ਬਲਵਿੰਦਰ ‘ਬਾਲਮ’
ਮੋ.: 98156-25409
ਮਾਘ ਸ਼ੁਕਲ ਪੰਚਮੀ ਦੇ ਦਿਨ ਬਸੰਤ ਦਾ ਜਨਮ ਹੋਇਆ। ਬਸੰਤ ਪੰਚਮੀ ਦੇ ਦਿਨ ਕਲਾ ਅਤੇਸੰਗੀਤ ਦੀ ਦੇਵੀ ਸਰਸਵਤੀ ਦੀ ਪੂਜਾ ਹੁੰਦੀ ਹੈ। ਫ਼ਲ, ਫੁੱਲਾਂ ਅਤੇ ਰੰਗ ਬਰੰਗੀਆਂ ਵੇਲਾਂ ਦੇਬੰਦਨਵਾਰ ਮਹਾਰਾਣੀ ਬਸੰਤ ਰੁੱਤ ਦਾ ਸਵਾਗਤ ਕਰਦੇ ਹਨ। ਇਹ ਤਿਉਹਾਰ ਵਾਸਤਵ ਵਿਚ ਰੁੱਤਾਂ ਦੀ ਰਾਣੀ ਬਸੰਤ ਦੀ ਅਗਵਾਈ ਦੀ ਸੂਚਨਾ ਦਿੰਦਾ ਹੈ।
ਬਸੰਤ ਫਬੀਲੇ ਮੌਸਮ ਦਾ ਮਹਾਮੇਲਾ ਹੈ। ਕੁਦਰਤ ਦੀ ਖ਼ੂਬਸੂਰਤੀ ਦਾ ਸੰਕਲਪ ਹੈ ਬਸੰਤ। ਸੁੰਦਰ ਸੁੰਦਰ ਖਿੜ੍ਹਦੇ ਫੁੱਲਾਂ ਨੂੰ ਚੁੰਮਦੇ ਤਰੇਲ ਦੇ ਤੁਪਕੇ ਜ਼ਿੰਦਗੀ ਦੀ ਹਕੀਕੀ ਜਾਣ ਪਹਿਚਾਣ ਕਰਵਾਉਂਦੇ ਨਜ਼ਰ ਆਉਂਦੇ ਹਨ। ਖੇਤਾਂ ਵਿਚ ਦੂਰ-ਦੂਰ ਤੱਕ ਸਰ੍ਹੋਂ ਦੀਆਂ ਪੀਲੀਆਂ ਸੋਨੇ ਵਾਂਗ ਚਮਕਦੀਆਂ ਫਸਲਾਂ ਅੱਖਾਂ ਲਈ ਇਕ ਤੰਦਰੁਸਤ ਖ਼ੁਰਾਕ, ਸੁੰਦਰ ਨਜ਼ਾਰਿਆਂ ਨੂੰ ਤ੍ਰਿਪਤੀ ਵਿਚ ਬਦਲਦੀ ਹੈ।
ਮੌਸਮ ਦੇ ਖ਼ੂਬਸੂਰਤ ਪਰਿਵਰਤਨ ਦਾ ਨਾਮ ਹੈ ਬਸੰਤ। ਸੂਰਜ ਤੜਕ ਸਵੇਰਾ ਲੈ ਕੇ ਜਦ ਸਤਿਕਾਰ ਵੰਡਦਾ ਹੈ ਤਾਂ ਮੌਸਮ ਦੀ ਅੰਗੜਾਈ ਵਿਚ ਖ਼ੁਸ਼ਬੂਆਂ ਪਿਆਰ ਭਰਦੀਆਂ ਹਨ। ਲਹਿਲਹਾਂਦੇ ਹਰੇ ਭਰੇ ਖੇਤ, ਫੁੱਲਾਂ ਦੇ ਰੰਗਾਂ ਦੀ ਸੁੰਦਰ ਦਿਖ, ਅੰਬਾਂ ਉਤੇ ਪਿਆ ਬੂਰ ਕਿਸੇ ਮਤਵਾਲੀ ਕੋਇਲ ਦਾ ਇਕਰਾਰ ਮਨਮੋਹਣੀ ਆਵਾਜ਼ ਨੂੰ ਤਰਸਦਾ ਹੈ। ਫਿਰ ਬਸੰਤ ਰੁੱਤ ਵਿਚ ਰੰਗਿਆ ਜਾਂਦਾ ਹੈ ਸਾਰਾ ਸੰਸਾਰ, ਸਾਰੀ ਕਾਏਨਾਤ, ਸਾਰੀ ਮਨੁੱਖਤਾ।
ਤੁਰਲੇ ਵਾਲੀ ਪੀਲੀ ਪਗੜੀ, ਤੇੜ ਗੁਲਾਬੀ ਲਾਚਾ, ਕਿਸੇ ਮੁੱਛ ਫੁੱਟ ਗੱਭਰੂ ਦੇ ਗੋਰੇ ਗੋਰੇ ਮੁੱਖ ਉਤੇ ਸੂਰਜ ਵਰਗਾ ਹਾਸਾ, ਹੱਥ ਵਿਚ ਖੂੰਡਾ, ਗਲ਼ ਵਿਚ ਮਾਲਾ, ਛਾਤੀ ਉਪੱਰ ਮਚਲਦਾ ਸੋਨੇ ਦਾ ਕੈਂਠਾ, ਮੁਕੰਮਲ ਪੰਜਾਬੀ ਸੱਭਿਆਚਾਰ ਵਿਚ ਬਸੰਤ ਦਾ ਰੂਪ। ਲਹਿਲਹਾਂਦੇ ਹੋਏ ਖੇਤਾਂ ਵਿਚ ਇਕ ਸੁਹਣੀ ਮੁਟਿਆਰ, ਸਿਰ ਉਪੱਰ ਪੀਲੀ ਚੁੰਨੀ ਘਟਾਵਾਂ ਵਾਂਗ ਲਹਿਰਾਂਦੀ, ਪੈਰ੍ਹੀਂ ਝਾਂਜਰਾਂ ਦੀ ਛਣਕਾਟ, ਲੰਬੀ ਪਰਾਂਦੇ ਵਾਲੀ ਗੁੱਤ ਵਿਚ ਸਜੇ ਫੁੰਮਣ, ਮਟਕ-ਮਟਕ ਪਬ ਧਰਦੀ ਜਾਂਦੀ ਬਸੰਤ ਦੇ ਵਿਚਕਾਰ ਬਸੰਤ ਦੀ ਆਮਦ ਦਾ ਪਿਆਰ।
ਹਾੜ੍ਹੀ ਦੀਆਂ ਫਸਲਾਂ ਖਿੜ੍ਹ-ਖਿੜ੍ਹ ਹੱਸਣ ਜੋਬਨ ਰੁੱਤੇ, ਕੋਮਲ- ਕੋਮਲ ਟਹਿਣੀਆਂ ਉਪੱਰ ਫੁੱਟਦੇ ਆਨਾਰ। ਸਰਦੀ ਅਤੇ ਗਰਮੀ ਆਪਸ ਵਿਚ ਅੱਖ ਮਿਚੋਲੀ ਖੇਡਦੇ ਹੋਏ ਦਿਲਕਸ਼ ਮੌਸਮ ਦੇ ਨਾਮ ਪਤਝੜੀ ਕਿਰਿਆਵਾਂ ਨੂੰ ਅਲਵਿਦਾ ਕਹਿੰਦੇ ਹੋਏ ਅਤੀਤ ਦੇ ਪੈਰ੍ਹਾਂ ਵਿਚ ਵਰਤਮਾਨ ਦੇ ਅਤਿ ਸੁੰਦਰ ਚਿੰਨ੍ਹ ਛੱਡ ਜਾਂਦੇ। ਕਿਸਾਨ ਆਪਣੀ ਕਮਾਈ ਦੀ ਖੁਸ਼ੀ ਦੇ ਚਿੰਨ੍ਹ ਜਵਾਨ ਭਰਪੂਰ ਖਿੜੀਆਂ ਪੱਕ ਰਹੀਆਂ ਫਸਲਾਂ ਦੇ ਸੁਨਹਿਰੀ ਦ੍ਰਿਸ਼ ਦੇਖਦਾ ਹੋਇਆ ਘਰੇਲੂ ਮਜ਼ਬੂਰੀਆ ਅਤੇ ਕਰਜ਼ਿਆਂ ਤੋਂ ਛੁਟਕਾਰਾ ਪਾਉਣ ਦੀ ਲਲਕ ਵਿਚ ਤਤਪਰ ਹੁੰਦਾ ਹੈ।
ਬਸੰਤ ਰੁੱਤੇ ਬਾਗਾਂ ਵਿਚ ਤਿਤਲੀਆਂ ਅਤੇ ਭੌਰਿਆਂ ਦੇ ਫੁੱਲਾਂ ਨਾਲ ਦਿਲਕਸ਼ ਕਲੋਲ ਸੁੰਦਰਤਾ ਦੇ ਮੇਲੇ ਨੂੰ ਚਾਰ ਚੰਨ ਲਗਾ ਦਿੰਦੇ ਹਨ। ਖਿੜ੍ਹੇ ਸੁੰਦਰ ਫੁੱਲਾਂ ਅਤੇ ਕਲੀਆਂ ਦੇ ਸਫੇਦ ਜਿਸਮ ਬਹਾਰਾਂ ਦੀ ਜ਼ਿੰਦਗੀ ਨੂੰ ਅਲੌਕਿਕਤਾ ਬਖ਼ਸ਼ਦੇ ਹਨ। ਪੰਛੀਆਂ ਦੀ ਚਹਿਚਹਾਹਟ, ਸੂਰਜ ਦੀਆਂ ਸੱਜਰੀਆਂ ਕਿਰਨਾਂ ਨਾਲ ਮਾਨਵਤਾ ਨੂੰ ਸੰਦੇਸ਼ ਦਿੰਦੀਆਂ ਹਨ। ਸੁੰਦਰ ਮੌਸਮ ਵਿਚ ਏਕਤਾ, ਸਦਭਾਵਨਾ, ਅਗਵਾਈ, ਦ੍ਰਿੜ ਇਰਾਦੇ, ਆਪਸੀ ਭਾਈਚਾਰੇ ਦੀ ਇਕ ਜੀਂਵਤ ਉਦਾਹਰਣ ਬਣਦੇ ਹਨ ਪਰਵਾਸੀ ਪੰਛੀਆਂ ਦੇ ਝੁੰਡ। ਇਹ ਸਭ ਕੁਝ ਬਸੰਤ ਦੀ ਖ਼ੂਬਸੂਰਤੀ ਦਾ ਹੀ ਹੀਲਾ ਵਸੀਲਾ ਹੈ।
ਬੁਲਬੁਲਾਂ, ਕੋਇਲ, ਪਪੀਹੇ, ਮੋਰ ਬਨਸਪਤੀ ਦੀ ਸੁੰਦਰਤਾ ਉਪੱਰ ਖੁਸ਼ ਹੋ ਕੇ ਬਸੰਤ ਦੀ ਖ਼ੂਬਸੂਰਤੀ ਨੂੰ ਚਾਰ ਚੰਨ੍ਹ ਲਗਾ ਦਿੰਦੇ ਹਨ। ਬਸੰਤ ਰੁੱਤ ਦੀਆਂ ਮਿਹਰਬਾਨੀਆਂ, ਅਭਿਵਾਦਨ, ਅਭਿਨੰਦਨ ਧਰਤੀ ਨੂੰ ਮਾਲਾਮਾਲ ਕਰ ਦਿੰਦੇ ਹਨ। ਸ਼ੁਭ ਸ਼ਗੁਨ ਦੀ ਪਵਿੱਤਰ ਪਰੰਪਰਾ ਹੈ ਬਸੰਤ ਦੀ ਰੁੱਤ। ਸਾਰੀ ਕੁਦਰਤ ਕਾਏਨਾਤ ਅਤੇ ਬਨਸਪਤੀ ਮਨੁੱਖਤਾ ਨੂੰ ਸਤਿਅਮ, ਸ਼ਿਵਮ-ਸੁੰਦਰਤਾ ਦਾ ਸੰਦੇਸ਼ ਦਿੰਦੀ ਹੈ।
ਨਦੀਆਂ-ਦਰਿਆਵਾਂ ਵਿਚ ਪਾਣੀ ਦੀ ਸ਼ੁੱਧਤਾ ਵਧਦੀ ਹੋਈ ਖੁਸ਼ਹਾਲੀ ਦਾ ਸੰਦੇਸ਼ ਦਿੰਦੀ ਹੈ। ਪਹਾੜਾਂ ਦੀ ਖ਼ੂਬਸੂਰਤੀ ਵਿਚ ਬਸੰਤ ਦੀ ਰੁੱਤ ਦੁਲਹਨਾਂ ਵਾਂਗੂੰ ਸਜਦੀ ਹੋਈ ਜੰਨਤ ਦਾ ਭੁਲੇਖਾ ਪਾਉਂਦੀ ਹੈ। ਇਹ ਰੁੱਤ ਮਾਨਵਤਾ ਦੀ ਖੁਸ਼ਹਾਲੀ ਦੀ ਪ੍ਰਤੀਕ ਹੈ। ਅੰਬਰ ਛੂਹਦੀਆਂ ਪਹਾੜਾਂ ਦੀਆਂ ਟੀਸੀਆਂ, ਬੁਲੰਦੀਆਂ ਉਪੱਰ ਖਿੜਦੀ ਬਸੰਤ ਵਿਚ ਤਰ੍ਹਾਂ-ਤਰ੍ਹਾਂ ਦੇ ਫੁੱਲਾਂ ਦੀ ਮਹਿਕ ਟੇਢੀਆਂ-ਮੇਢੀਆਂ ਪਗਡੰਡੀਆਂ ਨੂੰ ਜ਼ਿੰਦਗੀ ਦੇ ਦਿੰਦੀਆਂ। ਪਹਾੜਾਂ ਦੀ ਖ਼ੂਬਸੂਰਤੀ ਵਿਚ ਵੀ ਬਸੰਤ ਦੀ ਰੁੱਤ ਸਮੇਂ ਇਕ ਵਿਲੱਖਣ ਸੱਜਰਾ ਪਰਿਵਰਤਨ ਹੁੰਦਾ ਹੈ। ਬਰਫ਼ ਖੁਰਨ ਨਾਲ ਸ਼ੁੱਧ ਪਾਣੀ ਆਪਣੀ ਪਰਿਵਰਤਨਸ਼ੀਲਤਾ ਵਿਚ ਨਵੀਨਤਾ ਪੈਦਾ ਕਰਦਾ ਹੈ। ਝਰਨਿਆਂ ਵਿਚ ਦੁੱਧ ਚਿੱਟਾ ਪਾਣੀ ਉਪੱਰੋਂ ਵਹਿੰਦਾ ਹੋਇਆ ਹੇਠਾਂ ਧਰਤੀ ਨੂੰ ਜਦ ਚੁੰਮਦਾ ਹੈ ਤਾਂ ਸ਼ੀਸ਼ੇ ਦੀਆਂ ਕਿਰਚੀਆਂ ਵਾਂਗੂੰ ਟੁੱਟ ਕੇ ਫੈਲਦਾ ਹੋਇਆ ਅਨੇਕਾਂ ਅਕਸ ਪੈਦਾ ਕਰਦਾ ਹੈ ਜੋ ਜਵਾਨੀ ਸੁੰਦਰਤਾ ਅਤੇ ਜੰਨਤ ਦਾ ਆਭਾਸ਼ ਕਰਵਾਉਂਦਾ ਹੈ।
ਇਸ ਦਿਨ ਚਾਰੇ ਪਾਸੇ ਬਸੰਤੀ ਰੰਗ ਦੀ ਸੁੰਦਰਤਾ ਬਿਖਰ ਜਾਂਦੀ ਹੈ। ਬਸੰਤੀ ਪਗੜੀਆਂ, ਬਸੰਤੀ ਦੁਪੱਟੇ, ਬਸੰਤੀ ਰੁਮਾਲ, ਬਸੰਤੀ ਸੁਨਹਿਰੀ ਗਹਿਣੇ ਧਰਤੀ ਦੀ ਸੁੰਦਰਤਾ ਨੂੰ ਜੰਨਤ ਪਰੋਸ ਦਿੰਦੀ ਹੈ।
ਬਸੰਤ ਬਾਰੇ ਸ੍ਰੀ ਗੁਰੂ ਅਮਰਦਾਸ ਜੀ ਨੇ ਫਰਮਾਇਆ ਹੈ: ਬਨਸਪਤਿ ਮਉਲੀ ਚੜ੍ਹਿਆ ਬਸੰਤ। ਇਹੁ ਮਨੁ ਮਉਲਿਆ ਸਤਿਗੁਰੂ ਸੰਗ। ਤੁਮ ਸਾਚੁ ਧਿਆਵਹੁ ਮੁਗਧ ਮਨਾ। ਤਾ ਸੁਖ ਪਾਵਹੁ ਮੇਰੇ ਮਨਾ। ਇਹ ਲਾਈਨਾਂ ਜੀਵਨ ਦੇ ਸੁਖਦ ਪਲਾਂ ਨੂੰ ਬਿਆਨ ਕਰਦੀਆਂ ਹਨ। ਬਨਸਪਤੀ ਆਣ ‘ਤੇ ਬਸੰਤ ਦੀ ਆਮਦ ਅਤੇ ਸੁੱਖ ਦੀ ਪ੍ਰਾਪਤੀ ਸਤਿਗੁਰੂ ਦੀ ਉਪਾਸਨਾ ਨਾਲ ਹੀ ਹੈ।
ਭਗਤ ਕਬੀਰ ਜੀ ਆਪਣੀ ਬਾਣੀ ਵਿਚ ਲਿਖਦੇ ਹਨ: ਮਉਲੀ ਧਰਤੀ ਮਉਲਿਆ ਆਕਾਸੁ। ਘਟਿ ਘਟਿ ਮਉਲਿਆ ਆਤਮ ਪ੍ਰਗਾਸੁ। ਆਦਿ
ਸ੍ਰੀ ਗੁਰੂ ਅਰਜਨ ਦੇਵ ਜੀ ਆਪਣੀ ਬਾਣੀ ਵਿਚ ਆਖਦੇ ਹਨ: ਤਿਸੁ ਬਸੰਤ ਜਿਸੁ ਪ੍ਰਭੂ ਕ੍ਰਿਪਾਲ॥ ਤਿਸ ਬਸੰਤ ਜਿਸੁ ਗੁਰੁ ਦਇਆਲ॥ ਮੰਗਲ ਤਿਸਕੈ ਜਿਸੁ ਏਕੁ ਨਾਮ॥ ਤਿਸੁ ਸਦ ਬਸੰਤੁ ਜਿਸੁ ਰਿਦੈ ਨਾਮ॥੧॥ ਆਦਿ।
ਸ੍ਰੀ ਗੁਰੂ ਅਮਰਦਾਸ ਜੀ ਲਿਖਦੇ ਹਨ: ਬਸੰਤ ਚੜ੍ਹਿਆ ਫੂਲੀ ਬਨਰਾਇ॥ ਏਹਿ ਜੀਅ ਜੰਤ ਫੂਲਹਿ ਹਰਿ ਚਿਤੁ ਲਾਇ॥ ਗੁਰੂ ਸਾਹਿਬਾਨ ਨੇ ਵੀ ਬਸੰਤ ਦੀ ਉਸਤਤ ਵਿਚ ਖ਼ੂਬ ਲਿਖਿਆ ਅਤੇ ਸੁੰਦਰ ਮਾਨਵਤਾਵਾਦੀ ਤਸ਼ਬੀਹਾਂ ਦਿੱਤੀਆਂ ਹਨ।
ਇਸ ਦਿਨ ਅਸਮਾਨ ਵਿਚ ਪਤੰਗਾਂ (ਗੁੱਡੀਆਂ) ਅਤੇ ਡੋਰਾਂ ਇਸ ਤਰ੍ਹਾਂ ਪੇਚੇ ਲੜਾਉਂਦੀਆਂ ਹਨ ਕਿ ਸਾਰਾ ਅਸਮਾਨ ਇਵੇਂ ਨਜ਼ਰ ਆਉਂਦਾ ਹੈ ਜਿਵੇਂ ਕਿਸੇ ਚਿੱਤਰਕਾਰ ਨੇ ਹਵਾ ਵਿਚ ਚਿੱਤਰਕਾਰੀ ਕੀਤੀ ਹੋਵੇ। ਰੰਗ ਬਰੰਗੀਆਂ ਪਤੰਗਾਂ ਦੀ ਖ਼ੂਬਸੂਰਤੀ ਅਸਮਾਨ ਨੂੰ ਸੁੰਦਰਤਾ ਬਖ਼ਸ਼ ਦਿੰਦੀ ਹੈ। ਆ, ਬੋ, ਈ, ਓ! ਦੀਆਂ ਲੰਬੀਆ ਹੇਕਾਂ ਫ਼ਿਜ਼ਾਂ ਵਿਚ ਜਦ ਗੂੰਜਦੀਆਂ ਹਨ ਤਾਂ ਜਵਾਨੀ ਦੀ ਪਰਿਭਾਸ਼ਾ ਉਮੜ ਆਉਂਦੀ ਹੈ। ਬਸੰਤ ਸਫ਼ਲ ਹੋ ਜਾਂਦੀ ਹੈ।
ਬਸੰਤ ਵਾਲੇ ਦਿਨ ਸਾਰੇ ਭਾਰਤ ਵਿਚ ਕਈ ਵੱਡੇ ਮੇਲੇ ਅਤੇ ਪਤੰਗਬਾਜੀ ਦੇ ਲੱਖਾਂ ਦੇ ਮੁਕਾਬਲੇ ਹੁੰਦੇ ਹਨ। ਖ਼ਾਸ ਕਰਕੇ ਲਖਨਊ ਆਦਿ ਸ਼ਹਿਰਾਂ ਵਿਚ ਪਤੰਗਬਾਜੀ ਦੀਆਂ ਸ਼ਰਤਾਂ ਲਗਦੀਆਂ ਹਨ। ਪੰਜਾਬ ਵਿਚ ਖ਼ਾਸ ਕਰਕੇ ਸਾਰੇ ਸ਼ਹਿਰਾਂ ਨਗਰਾਂ ਤੋਂ ਇਲਾਵਾ ਅੰਮ੍ਰਿਤਸਰ, ਫਿਰੋਜ਼ਪੁਰ ਆਦਿ ਸ਼ਹਿਰਾਂ ਵਿਚ ਪਤੰਗਬਾਜੀ ਦੀਆਂ ਸ਼ਰਤਾਂ ਲਗਦੀਆਂ ਹਨ ਅਤੇ ਦੇਰ ਰਾਤ ਤੱਕ ਪਤੰਗਾਂ ਦੇ ਪੇਚੇ ਚਲਦੇ ਹਨ। ਪਤੰਗਬਾਜੀ ਦਾ ਤਿਉਹਾਰ ਵੀ ਇਸ ਦਿਨ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਲੜਕੇ ਅਤੇ ਲੜਕੀਆਂ ਵੀ ਪਤੰਗਾਂ ਉਡਾਂਦੀਆਂ ਹਨ। ਮਾਂ-ਬਾਪ ਆਪਣੀਆਂ ਪਿਆਰੀਆਂ ਪਿਆਰੀਆਂ ਧੀਆਂ ਨੂੰ ਖ਼ੁਦ ਪਤੰਗ-ਡੋਰ ਖ਼ਰੀਦ ਕੇ ਦਿੰਦੇ ਹਨ ਤਾਂ ਜੋ ਲੜਕੀਆਂ ਨੂੰ ਬਰਾਬਰਤਾ ਦੀ ਸ਼ਕਤੀ ਪ੍ਰਦਾਨ ਹੋਵੇ।
ਭਾਈ ਗੁਰਦਾਸ ਜੀ ਨੇ ਮਨੁੱਖ ਨਾਲ ਤਸ਼ਬੀਹ ਦਿੰਦੇ ਹੋਏ ਆਪਣੇ ਕਬਿੱਤ ਵਿਚ ਪਤੰਗ (ਗੁੱਡੀ) ਬਾਰੇ ਕਮਾਲ ਦਾ ਫੁਰਮਾਣ ਕੀਤਾ ਹੈ:
”ਪਵਨ ਗਵਨ ਜੈਸੇ ਗੁਡੀਆ ਉਡਤ ਰਹੈ, ਪਵਨ ਰਹਿਤ ਗੁਡੀ ਉਡ ਨ ਸਕਤ ਹੈ।
ਡੋਰੀ ਕੀ ਮਰੋਰ ਜੈਸੇ ਲਟੂਆ ਫਿਰਤ ਰਹੈ, ਤਾਉ ਹਾਉ ਮਿਟੈ ਗਿਰ ਪਰੈ ਥਕਤ ਹੈ।
ਕੰਚਨ ਅਸੁਧ ਜਿਉ ਕੁਠਾਰੀ ਠਹਗਤ ਨਾਹੀ, ਸ਼ੁਧ ਭਏ ਨਿਹਚਲ ਛਬਿ ਕੈ ਛਕਤ ਹੈ।
ਦੁਰਮਤਿ ਦੁਬਿਧਾ ਭ੍ਰਮਤ ਹੈ ਚਤੁਰ ਕੁੰਟ, ਗੁਰ ਮਤਿ ਏਕ ਏਕ ਮੌਨ ਨ ਬਕਤ ਹੈ।”
ਬਸੰਤ ਦੇ ਦਿਨ ਹੀ ਘਰਾਂ-ਧਾਰਮਿਕ ਸਥਾਨਾਂ, ਸੰਸਥਾਵਾਂ ਆਦਿ ਵਿਖੇ ਪੀਲੇ ਰੰਗ ਦੇ ਪ੍ਰਸ਼ਾਦਿ, ਪੀਲੇ ਰੰਗ ਦੇ ਚਾਵਲ (ਮਿੱਠੇ) ਬਣਾਏ ਜਾਂਦੇ ਹਨ। ਹਰ ਸ਼ਹਿਰ, ਨਗਰ, ਪਿੰਡ ਵਿਚ ਮੇਲੇ ਲਗਦੇ ਹਨ। ਬਸੰਤ ਹਾਸਿਆਂ-ਖੇੜਿਆਂ ਦਾ ਸੰਦੇਸ਼ ਦਿੰਦੀ ਹੈ। ਪ੍ਰਫੁਲਤਾ ਅਤੇ ਤਾਜ਼ਗੀ ਬਖ਼ਸ਼ਦੀ ਹੈ।
ਮਹਾਭਾਰਤ ਕਾਲ ਵਿਚ ਸ੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਕਿਹਾ ਸੀ, ‘ਮੈਂ ਰੁੱਤਾਂ ਵਿੱਚੋਂ ਰੁੱਤ ਬਸੰਤ ਹਾਂ।’ ਇਸ ਦਿਨ ਬੰਗਾਲ, ਆਸਾਮ ਅਤੇ ਬੰਗਲਾ ਦੇਸ਼ ਵਿਚ ਪੀਲੇ ਅਤੇ ਗੁਲਾਬੀ ਰੰਗ ਵਿਚ ਹੋਲੀ ਖੇਡੀ ਜਾਂਦੀ ਹੈ। ਬਸੰਤ ਪ੍ਰਦੂਸ਼ਣ ਦੂਰ ਕਰਦੀ ਹੈ, ਜੰਗਲ ਵਿਚ ਮੰਗਲ ਕਰਦੀ ਹੈ। ਸਰੀਰ ਨੂੰ ਊਰਜਾ, ਸਿਹਤ ਅਤੇ ਨਿਰੋਗਤਾ ਦੀ ਪ੍ਰਤੀਕ ਹੈ। ਖੁਸ਼ੀਆਂ ਹੀ ਖੁਸ਼ੀਆਂ ਦਾ ਸੰਦੇਸ਼ ਦਿੰਦੀ ਹੈ।
ਇਸ ਦਿਨ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਵੀ ਆਉਂਦਾ ਹੈ। ਖ਼ਾਸ ਕਰਕੇ ਵੀਰ ਹਕੀਕਤ ਰਾਇ ਦੀ ਸ਼ਹਾਦਤ, ਨਾਮਧਾਰੀ ਕੂਕਿਆਂ ਦੀ ਬਹਾਦਰੀ, ਜਰਨੈਲ ਸ਼ਾਮ ਸਿੰਘ ਅਟਾਰੀ ਦੀ ਸ਼ਹੀਦੀ ਆਦਿ ਘਟਨਾਵਾਂ ਅਤੇ ਸ਼ੁਭ ਕਾਰਜਾਂ ਦਾ ਜ਼ਿਕਰ ਆਉਂਦਾ ਹੈ। ਵੀਰ ਹਕੀਕਤ ਰਾਇ ਦਾ ਬਟਾਲਾ (ਗੁਰਦਾਸਪੁਰ) ਪੰਜਾਬ ਵਿਖੇ ਭਾਰੀ ਮੇਲਾ ਲਗਦਾ ਹੈ।
ਇਸ ਦਿਨ ਧਾਰਮਿਕ ਸਥਾਨਾਂ ਵਿਖੇ ਕੀਰਤਨ ਅਤੇ ਪ੍ਰਵਚਨਾਂ ਨਾਲ ਬਸੰਤ ਦੀ ਉਸਤਤ ਕੀਤੀ ਜਾਂਦੀ ਹੈ। ਖ਼ਾਸ ਕਰਕੇ ਸ੍ਰੀ ਦਰਬਾਰ ਸਾਹਿਬ (ਹਰਿਮੰਦਿਰ ਸਾਹਿਬ) ਅੰਮ੍ਰਿਤਸਰ ਵਿਖੇ ਸਾਰਾ ਦਿਨ ਬਸੰਤ ਦੀ ਉਸਤਤ ਵਿਚ ਸ਼ਬਦ ਗਾਇਨ ਕੀਤੇ ਜਾਂਦੇ ਹਨ।
ਬਸੰਤ ਰੁੱਤ ਸਭ ਰੁੱਤਾਂ ਦੀ ਸਰਵੋਤਮ ਰਾਣੀ ਹੈ। ਮਨੁੱਖਤਾ ਦੇ ਜੀਵਨ ਵਿਚ ਇਸ ਦੀ ਮਹਾਨਤਾ ਹਿਰਦੇ ਵਿਚ ਉਤਰਨ ਵਾਲੀ ਅਤੇ ਸ਼ੁੱਧਤਾ, ਸੁੰਦਰਤਾ, ਸ਼ਾਂਤੀ ਦੀ ਪ੍ਰਤੀਕ ਹੈ।
ੲੲੲ