Breaking News
Home / ਪੰਜਾਬ / ‘ਅੰਮ੍ਰਿਤਸਰ ਪੂਰਬੀ’ ਹਲਕਾ ਪੰਜਾਬ ‘ਚ ਚੋਣ ਅਖਾੜੇ ਦਾ ਕੇਂਦਰ ਬਿੰਦੂ ਬਣਿਆ

‘ਅੰਮ੍ਰਿਤਸਰ ਪੂਰਬੀ’ ਹਲਕਾ ਪੰਜਾਬ ‘ਚ ਚੋਣ ਅਖਾੜੇ ਦਾ ਕੇਂਦਰ ਬਿੰਦੂ ਬਣਿਆ

ਮਜੀਠੀਆ ਸਿਰਫ ਅੰਮ੍ਰਿਤਸਰ ਪੂਰਬੀ ਤੋਂ ਹੀ ਲੜਨਗੇ ਚੋਣ ੲ ਸਿੱਧੂ ਅਸ਼ੀਰਵਾਦ ਲੈਣ ਵੈਸ਼ਨੋ ਦੇਵੀ ਪਹੁੰਚੇ
ਨਵਜੋਤ ਸਿੱਧੂ ਤੇ ਮਜੀਠੀਆ ਵਿਚਾਲੇ ਚੋਣ ਮੁਕਾਬਲਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਵਿਚ ਦੋ ਸਿਆਸੀ ਦਿੱਗਜਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਚਾਲੇ ਚੋਣ ਜੰਗ ਭਖਣ ਲੱਗੀ ਹੈ। ਇਹ ਹਲਕਾ ਪੰਜਾਬ ਵਿਚ ਚੋਣ ਅਖਾੜੇ ਦਾ ਕੇਂਦਰ ਬਿੰਦੂ ਬਣ ਗਿਆ ਹੈ। ਅੰਮ੍ਰਿਤਸਰ ਪੂਰਬੀ ਹਲਕੇ ‘ਤੇ ਹੁਣ ਦੇਸ਼ ਵਿਦੇਸ਼ਾਂ ਵਿਚ ਬੈਠੇ ਪੰਜਾਬੀ ਭਾਈਚਾਰੇ ਦਾ ਧਿਆਨ ਟਿਕ ਗਿਆ ਹੈ। ਹੁਣ 20 ਫਰਵਰੀ ਨੂੰ ਵੋਟਾਂ ਪੈਣ ਤੋਂ ਬਾਅਦ 10 ਮਾਰਚ ਨੂੰ ਆਉਣ ਵਾਲੇ ਨਤੀਜਿਆਂ ਤੋਂ ਹੀ ਪਤਾ ਲੱਗੇਗਾ ਕਿ ਕੌਣ ਚੋਣ ਬਾਜ਼ੀ ਜਿੱਤਦਾ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਇਨ੍ਹਾਂ ਦੋਵਾਂ ਉਮੀਦਵਾਰਾਂ ਵਿਚੋਂ ਜਿਹੜਾ ਵੀ ਚੋਣ ਹਾਰੇਗਾ, ਉਸਦੀ ਇਹ ਪਹਿਲੀ ਹਾਰ ਹੋਵੇਗੀ। ਧਿਆਨ ਰਹੇ ਕਿ ਬਿਕਰਮ ਮਜੀਠੀਆ ਨੇ ਮਜੀਠਾ ਹਲਕਾ ਛੱਡ ਦਿੱਤਾ ਹੈ ਕਿ ਹੁਣ ਉਹ ਸਿਰਫ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਹੀ ਚੋਣ ਲੜਨਗੇ ਅਤੇ ਮਜੀਠਾ ਹਲਕੇ ਤੋਂ ਬਿਕਰਮ ਮਜੀਠੀਆ ਦਾ ਪਤਨੀ ਚੋਣ ਲੜ ਰਹੇ ਹਨ। ਇਸੇ ਦੌਰਾਨ ਨਵਜੋਤ ਸਿੰਘ ਸਿੱਧੂ ਆਪਣੀ ਸਿਆਸੀ ਸਫਲਤਾ ਲਈ ਮਾਤਾ ਵੈਸ਼ਨੋ ਦੇਵੀ ਕਟੜਾ ਨਤਮਸਤਕ ਹੋਣ ਪਹੁੰਚ ਗਏ ਅਤੇ ਮਜੀਠੀਆ ਨੇ ਅੰਮ੍ਰਿਤਸਰ ਪੂਰਬੀ ਹਲਕੇ ਵਿਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ। ਇਸ ਮੌਕੇ ਮਜੀਠੀਆ ਨੇ ਕਿਹਾ ਕਿ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੇ ਝੂਠੇ ਵਾਅਦੇ ਕਰਕੇ ਹਲਕੇ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਹਨ ਤਾਂ ਉਹ ਨਵੇਂ ਮਾਡਲਾਂ ਦੀ ਗੱਲ ਕਰਦੇ ਹਨ, ਜੋ ਬਾਅਦ ਵਿਚ ਉਨ੍ਹਾਂ ਨੂੰ ਭੁੱਲ ਜਾਂਦੇ ਹਨ। ਖੇਡ ਸਟੇਡੀਅਮ ਅਤੇ ਪੁਲਾਂ ਦੇ ਨਿਰਮਾਣ ਬਾਰੇ ਵੀ ਉਹ ਭੁੱਲਚੁੱਕੇ ਹਨ। ਇਸ ਹਲਕੇ ਨਾਲ ਮਤਰੇਈ ਮਾਂ ਵਾਲਾ ਸਲੂਕ ਹੋਇਆ ਹੈ। 18 ਸਾਲਾਂ ਵਿਚ ਸਿੱਧੂ ਨੇ ਹਲਕੇ ਲਈ ਕੁਝ ਨਹੀਂ ਕਿਹਾ। ਉਨ੍ਹਾਂ ਕਿਹਾ ਕਿ ਸਿੱਧੂ ਨੇ ਪਹਿਲਾਂ ਜਿਨ੍ਹਾਂ ਕਾਂਗਰਸੀ ਆਗੂਆਂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਡਾ. ਮਨਮੋਹਨ ਸਿੰਘ ਖਿਲਾਫ ਅਪਮਾਨ ਵਾਲੀ ਸ਼ਬਦਾਵਲੀ ਵਰਤੀ ਸੀ, ਹੁਣ ਉਹ ਉਨ੍ਹਾਂ ਦੇ ਸੋਹਲੇ ਗਾ ਰਹੇ ਹਨ।ਉਨ੍ਹਾਂ ਆਰੋਪ ਲਾਇਆ ਕਿ ਉਹ ਹਰ ਵਿਅਕਤੀ ਦਾ ਅਪਮਾਨ ਕਰਦੇ ਹਨ ਪਰ ਇਸ ਵਾਰ ਲੋਕ ਉਨ੍ਹਾਂ ਨੂੰ ਇਹ ਸਿਖਾਉਣਗੇ ਕਿ ਕਿਵੇਂ ਲੋਕਾਂ ਦਾ ਇੱਜ਼ਤ-ਮਾਣ ਕੀਤਾ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਹਲਕੇ ਨੂੰ ਨਵਾਂ ਰੂਪ ਦੇਣਗੇ, ਜਿੱਥੇ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਹੋਵੇਗੀ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦਿਆਂ ਦੱਸਿਆ ਕਿ ਉਹ ਮਾਤਾ ਵੈਸ਼ਨੋ ਦੇਵੀ ਮੱਥਾ ਟੇਕਣ ਜਾ ਰਹੇ ਹਨ।

ਰਾਜਨੀਤੀ ਵਿਚ ਆ ਕੇ ਨੁਕਸਾਨ ਹੀ ਹੋਇਆ : ਡਾ. ਸਿੱਧੂ
ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਚੋਣਾਂ ਵਿਚ ਸਫਲਤਾ ਨਾ ਮਿਲੀ ਤਾਂ ਉਹ ਦੁਬਾਰਾ ਆਪਣੇ ਪ੍ਰੋਫੈਸ਼ਨ ਵਿਚ ਵਾਪਸ ਜਾ ਸਕਦੇ ਹਨ। ਡਾ.ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਰਾਜਨੀਤੀ ਵਿਚ ਆ ਕੇ ਬਹੁਤ ਜ਼ਿਆਦਾ ਨੁਕਸਾਨ ਝੱਲਣਾ ਪਿਆ ਹੈ। ਡਾ.ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਮੁੰਬਈ ਵਿਚ ਸ਼ੋਅ ਕਰਦੇ ਹੋਏ ਹਰ ਘੰਟੇ 25 ਲੱਖ ਰੁਪਏ ਕਮਾਉਂਦੇ ਸਨ ਅਤੇ ਉਹ ਖੁਦ ਵੀ ਹਰ ਮਹੀਨੇ 5 ਤੋਂ 10 ਲੱਖ ਰੁਪਏ ਕਮਾ ਲੈਂਦੀ ਸੀ। ਪਰ, ਰਾਜਨੀਤੀ ਵਿਚ ਆ ਕੇ ਉਨ੍ਹਾਂ ਦਾ ਨੁਕਸਾਨ ਹੀ ਹੋਇਆ ਹੈ। ਡਾ. ਸਿੱਧੂ ਨੇ ਕਿਹਾ ਕਿ ਜੇਕਰ ਇਨ੍ਹਾਂ ਚੋਣਾਂ ਵਿਚ ਸਫਲਤਾ ਨਾ ਮਿਲੀ ਤਾਂ ਉਹ ਦੁਬਾਰਾ ਆਪਣੇ ਪ੍ਰੋਫੈਸ਼ਨ ਵਿਚ ਵਾਪਸ ਚਲੇ ਜਾਣਗੇ।

Check Also

ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਪਾਰਟੀ ਛੱਡਣ ਵਾਲਿਆਂ ’ਤੇ ਕਸਿਆ ਤਨਜ਼

ਕਿਹਾ : ਪਾਰਟੀ ’ਚੋਂ ਫੁਟਕਲ ਮਾਲ ਜਾ ਰਿਹੈ ਬਾਹਰ ਪਟਿਆਲਾ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ ਦੇ …