19,855 ਵਿੱਚੋਂ 5,495 ਉਮੀਦਵਾਰ ਨਾ ਲੈ ਸਕੇ 50 ਫੀਸਦ ਅੰਕ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਸਕੂਲ ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਕਰਨ ਵਾਸਤੇ ਲਈ ਗਈ ਈਟੀਟੀ ਪ੍ਰੀਖਿਆ ਵਿੱਚ 27 ਫੀਸਦ ਉਮੀਦਵਾਰ ਪੰਜਾਬੀ ਵਿਸ਼ੇ ‘ਚ ਫ਼ੇਲ੍ਹ ਹੋ ਗਏ ਹਨ। ਇਹ ਨਤੀਜਾ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਆਪਣੀ ਵੈਬਸਾਈਟ ਰਾਹੀਂ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ ਈਟੀਟੀ ਦੀ ਪ੍ਰੀਖਿਆ ਦੇਣ ਲਈ ਸੂਬੇ ਦੇ 22,358 ਉਮੀਦਵਾਰਾਂ ਨੇ ਫਾਰਮ ਭਰੇ ਸਨ। ਇਸ ਵਿੱਚੋਂ ਕੁੱਲ 19,855 ਉਮੀਦਵਾਰ ਲਿਖਤੀ ਪ੍ਰੀਖਿਆ ਵਿੱਚ ਬੈਠੇ ਸਨ ਜਿਨ੍ਹਾਂ ਵਿੱਚੋਂ 14,360 ਉਮੀਦਵਾਰਾਂ ਨੇ 50 ਫੀਸਦ ਅੰਕ ਹਾਸਲ ਕਰਕੇ ਪੰਜਾਬੀ ਭਾਸ਼ਾ ਦੀ ਪ੍ਰੀਖਿਆ ਪਾਸ ਕਰ ਲਈ ਹੈ ਜਦੋਂਕਿ 5,495 ਉਮੀਦਵਾਰ ਪੰਜਾਬੀ ਭਾਸ਼ਾ ਦੀ ਪਹਿਲੀ ਪ੍ਰੀਖਿਆ ਵਿੱਚੋਂ 50 ਫੀਸਦ ਅੰਕ ਵੀ ਹਾਸਲ ਕਰਨ ‘ਚ ਨਾਕਾਮ ਰਹੇ ਹਨ ਜਿਨ੍ਹਾਂ ਦੀ ਦਰ 27 ਫੀਸਦੀ ਬਣਦੀ ਹੈ। ਈਟੀਟੀ ਦੇ ਨਤੀਜਿਆਂ ‘ਤੇ ਨਜ਼ਰ ਮਾਰਨ ‘ਤੇ ਸਾਹਮਣੇ ਆਉਂਦਾ ਹੈ ਕਿ ਪੰਜਾਬੀ ਦੀ ਪ੍ਰੀਖਿਆ ਵਿੱਚੋਂ ਫੇਲ੍ਹ ਹੋਣ ਵਾਲੇ 5,495 ਉਮੀਦਵਾਰਾਂ ਵਿੱਚੋਂ 1,666 ਉਮੀਦਵਾਰਾਂ ਦੇ ਨੰਬਰ 40 ਫੀਸਦ ਤੋਂ ਘੱਟ ਆਏ ਹਨ।
