੀ ਸਿੱਖ ਵੱਧ ਤੋਂ ਵੱਧ ਗਿਣਤੀ ਵਿੱਚ ਦੀਵਾਲੀ ਦੇ ਮੌਕੇ ਅੰਮ੍ਰਿਤਸਰ ਇਕੱਠੇ ਹੁੰਦੇ ਸਨ।
ਦੀਵਾਲੀ ਮੌਕੇ ਸੀ ਆਈ ਬੀ ਸੀ ਨੇ ਜਾਰੀ ਕੀਤੇ ਸੋਨੇ ਦੇ ਸਿੱਕੇ
ਟੋਰਾਂਟੋ : ਦੀਵਾਲੀ ਦੇ ਜਸ਼ਨਾਂ ਵਿੱਚ ਸ਼ਾਮਲ ਹੁੰਦਿਆਂ ਸੀ ਆਈ ਬੀ ਸੀ ਬੈਂਕ ਦੁਆਰਾ ਇਸ ਵਾਰ ਸੋਨੇ ਅਤੇ ਚਾਂਦੀ ਦੇ ਵਿਲੱਖਣ ਅਤੇ ਵਿਸ਼ੇਸ਼ ਸਿੱਕੇ ਜਾਰੀ ਕੀਤੇ ਗਏ ਹਨ। ਦੀਵਾਲੀ ਸੰਬੰਧੀ ਅਜਿਹੇ ਸਿੱਕੇ ਜਾਰੀ ਕਰਨ ਵਾਲਾ ਸੀ ਆਈ ਬੀ ਸੀ ਪਹਿਲਾ ਕੈਨੇਡੀਅਨ ਬੈਂਕ ਹੈ।
ਬੈਂਕ ਦੁਆਰਾ ਇਸ ਵਾਰ ਦੋ ਵਿਸ਼ੇਸ਼ ਸਿੱਕੇ ਜਾਰੀ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚ ਇਕ ਹੈ ਦੀਵਾਲੀ ਲਕਸ਼ਮੀ ਅਤੇ ਦੂਜਾ ਹੈ ਦੀਵਾਲੀ ਖੰਡਾ। ਸੋਨੇ ਵਾਲੇ 1 ਔਂਸ ਦੇ ਦੀਵਾਲੀ ਲਕਸ਼ਮੀ ਸਿੱਕਿਆਂ ਦੇ ਇੱਕ ਪਾਸੇ ਗਣੇਸ਼ ਅਤੇ ਲਕਸ਼ਮੀ ਦੇ ਚਿੱਤਰ ਹਨ ਅਤੇ ਦੂਜੇ ਪਾਸੇ ਓਮ ਲਿਖਿਆ ਹੈ। ਇਹੀ ਡਿਜ਼ਾਇਨ 1 ਔਂਸ ਵਾਲੇ ਸ਼ੁੱਧ ਚਾਂਦੀ ਦੇ ਸਿੱਕਿਆਂ ਵਿੱਚ ਵੀ ਉਪਲਬਧ ਹੈ ਅਤੇ ਉਨ੍ਹਾਂ ਦੀ ਕੀਮਤ /54.95 ਰੱਖੀ ਗਈ ਹੈ। ਇਸ ਤੋਂ ਇਲਾਵਾ ਸੀ ਆਈ ਬੀ ਸੀ ਦੁਆਰਾ 1 ਔਂਸ ਚਾਂਦੀ ਵਿੱਚ ਇੱਕ ਹੋਰ ਸਿੱਕਾ ਜਾਰੀ ਕੀਤਾ ਗਿਆ ਹੈ, ਜਿਸ ਦੇ ਇੱਕ ਪਾਸੇ ਖੰਡਾ ਬਣਿਆ ਹੈ ਅਤੇ ਦੂਜੇ ਪਾਸੇ ਇੱਕ ਓਂਕਾਰ ਲਿਖਿਆ ਗਿਆ ਹੈ। ਇਸ ਦੀ ਕੀਮਤ /59.95 ਰੱਖੀ ਗਈ ਹੈ। ਦੀਵਾਲੀ ਸੰਬੰਧੀ ਸਾਰੇ ਸਿੱਕੇ ਕਾਲੇ ਰੰਗ ਤੇ ਇਕ ਖੂਬਸੂਰਤ ਡੱਬੇ ਵਿੱਚ ਪੇਸ਼ ਕੀਤੇ ਜਾਂਦੇ ਹਨ, ਜਿਸ ਤੇ ਦੀਵਾਲੀ ਦੇ ਜਸ਼ਨਾਂ ਨੂੰ ਮੁੱਖ ਰੱਖਦੇ ਲਾਲ ਰੰਗ ਦਾ ਕਵਰ ਹੁੰਦਾ ਹੈ। ਸਾਰੇ ਸਿੱਕੇ ਉੱਚ ਪਾਏ ਦੇ ਇੰਡਸਟਰੀ ਸਟੈਂਡਰਡ 99.99% ਅਨੁਸਾਰ, 24-ਕੈਰਟ ਗੋਲਡ ਅਤੇ ਸ਼ੁੱਧ ਚਾਂਦੀ ਦੇ ਬਣੇ ਹੋਏ ਹਨ।ઠ
ਦੀਵਾਲੀ ਦੇ ਮੌਕੇ ਤੇ ਦੇਣ ਲਈ ਇਹ ਸਿੱਕੇ ਇਕ ਖੂਬਸੂਰਤ ਤੋਹਫਾ ਹਨ, ਜਿਹੜੇ ਕਿ ਹਰ ਉਮਰ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੂੰ ਦਿੱਤੇ ਜਾ ਸਕਦੇ ਹਨ। ਇਕ ਨਿਵੇਕਲੇ ਤੋਹਫੇ ਤੋ ਇਲਾਵਾ ਇਹ ਸਿੱਕੇ ਇਕ ਸਹੀ ਮੌਕੇ ਤੇ ਕੀਤਾ ਗਿਆ ਨਿਵੇਸ਼ ਵੀ ਹਨ। ਕੀਮਤੀ ਧਾਤਾਂ ਵਿੱਚੋਂ ਸੋਨਾ ਇਕ ਅਜਿਹੀ ਚੀਜ਼ ਹੈ, ਜਿਸ ਦੀ ਇਸ ਸਾਲ ਸਭ ਤੋਂ ਵੱਧ ਕੀਮਤ ਵਧੀ ਹੈ ਅਤੇ ਪਿਛਲੇ 10 ਸਾਲਾਂ ਦੌਰਾਨ ਜਿਸ ਨੇ ਸਭ ਤੋਂ ਵੱਧ ਰਿਟਰਨ ਦਿੱਤੀ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਓਨਟੈਰੀਓ ਵਿੱਚ ਕੀਮਤੀ ਧਾਤਾਂ ਦੀ ਖਰੀਦ ਤੇ ਟੈਕਸ ਨਹੀਂ ਲੱਗਦਾ, ਇਸ ਕਰਕੇ ਸੀ ਆਈ ਬੀ ਸੀ ਤੋਂ ਖਰੀਦੇ ਜਾਣ ਵਾਲੇ ਸੋਨੇ ਅਤੇ ਚਾਂਦੀ ਦੇ ਸਿੱਕਿਆਂ ਤੇ ਏਚ ਐਸ ਟੀ ਵੀ ਨਹੀਂ ਲੱਗਦੀ।
ਦੀਵਾਲੀ ਦੇ ਤਿਓਹਾਰਾਂ ਵਿੱਚ ਸ਼ਾਮਲ ਹੁੰਦਿਆਂ ਸੀ ਆਈ ਬੀ ਸੀ ਇਸ ਵਾਰ ਫੇਰ ਬਰੈਂਪਟਨ ਵਿਚ ਹੋਣ ਵਾਲੇ ਕੈਨੇਡਾ ਡਰਾਈ ਦੀਵਾਲੀ-ਫੈਸਟ ਦਾ ਸਪੌਂਸਰ ਹੈ, ਜਿਹੜਾ ਕਿ ਆਪਣੀ ਕਿਸ ਦਾ ਕੈਨੇਡਾ ਦਾ ਸਭ ਤੋਂ ਵੱਡਾ ਦੀਵਾਲੀ ਫੈਸਟੀਵਲ ਹੈ। ਸੀ ਆਈ ਬੀ ਸੀ ਫੈਸਟੀਵਲ ਦੇ ਤਿੰਨੇ ਦਿਨਾਂ ਦੌਰਾਨ ਉਥੇ ਮੌਜੂਦ ਰਹੇਗਾ। ਦੀਵਾਲੀ-ਫੈਸਟ ਤੇ ਵੀ ਦੀਵਾਲੀ ਦੇ ਵਿਸ਼ੇਸ਼ ਸਿੱਕੇ ਉਪਲਬਧ ਹੋਣਗੇ।
ਇਹ ਸਿੱਕੇ ਔਨਲਾਈਨ ਜਾਂ ਕਿਸੇ ਵੀ ਬੈਂਕਿੰਗ ਸੈਂਟਰ ਚੋਂ ਖਰੀਦੇ ਜਾ ਸਕਦੇ ਹਨ ਜਾਂ ਦੀਵਾਲੀ-ਫੈਸਟ ਤੇ ਲਏ ਜਾ ਸਕਦੇ ਹਨ। ਇਹ ਸਿੱਕੇ ਕਿਉਂਕਿ ਕਾਫੀ ਪੌਪੂਲਰ ਹਨ, ਇਸ ਕਰਕੇ ਬੈਂਕ ਨੂੰ ਉਮੀਦ ਹੈ ਕਿ ਇਸ ਵਾਰ ਸਾਰੇ ਦੇ ਸਾਰੇ ਸਿੱਕੇ ਵਿਕ ਜਾਣਗੇ। ਇਸ ਕਰਕੇ ਬੈਂਕ ਦੁਆਰਾ ਆਪਣੇ ਗ੍ਰਾਹਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਇਨ੍ਹਾਂ ਨੂੰ ਵਕਤ ਸਿਰ ਖਰੀਦ ਲੈਣ।
Katarina
Katarina Lukich | CIBC Capital Markets Communications Associate | Communications and Public Affairs | 416-304-5447 |[email protected]
ઠ