ਪੁਲਿਸ ਦੀ ਢਿੱਲੀ ਕਾਰਵਾਈ ’ਤੇ ਉਠਣ ਲੱਗੇ ਸਵਾਲ
ਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ਦੇ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀਆਂ ਦੋਵੇਂ ਜ਼ਮਾਨਤ ਅਰਜ਼ੀਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਰੱਦ ਕਰ ਦਿੱਤੀਆਂ ਹਨ। ਮਾਨਯੋਗ ਜੱਜ ਲੀਜਾ ਗਿੱਲ ਨੇ ਦਲੀਲਾਂ ਸੁਣਨ ਤੋਂ ਬਾਅਦ ਸਿਮਰਜੀਤ ਬੈਂਸ ਦੀ ਜ਼ਮਾਨਤ ਅਰਜ਼ੀ ਰੱਦ ਕਰਨ ਦਾ ਫੈਸਲਾ ਸੁਣਾਇਆ। ਇਸ ਤੋਂ ਬਾਅਦ ਵੀ ਲੁਧਿਆਣਾ ਪੁਲਿਸ ਭਗੌੜੇ ਬੈਂਸ ਅਤੇ ਉੇਸਦੇ ਸਾਥੀਆਂ ਨੂੰ ਗਿ੍ਰਫਤਾਰ ਕਰਨ ਵਿਚ ਅਸਮਰਥ ਦਿਸ ਰਹੀ ਹੈ। ਉਧਰ ਦੂਜੇ ਪਾਸੇ ਭਗੌੜੇ ਬੈਂਸ ਦਾ ਲੁਧਿਆਣਾ ਪੁਲਿਸ ਨੂੰ ਚੈਲੰਜ ਵੀ ਹੈ ਕਿ ਉਹ ਲਗਾਤਾਰ ਸ਼ੋਸ਼ਲ ਮੀਡੀਆ ’ਤੇ ਐਕਟਿਵ ਚੱਲ ਰਹੇ ਹਨ। ਇਸਦੇ ਬਾਵਜੂਦ ਵੀ ਲੁਧਿਆਣਾ ਪੁਲਿਸ ਦੇ ਹੱਥ ਖਾਲੀ ਹਨ। ਸੂਤਰਾਂ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਪੁਲਿਸ ’ਤੇ ਰਾਜਨੀਤਕ ਦਬਾਅ ਹੈ, ਜਿਸ ਕਾਰਨ ਪੁਲਿਸ ਸਿਮਰਜੀਤ ਸਿੰਘ ਬੈਂਸ ਨੂੰ ਗਿ੍ਰਫਤਾਰ ਨਹੀਂ ਕਰ ਰਹੀ। ਹਾਈਕੋਰਟ ਤੋਂ ਰਾਹਤ ਨਾ ਮਿਲਣ ’ਤੇ ਵੀ ਪੁਲਿਸ ਬੈਂਸ ਦੀ ਗਿ੍ਰਫਤਾਰੀ ਲਈ ਕੋਈ ਵਿਸ਼ੇਸ਼ ਕਦਮ ਨਹੀਂ ਉਠਾ ਰਹੀ। ਜ਼ਿਕਰਯੋਗ ਹੈ ਕਿ ਬੈਂਸ ਜਬਰ ਜਨਾਹ ਅਤੇ ਕੋਵਿਡ ਪ੍ਰੋਟੋਕਾਲ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਜ਼ਿਲ੍ਹਾ ਸੈਸ਼ਨ ਕੋਰਟ ਵਿਚ ਸੁਣਵਾਈ ਦੌਰਾਨ ਗੈਰਹਾਜ਼ਰ ਰਹੇ ਸਨ। ਇਸ ਕਰਕੇ ਅਦਾਲਤ ਨੇ ਬੈਂਸ ਨੂੰ ਭਗੌੜਾ ਕਰਾਰ ਦੇ ਦਿੱਤਾ ਸੀ। ਭਗੌੜਾ ਐਲਾਨੇ ਜਾਣ ਤੋਂ ਬਾਅਦ ਬੈਂਸ ਖਿਲਾਫ ਲੁਧਿਆਣਾ ਸ਼ਹਿਰ ਵਿਚ ਪੋਸਟਰ ਵੀ ਲਗਾ ਦਿੱਤੇ ਗਏ ਸਨ।