ਇਸੇ ਤਰ੍ਹਾਂ 132 ਉਮੀਦਵਾਰਾਂ ਦੇ ਨੰਬਰ 30 ਫੀਸਦ ਅਤੇ 20 ਉਮੀਦਵਾਰਾਂ ਦੇ ਨੰਬਰ 25 ਤੋਂ ਵੀ ਘੱਟ ਆਏ ਹਨ। ਗੌਰਤਲਬ ਹੈ ਕਿ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਲਈ ਕੱਢੀਆਂ ਜਾਣ ਵਾਲੀਆਂ ਅਸਾਮੀਆਂ ਵਿੱਚ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਲਾਜ਼ਮੀ ਕਰ ਦਿੱਤੀ ਗਈ ਹੈ। ਇਸ ਪ੍ਰੀਖਿਆ ਵਿੱਚੋਂ ਘੱਟੋ-ਘੱਟ ਪੰਜਾਹ ਫੀਸਦੀ ਅੰਕ ਹਾਸਲ ਕਰਨੇ ਲਾਜ਼ਮੀ ਹਨ ਜਦੋਂਕਿ 50 ਫੀਸਦ ਅੰਕ ਹਾਸਲ ਨਾ ਕਰਨ ਵਾਲੇ ਉਮੀਦਵਾਰ ਅੱਗੇ ਈਟੀਟੀ ਦੀ ਪ੍ਰੀਖਿਆ ਵਿੱਚ ਨਹੀਂ ਬੈਠ ਸਕਦੇ। ਇਸ ਤੋਂ ਪਹਿਲਾਂ ਵੀ ਆਬਕਾਰੀ ਤੇ ਕਰ ਇੰਸਪੈਕਟਰਾਂ ਦੀ ਭਰਤੀ ਵਾਸਤੇ ਹੋਈ ਪ੍ਰੀਖਿਆ ਵਿੱਚ ਵੀ 38 ਫੀਸਦ ਦੇ ਕਰੀਬ ਉਮੀਦਵਾਰ ਪੰਜਾਬੀ ਭਾਸ਼ਾ ਵਿੱਚੋਂ ਫੇਲ੍ਹ ਹੋ ਗਏ ਸਨ। ਇਸੇ ਤਰ੍ਹਾਂ ਅਧੀਨ ਸੇਵਾਵਾਂ ਬੋਰਡ ਵੱਲੋਂ ਸਟੈਨੋ ਟਾਈਪਿਸਟਾਂ ਦੀਆਂ ਅਸਾਮੀਆਂ ਵਾਸਤੇ ਲਈ ਗਈ ਲਿਖਤੀ ਪ੍ਰੀਖਿਆ ਵਿੱਚ 4627 ਉਮੀਦਵਾਰਾਂ ਵਿੱਚੋਂ 2038 ਉਮੀਦਵਾਰ ਪੰਜਾਬੀ ਵਿੱਚੋਂ ਫੇਲ੍ਹ ਹੋ ਗਏ ਸਨ।
ਪੰਜਾਬੀ ਦੀ ਪ੍ਰੀਖਿਆ ਵਿੱਚ ਲੜਕੀਆਂ ਮੋਹਰੀ
ਈਟੀਟੀ ਦੀ ਪੰਜਾਬੀ ਦੀ ਪ੍ਰੀਖਿਆ ਵਿੱਚੋਂ ਲੜਕੀਆਂ ਮੋਹਰੀ ਰਹੀਆਂ ਹਨ। ਪੰਜਾਬੀ ਦੀ ਪ੍ਰੀਖਿਆ ਵਿੱਚ 94 ਫੀਸਦ ਜਾਂ ਇਸ ਤੋਂ ਵੱਧ ਅੰਕ ਲੈਣ ਵਾਲੇ 9 ਉਮੀਦਵਾਰਾਂ ਵਿੱਚ 7 ਲੜਕੀਆਂ ਸ਼ਾਮਲ ਹਨ ਜਦੋਂਕਿ ਸਭ ਤੋਂ ਵੱਧ ਅੰਕ ਵੀ ਚਾਰ ਲੜਕੀਆਂ ਨੇ ਹਾਸਲ ਕੀਤੇ ਸਨ। ਇਨ੍ਹਾਂ ਵਿੱਚੋਂ ਇਕ ਲੜਕੀ ਨੇ 96 ਫੀਸਦੀ ਤੇ ਤਿੰਨ ਲੜਕੀਆਂ ਨੇ 95 ਫੀਸਦ ਅੰਕ ਹਾਸਲ ਕੀਤੇ ਹਨ। ਹਾਲਾਂਕਿ 94 ਫੀਸਦੀ ਅੰਕ ਲੈਣ ਵਾਲੇ ਪੰਜ ਉਮੀਦਵਾਰਾਂ ਵਿੱਚ ਵੀ ਤਿੰਨ ਲੜਕੀਆਂ ਸ਼ਾਮਲ ਹਨ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …